ਮਾਵਾਂ ਧੀਆਂ ਸਤਿਕਾਰ ਸਕੀਮ ਦੇ ਪੋਸਟਰ ਪਾੜੇ, ਮਾਮਲਾ ਦਰਜ
ਪਿੰਡ ਸੰਘਵਾਲ ਵਿਖੇ ਆਂਗਨਵਾੜੀ ਸੈਂਟਰ ਤੇ ਕਾਂਗਰਸੀਆਂ ਵੱਲੋਂ ਮਾਵਾਂ
Publish Date: Mon, 15 Jun 2026 11:11 PM (IST)
Updated Date: Mon, 15 Jun 2026 11:12 PM (IST)

-ਆਂਗਨਵਾੜੀ ਸੈਂਟਰ ਨੂੰ ਜਬਰੀ ਗੇਟ ਲਾਉਣ ਦੀ ਕੀਤੀ ਕੋਸ਼ਿਸ਼ -ਪੰਚਾਇਤ ਵੱਲੋਂ ਕਾਰਵਾਈ ਸਬੰਧੀ ਐੱਸਐੱਸਪੀ ਨੂੰ ਫਰਿਆਦ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਸੰਘਵਾਲ ਵਿਖੇ ਪਿਛਲੇ ਦਿਨੀ ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਦੇ ਬਹੁਤ ਹੀ ਕਰੀਬੀ ਕਾਂਗਰਸੀ ਨੌਜਵਾਨਾਂ ਵੱਲੋਂ ਆਂਗਨਵਾੜੀ ਸੈਂਟਰ ਸੰਘਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਕੀਮ ਦੇ ਪੋਸਟਰ ਦਿੱਤੇ ਗਏ। ਇਸ ਕਾਰਨ ਆਂਗਨਵਾੜੀ ਵਰਕਰਾਂ ’ਚ ਬੇਚੈਨੀ ਪਾਈ ਜਾ ਰਹੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਆਂਗਨਵਾੜੀ ਨਵਜੀਤ ਕੌਰ ਵਰਕਰ ਨੇ ਦੱਸਿਆ ਕਿ ਪਿੰਡ ਵਿੱਚ ਦੋ ਆਂਗਨਵਾੜੀ ਸੈਂਟਰ ਚੱਲ ਰਹੇ ਹਨ ਇਕ ਸੈਂਟਰ ਜੋ ਪਿੰਡ ਦੇ ਚੜ੍ਹਦੇ ਪਾਸੇ ਹੈ ਉਹ ਇਕ ਧਰਮਸ਼ਾਲਾ ’ਚ ਚੱਲ ਰਿਹਾ ਹੈ। ਸਰਕਾਰ ਦੇ ਆਦੇਸ਼ਾਂ ਅਨੁਸਾਰ ਉਸ ਨੇ ਮਾਵਾਂ ਧੀਆਂ ਦੇ ਸਤਿਕਾਰ ਵਾਲੇ ਪੋਸਟਰ ਦੀਵਾਰ ਤੇ ਰੰਗ ਰੋਗਨ ਕਰਕੇ ਲਗਾਏ ਸਨ ਪ੍ਰੰਤੂ ਪਿੰਡ ਦੇ ਕਾਂਗਰਸੀ ਵਰਕਰਾਂ ਨੇ ਇਹ ਕਹਿ ਕੇ ਕੰਧਾਂ ਉੱਪਰ ਲੱਗੇ ਪੋਸਟਰਾਂ ’ਤੇ ਲਿਖਿਆ ਹੋਇਆ ਮਿਟਾ ਦਿੱਤਾ ਤੇ ਉਸ ਉੱਪਰ ਹੋਰ ਰੰਗ ਕਰ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਇਹ ਜਗ੍ਹਾ ਧਰਮਸ਼ਾਲਾ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਸੀ ਨਾ ਕਿ ਇਹ ਸਰਕਾਰੀ ਹੈ। ਇਸ ਘਟਨਾ ਦੀ ਸ਼ਿਕਾਇਤ ਪਹਿਲਾਂ ਪੁਲਿਸ ਚੌਕੀ ਕਿਸ਼ਨਗੜ੍ਹ ਤੇ ਬਾਅਦ ਵਿੱਚ ਥਾਣਾ ਕਰਤਾਰਪੁਰ ਦਿੱਤੀ ਗਈ ਸੀ। ਇਸ ਤਹਿਤ ਕਾਰਵਾਈ ਕਰਦਿਆਂ ਥਾਣਾ ਕਰਤਾਰਪੁਰ ’ਚ ਦਾਤਾਰ ਸਿੰਘ, ਨੰਬਰਦਾਰ ਜ਼ੋਰਾਵਰ ਸਿੰਘ ਪੁੱਤਰ ਮੇਜਰ ਸਿੰਘ, ਰਜੇਸ਼ ਕੁਮਾਰ ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਐੱਫਆਈਆਰ ਵੀ ਦਰਜ ਕੀਤੀ ਹੋਈ ਹੈ ਪ੍ਰੰਤੂ ਉਹ ਸ਼ਰ੍ਹੇਆਮ ਪਿੰਡ ’ਚ ਘੁੰਮ ਰਹੇ ਹਨ। ਇਸ ਤੋਂ ਇਲਾਵਾ ਉਕਤ ਵਿਅਕਤੀਆਂ ਨੇ ਆਂਗਨਵਾੜੀ ਸੈਂਟਰ ਦੇ ਬਾਹਰ ਇੱਕ ਵੱਡਾ ਗੇਟ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਕਹਿ ਰਹੇ ਪ੍ਰਾਪਰਟੀ ਸਾਡੀ ਆਪਣੀ ਹੈ। ਜਦਕਿ ਪਿੰਡ ਦੇ ਸਾਬਕਾ ਸਰਪੰਚ ਮਾਸਟਰ ਭਾਗਰਾਮ ਦੇ ਕਹਿਣ ਮੁਤਾਬਿਕ ਇਸ ਉਪਰ ਦੋ ਤਿੰਨ ਵਾਰੀ ਸਰਕਾਰੀ ਗ੍ਰਾਂਟਾਂ ਵੀ ਲੱਗੀਆਂ ਹੋਈਆਂ ਹਨ। ਉਕਤ ਕਾਂਗਰਸੀ ਵਿਅਕਤੀਆਂ ਨੇ ਆਂਗਨਬਾੜੀ ਸੈਂਟਰ ’ਚ ਲੱਗੇ ਬਿਜਲੀ ਦੇ ਮੀਟਰ ਦਾ ਕੁਨੈਕਸ਼ਨ ਵੀ ਕਟਵਾ ਦਿੱਤਾ ਤੇ ਉਨ੍ਹਾਂ ਵੱਲੋਂ ਨਵਾਂ ਕੁਨੈਕਸ਼ਨ ਲੈਣ ਤੇ ਮੀਟਰ ਲਗਾਉਣ ਆਏ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਸੀ। ਗੇਟ ਲਗਾਉਣ ਦੀ ਸ਼ਿਕਾਇਤ ਕਰਨ ’ਤੇ ਪੁਲਿਸ ਵਿਭਾਗ ਵੱਲੋਂ ਐਤਵਾਰ ਨੂੰ ਆਂਗਨਵਾੜੀ ਸੈਂਟਰ ’ਚ ਚੱਲ ਰਿਹੇ ਕੰਮ ਨੂੰ ਰੁਕਵਾ ਦਿੱਤਾ ਗਿਆ ਤੇ ਉਸ ਜਗ੍ਹਾ ’ਤੇ ਪੁਲਿਸ ਮੁਲਾਜ਼ਮ ਪੱਕੇ ਬਿਠਾ ਦਿੱਤੇ ਗਏ ਹਨ। ਪੀੜਤਾਂ ਨੇ ਦੱਸਿਆ ਕਿ ਪ੍ਰੰਤੂ ਪੁਲਿਸ ਦੀ ਇਸ ਪ੍ਰਤੀ ਹਾਲੇ ਵੀ ਢਿੱਲੀ ਕਾਰਗੁਜਾਰੀ ਹੈ। ਇਸ ਸਬੰਧੀ ਸੋਮਵਾਰ ਸਮੂਹ ਪੰਚਾਇਤ ਤੇ ਪਿੰਡ ਵਾਸੀ ਅਤੇ ਆਂਗਨਵਾੜੀ ਵਰਕਰ ਐੱਸਐੱਸਪੀ ਦਿਹਾਤੀ ਨੂੰ ਮਿਲੇ ਉਨ੍ਹਾਂ ਦੀ ਪੰਜਾਬ ਸਰਕਾਰ, ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਅਪੀਲ ਹੈ ਕਿ ਆਂਗਨਵਾੜੀ ਦੀ ਇਮਾਰਤ ਤੇ ਜਬਰੀ ਕਬਜ਼ਾ ਕਰਨ ਵਾਲੇ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਐੱਸਐੱਸਪੀ ਦਿਹਾਤੀ ਜਲੰਧਰ ਦਫਤਰ ਵਿਖੇ ਸ਼ਿਕਾਇਤ ਦੇਣ ਪਹੁੰਚੇ ਪਿੰਡ ਸੰਘਵਾਲ ਦੇ ਸਰਪੰਚ, ਸਾਬਕਾ ਸਰਪੰਚ, ਪੰਚ ਆਪ ਆਗੂ ਤੇ ਆਂਗਨਵਾੜੀ ਵਰਕਰ ਸਮੇਤ ਮੋਹਤਬਾਰ ਤੇ ਪਤਵੰਤੇ ਸੱਜਣਾਂ ਵੱਲੋਂ ਐੱਸਐੱਸਪੀ ਦਫਤਰ ਬਾਹਰ ਪੱਤਰਕਾਰਾਂ ਨੂੰ ਬੁਲਾ ਕੇ ਪ੍ਰੈੱਸ ਕਾਨਫਰਸ ਕੀਤੀ ਗਈ, ਜਿਸ ’ਚ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਗਿਆ।