- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਚੈਂਪੀਅਨਸ਼ਿਪ ਲਈ ਸਟੇਡੀਅਮ ਦੀਆਂ ਫਲੱਡ ਲਾਈਟਾਂ ਦੀ ਉਸਾਰੀ ਸ਼ੁਰੂ

ਲਗਪਗ 14 ਕਰੋੜ ਰੁਪਏਨਾਲ ਹੋਵੇਗਾ ਨਵੀਨੀਕਰਨ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਆਉਣ ਵਾਲੇ ਦਿਨਾਂ ਵਿਚ ਪੰਜਾਬ ’ਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਨੂੰ ਲੈ ਕੇ ਚੰਡੀਗੜ੍ਹ ਅਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਖੇਡ ਵਿਭਾਗ ਵੱਲੋਂ ਇਸ ਕੰਮ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਸੁਰਜੀਤ ਸਟੇਡੀਅਮ ’ਚ ਫਲੱਡ ਲਾਈਟਾਂ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪੁਰਾਣੀਆਂ ਲਾਈਟਾਂ ਹਟਾ ਦਿੱਤੀਆਂ ਗਈਆਂ ਹਨ। ਹੁਣ ਨਵੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। ਸਟੇਡੀਅਮ ’ਚ ਵੱਖ-ਵੱਖ ਮੁਰੰਮਤ ਪ੍ਰੋਜੈਕਟ ਕੀਤੇ ਜਾਣੇ ਹਨ। ਹਰੇਕ ਪ੍ਰੋਜੈਕਟ ਲਈ ਟੈਂਡਰ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਕੰਮ ਪੰਜ ਦਿਨਾਂ ’ਚ ਸ਼ੁਰੂ ਹੋ ਜਾਵੇਗਾ। ਲੋਕ ਨਿਰਮਾਣ ਵਿਭਾਗ ਨੇ ਮੁਰੰਮਤ ਲਈ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤੇ ਹਨ। ਹਾਕੀ ਇੰਡੀਆ ਨੇ ਖੇਡ ਵਿਭਾਗ ਨੂੰ ਸਟੇਡੀਅਮ ਦੀਆਂ ਤਿਆਰੀਆਂ ਇਕ ਮਹੀਨਾ ਪਹਿਲਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ। ਹਾਕੀ ਇੰਡੀਆ ਨੂੰ 27 ਅਕਤੂਬਰ ਤੋਂ 5 ਨਵੰਬਰ ਵਿਚਾਲੇ ਮੈਚਾਂ ਦੀਆਂ ਤਰੀਕਾਂ ਮਿਲ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਭਾਰਤ-ਪਾਕਿਸਤਾਨ ਮੈਚ ਪਹਿਲੀ ਨਵੰਬਰ, ਪੰਜਾਬ ਦਿਵਸ ਨੂੰ ਸੁਰਜੀਤ ਹਾਕੀ ਸਟੇਡੀਅਮ ’ਚ ਹੋਵੇਗਾ। 28 ਮਈ ਨੂੰ ਮੁੱਖ ਮੰਤਰੀ ਨੇ ਸਟੇਡੀਅਮ ਦਾ ਨਿਰੀਖਣ ਕੀਤਾ ਤੇ ਉੱਥੇ ਅਭਿਆਸ ਕਰ ਰਹੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਹਾਕੀ ਇੰਡੀਆ ਦੇ ਉਪ ਪ੍ਰਧਾਨ ਅਤੇ ਹਾਕੀ ਪੰਜਾਬ ਦੇ ਨਿਤਿਨ ਕੋਹਲੀ ਵੀ ਮੌਜੂਦ ਸਨ।
---
ਹਾਕੀ ਇੰਡੀਆ ਨੇ ਖੇਡ ਵਿਭਾਗ ਨੂੰ ਸੌੰਪੀ ਰਿਪੋਰਟ
ਹਾਕੀ ਇੰਡੀਆ ਨੇ ਖੇਡ ਵਿਭਾਗ ਨੂੰ ਨਵੀਨੀਕਰਨ ਦੇ ਕੰਮ ਸਬੰਧੀ ਇਕ ਰਿਪੋਰਟ ਸੌਂਪੀ ਹੈ। ਚੇਜ਼ਿੰਗ ਰੂਮ, ਦਰਸ਼ਕ ਗੈਲਰੀ ਤੇ ਅੰਤਰਰਾਸ਼ਟਰੀ ਮਿਆਰ ਦੀਆਂ ਫਲੱਡ ਲਾਈਟਾਂ ਲਾਈਆਂ ਜਾਣੀਆਂ ਹਨ। ਵਿਭਾਗ ਦੇ ਅਨੁਮਾਨਾਂ ਅਨੁਸਾਰ ਨਵੀਨੀਕਰਨ ਦੇ ਕੰਮ 'ਤੇ ਲਗਪਗ 14 ਕਰੋੜ ਦੀ ਲਾਗਤ ਆਵੇਗੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਸਬੰਧੀ ਨਵੀਨੀਕਰਨ ਲਈ ਕਈ ਅਹਿਮ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
---
ਜਲੰਧਰ ਤੇ ਮੋਹਾਲੀ ’ਚ ਹੋਣਗੇ ਲੀਗ ਮੈਚ
ਚੈਂਪੀਅਨਸ਼ਿਪ ਲਈ ਲੀਗ ਮੈਚ ਜਲੰਧਰ ਤੇ ਮੋਹਾਲੀ ’ਚ ਹੋਣਗੇ। ਚੀਨ, ਕੋਰੀਆ, ਜਾਪਾਨ ਤੇ ਮਲੇਸ਼ੀਆ ਦੀਆਂ ਟੀਮਾਂ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਹੀਆਂ ਹਨ। ਉਦਘਾਟਨੀ ਤੇ ਸਮਾਪਤੀ ਸਮਾਗਮ ਮੋਹਾਲੀ ’ਚ ਹੋਣਗੇ। ਹਾਕੀ ਇੰਡੀਆ ਦੇ ਮੁਕਾਬਲੇ ਨਿਰਦੇਸ਼ਕ ਵਿਕਰਮ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਮੋਹਾਲੀ ਤੇ ਜਲੰਧਰ ਦਾ ਦੌਰਾ ਕਰਕੇ ਚੈਂਪੀਅਨਸ਼ਿਪ ਮੈਚਾਂ ਲਈ ਸਟੇਡੀਅਮਾਂ ਦਾ ਨਿਰੀਖਣ ਕੀਤਾ ਸੀ।
ਓਲੰਪੀਅਨ ਗੁਰਜੰਟ ਸਿੰਘ, ਸਹਾਇਕ ਨਿਰਦੇਸ਼ਕ ਖੇਡ ਵਿਭਾਗ ਨੇ ਕਿਹਾ ਕਿ ਨਿਰਮਾਣ ਕਾਰਜ ਪੰਜ ਦਿਨਾਂ ਦੇ ਅੰਦਰ ਸ਼ੁਰੂ ਹੋ ਜਾਵੇਗਾ। ਟੈਂਡਰ ਖੁੱਲ੍ਹਦਿਆਂ ਹੀ ਕੰਪਨੀ ਉਸਾਰੀ ਸ਼ੁਰੂ ਕਰ ਦੇਵੇਗੀ। ਵਿਭਾਗ ਚੈਂਪੀਅਨਸ਼ਿਪ ਲਈ ਤਿਆਰੀਆਂ ਵੀ ਕਰ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ’ਚ ਚੈਂਪੀਅਨਸ਼ਿਪ ਹੋ ਰਹੀ ਹੈ। ਹਾਕੀ ਪ੍ਰੇਮੀਆਂ ਨੂੰ ਸ਼ਾਨਦਾਰ ਮੈਚ ਦੇਖਣ ਨੂੰ ਮਿਲਣਗੇ। ਇਹ ਸਟੇਡੀਅਮ ਅੰਤਰਰਾਸ਼ਟਰੀ ਮਾਪਦੰਡਾਂ ਦੇ ਆਧਾਰ 'ਤੇ ਤਿਆਰ ਕੀਤੇ ਜਾ ਰਹੇ ਹਨ।
----
ਹਾਕੀ ਇੰਡੀਆ ਦੇ ਉਪ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਚੈਂਪੀਅਨਸ਼ਿਪ ਲਈ ਮੁਰੰਮਤ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਨਵੀਆਂ ਫਲੱਡ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਸਾਰੇ ਮੁਰੰਮਤ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਹਾਕੀ ਇੰਡੀਆ ਨੂੰ ਚੈਂਪੀਅਨਸ਼ਿਪ ਤੋਂ ਇੱਕ ਮਹੀਨਾ ਪਹਿਲਾਂ ਸਟੇਡੀਅਮ ਤਿਆਰ ਕਰਨ ਲਈ ਕਿਹਾ ਗਿਆ ਹੈ। ਕਈ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ।