ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਮਨਾਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਮਨਾਇਆ
Publish Date: Sun, 05 Jul 2026 08:20 PM (IST)
Updated Date: Mon, 06 Jul 2026 04:09 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਭਾਈ ਮਹਿੰਦਰਪਾਲ ਤੇ ਭਾਈ ਹਰਭੇਜ ਸਿੰਘ ਸਠਿਆਲਾ ਦੇ ਜੱਥਿਆਂ ਨੇ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਗਿਆਨੀ ਸਾਹਿਬ ਸਿੰਘ ਲੱਖਣਾ ਨੇ ਕਥਾ ਤੇ ਗੁਰਮਤਿ ਵਿਚਾਰਾਂ ਰਾਹੀਂ ਅੱਜ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸ੍ਰੀ ਸਹਿਜ ਪਾਠਾਂ ਦੀ ਚੱਲ ਰਹੀ ਲੜੀ ਤਹਿਤ ਸਵਰਨ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਪੁਆਏ ਗਏ। ਸੰਗਤੀ ਰੂਪ ’ਚ ਨੌਵੇਂ ਮਹੱਲੇ ਦੇ ਸਲੋਕਾਂ ਦਾ ਪਾਠ ਕੀਤਾ ਗਿਆ। ਉਪਰੰਤ ਪ੍ਰਧਾਨ ਗੁਰਕ੍ਰਿਪਾਲ ਸਿੰਘ ਤੇ ਬੇਅੰਤ ਸਿੰਘ ਸਰਹੱਦੀ ਨੇ ਵੀ ਸੰਗਤ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਉਸ ਸਮੇਂ ਦੇ ਹਾਲਾਤ ਮੁਤਾਬਕ ਦਿੱਲੀ ਦੇ ਤਖ਼ਤ ਦੇ ਬਰਾਬਰ ਇਕ ਨਵਾਂ ਤਖ਼ਤ ਉਸਾਰਨਾ ਜ਼ਰੂਰੀ ਸਮਝਿਆ। ਜਿਸ ਦਾ ਨਾਮ ਅਕਾਲ ਤਖ਼ਤ ਭਾਵ ਅਕਾਲ ਪੁਰਖ ਦਾ ਤਖ਼ਤ ਰੱਖਿਆ। ਜਿਥੋਂ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਫ਼ੈਸਲੇ ਹੁੰਦੇ ਸਨ। ਅੱਜ ਦੇ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਨਾਲ ਅਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨੀਂਹ ਪੱਥਰ ਰੱਖਿਆ। ਇਹ ਪਾਵਨ ਤਖ਼ਤ ਦਿੱਲੀ ਦੇ ਤਖ਼ਤ ਤੋਂ 2 ਫੁੱਟ ਉੱਚਾ ਰੱਖਿਆ ਗਿਆ। ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਣ ਦੀ ਤਾਂ ਜੋ ਸਿੱਖ ਕੌਮ ਨੂੰ ਸਹੀ ਸੇਧ ਮਿਲ ਸਕੇ ਅਤੇ ਸਮੁੱਚੀ ਕੌਮ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਤੌਰ ਤੇ ਪ੍ਰਪੱਕ ਅਤੇ ਮਜ਼ਬੂਤ ਹੋ ਸਕੇ। ਸਮਾਗਮ ਵਿੱਚ ਵਿੱਚ ਪ੍ਰਧਾਨ ਗੁਰਕ੍ਰਿਪਾਲ ਸਿੰਘ ਬੇਅੰਤ ਸਿੰਘ ਸਰਹੱਦੀ, ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਗੁਰਮੀਤ ਸਿੰਘ, ਇੰਦਰਪਾਲ ਸਿੰਘ, ਗੁਰਜੀਤ ਸਿੰਘ ਪੋਪਲੀ ਬਲਵੰਤ ਸਿੰਘ, ਹਰਬੰਸ ਸਿੰਘ, ਸਤਪਾਲ ਸਿੰਘ ਅਕਾਲੀ ਰਛਪਾਲ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ।