- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੇ ਸੀਜ਼ਨ ਨੂੰ ਲੈ ਕੇ ਕੰਟਰੋਲ ਰੂਮ ਤਿਆਰ, ਫਾਲਟ ਆਉਣ 'ਤੇ ਕਿਸਾਨ ਖਪਤਕਾਰ ਕਰ ਸਕਣਗੇ ਸ਼ਿਕਾਇਤ

-ਨੁਕਸ ਆਉਣ 'ਤੇ ਕਿਸਾਨ ਖ਼ਪਤਕਾਰ 24 ਘੰਟੇ ਦਰਜ ਕਰ ਸਕਣਗੇ ਸ਼ਿਕਾਇਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਝੋਨੇ ਦੇ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਪਾਵਰਕਾਮ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਖ਼ਪਤਕਾਰਾਂ ਦੀ ਸਹੂਲਤ ਲਈ ਪੈਡੀ ਕੰਟਰੋਲ ਰੂਮ ਸਥਾਪਤ ਕੀਤਾ ਹੈ ਤੇ ਵੱਖ-ਵੱਖ ਡਿਵੀਜ਼ਨਾਂ ਦੇ ਸੰਪਰਕ ਨੰਬਰ ਵੀ ਜਾਰੀ ਕੀਤੇ ਹਨ। ਪਾਵਰਕਾਮ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਸਿੰਗਲ ਗਰੁੱਪ ਤੇ ਡਬਲ ਗਰੁੱਪ ਸਬ-ਸਟੇਸ਼ਨਾਂ ਲਈ ਵੱਖ-ਵੱਖ ਸ਼ਡਿਊਲ ਜਾਰੀ ਕੀਤੇ ਹਨ। ਦੋ ਵੱਖਰੇ ਸ਼ਡਿਊਲ ਜਾਰੀ ਕਰਨ ਦਾ ਉਦੇਸ਼ ਸਬ-ਸਟੇਸ਼ਨਾਂ 'ਤੇ ਲੋਡ ਦਾ ਦਬਾਅ ਘਟਾਉਣਾ ਹੈ, ਤਾਂ ਜੋ ਲੋੜ ਪੈਣ 'ਤੇ ਇਕ ਫੀਡਰ ਬੰਦ ਕਰਕੇ ਦੂਜੇ ਸਬ-ਸਟੇਸ਼ਨ ਤੋਂ ਬਿਜਲੀ ਸਪਲਾਈ ਦਿੱਤੀ ਜਾ ਸਕੇ। ਜੇਕਰ ਕਿਸੇ ਤਰ੍ਹਾਂ ਦਾ ਨੁਕਸ ਪੈ ਜਾਂਦਾ ਹੈ ਤਾਂ ਖਪਤਕਾਰ ਆਪਣੇ ਸਬੰਧਿਤ ਡਿਵੀਜ਼ਨ ਦੇ ਮੋਬਾਈਲ ਨੰਬਰ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪਾਵਰਕਾਮ ਅਨੁਸਾਰ ਝੋਨੇ ਦੇ ਸੀਜ਼ਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਫੀਡਰਾਂ ਦੀ ਮੁਰੰਮਤ ਦੇ ਨਾਲ-ਨਾਲ ਵੱਖ-ਵੱਖ ਟਰਾਂਸਫਾਰਮਰਾਂ ਨੂੰ ਡੀ-ਲੋਡ ਵੀ ਕੀਤਾ ਹੈ। ਝੋਨੇ ਦੇ ਸੀਜ਼ਨ ਨੂੰ ਦੇਖਦਿਆਂ 2,000 ਤੋਂ ਵੱਧ ਟਰਾਂਸਫਾਰਮਰਾਂ ਨੂੰ ਡੀ-ਲੋਡ ਕੀਤਾ ਜਾ ਚੁੱਕਾ ਹੈ।
-ਝੋਨੇ ਦੇ ਸੀਜ਼ਨ ਲਈ ਪਾਵਰਕਾਮ ਵੱਲੋਂ ਸ਼ਡਿਊਲ ਜਾਰੀ
ਪੈਡੀ ਸੀਜ਼ਨ ਲਈ ਸਿੰਗਲ ਗਰੁੱਪ ਸਬ-ਸਟੇਸ਼ਨਾਂ ਤੋਂ ਸਵੇਰੇ 7:30 ਵਜੇ ਤੋਂ ਦੁਪਹਿਰੇ 3:30 ਵਜੇ ਤੱਕ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। 66 ਕੇਵੀ ਫੋਕਲ ਪੁਆਇੰਟ-1 ਤੇ 2, ਟਾਂਡਾ ਰੋਡ, ਲੈਦਰ ਕੰਪਲੈਕਸ, ਮਕਸੂਦਪੁਰ, ਸਪੋਰਟਸ ਐਂਡ ਸਰਜੀਕਲ ਕੰਪਲੈਕਸ, ਬੜਿੰਗ, ਕੋਟ ਸਾਦਿਕ, ਸਰਹਾਲੀ ਅਤੇ 132 ਕੇਵੀ ਕਾਹਨਪੁਰ ਸਬ-ਸਟੇਸ਼ਨ ਸ਼ਾਮਲ ਹਨ। ਇਸੇ ਤਰ੍ਹਾਂ ਡਬਲ ਗਰੁੱਪ ਸਬ-ਸਟੇਸ਼ਨਾਂ ਤੋਂ ਕਿਸਾਨਾਂ ਨੂੰ ਸਵੇਰੇ 4:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਵਿੱਚ 66 ਕੇਵੀ ਚੇਹੜੂ, ਦੌਲਤਪੁਰ, ਦਰੌਲੀ ਕਲਾਂ, ਹੁਸ਼ਿਆਰਪੁਰ ਰੋਡ, ਪਤਾਰਾ, ਆਦਮਪੁਰ, ਚਿੱਟੀ, ਜੀਟੀ ਰੋਡ ਤੇ 132 ਕੇਵੀ ਫਗਵਾੜਾ, 220 ਕੇਵੀ ਜਮਸ਼ੇਰ, ਅਲਾਵਲਪੁਰ ਅਤੇ ਬਾਦਸ਼ਾਹਪੁਰ ਸਬ-ਸਟੇਸ਼ਨ ਸ਼ਾਮਲ ਹਨ।
-ਕਿਸਾਨ ਖਪਤਕਾਰ ਇਨ੍ਹਾਂ ਨੰਬਰਾਂ 'ਤੇ ਦਰਜ ਕਰਵਾ ਸਕਦੇ ਹਨ ਸ਼ਿਕਾਇਤ
ਬਿਜਲੀ ਸਪਲਾਈ ’ਚ ਰੁਕਾਵਟ ਜਾਂ ਕੋਈ ਵੀ ਨੁਕਸ ਪੈਣ 'ਤੇ ਕਿਸਾਨ ਖਪਤਕਾਰ ਹੇਠ ਲਿਖੇ ਨੰਬਰਾਂ ’ਤੇ 24 ਘੰਟੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ :
ਜਲੰਧਰ ਸਰਕਲ : 96461-21416
ਈਸਟ ਡਿਵੀਜ਼ਨ : 96466-95106
ਕੈਂਟ ਡਿਵੀਜ਼ਨ : 96461-14254
ਫਗਵਾੜਾ ਡਿਵੀਜ਼ਨ : 96461-14410
ਮਾਡਲ ਟਾਊਨ ਡਿਵੀਜ਼ਨ : 96461-16777
ਵੈਸਟ ਡਿਵੀਜ਼ਨ: 96461-14251
----ਕੋਟਸ----ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪੈਡੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕਿਸਾਨ ਖ਼ਪਤਕਾਰ ਡਿਵੀਜ਼ਨ ਪੱਧਰ 'ਤੇ ਜਾਰੀ ਨੰਬਰਾਂ 'ਤੇ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਗਰੁੱਪ-1 ਤੇ ਗਰੁੱਪ-2 ਸਬ-ਸਟੇਸ਼ਨਾਂ ਦਾ ਸ਼ਡਿਊਲ ਜਾਰੀ ਕਰਨ ਦਾ ਮਕਸਦ ਫੀਡਰਾਂ 'ਤੇ ਲੋਡ ਦਾ ਦਬਾਅ ਘਟਾਉਣਾ ਅਤੇ ਕਿਸੇ ਵੀ ਤਰ੍ਹਾਂ ਦੇ ਫਾਲਟ ਤੋਂ ਬਚਾਅ ਯਕੀਨੀ ਬਣਾਉਣਾ ਹੈ।