ਸੀਵਰੇਜ ਪ੍ਰਬੰਧਾਂ ਸਬੰਧੀ ਸੜਕਾਂ ’ਤੇ ਪ੍ਰਦਰਸ਼ਨ ਦੀ ਚਿਤਾਵਨੀ
ਵੈਸਟ ਹਲਕੇ ’ਚ ਸੀਵਰੇਜ ਪ੍ਰਬੰਧਾਂ ਨੂੰ ਲੈ ਕੇ ਭੜਕੇ ਕਾਂਗਰਸੀ ਆਗੂ, ਸੜਕਾਂ ’ਤੇ ਉਤਰਣ ਦੀ ਦਿੱਤੀ ਚੇਤਾਵਨੀ
Publish Date: Mon, 22 Jun 2026 09:25 PM (IST)
Updated Date: Mon, 22 Jun 2026 09:27 PM (IST)

--ਕੌਂਸਲਰ ਪਵਨ ਕੁਮਾਰ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਨੂੰ ਮਿਲੇ ਪਾਰਟੀ ਆਗੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਤੇ ਕੌਂਸਲਰ ਪਵਨ ਕੁਮਾਰ ਨੇ ਵੈਸਟ ਹਲਕੇ ’ਚ ਸੀਵਰੇਜ ਜਾਮ ਅਤੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਮੌਨਸੂਨ ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਕੌਂਸਲਰ ਤਰਸੇਮ ਸਿੰਘ ਲਖੋਤਰਾ, ਨਿਰਮਲ ਕੁਮਾਰ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਬੌਬੀ ਸ਼ਰਮਾ, ਪੰਜਾਬ ਬ੍ਰਾਹਮਣ ਵੈੱਲਫੇਅਰ ਬੋਰਡ ਦੇ ਸਾਬਕਾ ਡਾਇਰੈਕਟਰ ਰਵੀਸ਼ ਰਾਜ ਸ਼ਰਮਾ ਸਮੇਤ ਹੋਰ ਆਗੂਆਂ ਨਾਲ ਨਿਗਮ ਕਮਿਸ਼ਨਰ ਨੂੰ ਮਿਲਣ ਪਹੁੰਚੇ ਪਵਨ ਕੁਮਾਰ ਨੇ ਕਿਹਾ ਕਿ ਵੈਸਟ ਹਲਕੇ ਦੇ ਕਈ ਇਲਾਕਿਆਂ ਵਿਚ ਸੀਵਰ ਜਾਮ, ਗੰਦੇ ਪਾਣੀ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਸਬੰਧੀ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਨੂ ਵਿਹਾਰ, ਵਾਰਡ ਨੰਬਰ 63 ਸਮੇਤ ਕਈ ਥਾਵਾਂ ’ਤੇ ਸੀਵਰੇਜ ਜਾਮ ਹੈ। ਗਲੀਆਂ ’ਚ ਗੰਦਾ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਬਦਬੂ ਤੇ ਬਿਮਾਰੀਆਂ ਫੈਲਣ ਦੇ ਖਤਰੇ ਵਿਚਾਲੇ ਰਹਿਣਾ ਪੈ ਰਿਹਾ ਹੈ। ਪਵਨ ਕੁਮਾਰ ਨੇ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਸ਼ਹਿਰ ’ਚ ਸੀਵਰੇਜ ਤੇ ਸੜਕਾਂ-ਗਲੀਆਂ ਦੀ ਸਫਾਈ ਹੋ ਜਾਣੀ ਚਾਹੀਦੀ ਹੈ, ਪਰ ਜਿਸ ਤਰ੍ਹਾਂ ਸੀਵਰੇਜ ਜਾਮ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਬਰਸਾਤ ਦੇ ਮੌਸਮ ’ਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਨਸੂਨ ਸਿਰ ’ਤੇ ਹੈ ਪਰ ਨਿਗਮ ਪ੍ਰਸ਼ਾਸਨ ਸੁੱਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਵੈਸਟ ਹਲਕੇ ਦੇ ਵਾਰਡਾਂ ਦਾ ਤੁਰੰਤ ਜੰਗੀ ਪੱਧਰ ’ਤੇ ਸਰਵੇ ਕਰਵਾਇਆ ਜਾਵੇ, ਜਾਮ ਸੀਵਰ ਵਾਲੇ ਇਲਾਕਿਆਂ ਦੀ ਪਛਾਣ ਕਰਕੇ ਫੌਰੀ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ। ਹਰ ਸਾਲ ਬਰਸਾਤ ਦੌਰਾਨ ਲੋਕਾਂ ਨੂੰ ਸੜਕਾਂ ’ਤੇ ਵਗਦੇ ਗੰਦੇ ਪਾਣੀ ਤੇ ਜਾਮ ਸੀਵਰਾਂ ਦੀ ਮਾਰ ਝੱਲਣੀ ਪੈਂਦੀ ਹੈ। ਵੈਸਟ ਹਲਕੇ ’ਚ ਲੰਬੇ ਸਮੇਂ ਤੋਂ ਸੀਵਰ ਓਵਰਫਲੋ ਦੀ ਸਮੱਸਿਆ ਬਣੀ ਹੋਈ ਹੈ। ਪਾਣੀ ਦੀ ਸਪਲਾਈ ਦੇ ਸਮੇਂ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਿਰਫ਼ ਭਰੋਸੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ। ਹੁਣ ਲੋਕ ਸਥਾਈ ਹੱਲ ਚਾਹੁੰਦੇ ਹਨ। ਕਾਂਗਰਸੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ’ਚ ਲੋਕਾਂ ਦਾ ਗੁੱਸਾ ਸੜਕਾਂ ‘ਤੇ ਨਜ਼ਰ ਆ ਸਕਦਾ ਹੈ। ਮੇਅਰ ਤੇ ਨਿਗਮ ਕਮਿਸ਼ਨਰ ਨੇ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸ ਆਗੂ ਕਰਨ ਵਰਮਾ, ਲਕਸ਼ਮਣ ਦਾਸ, ਬਿਸ਼ੰਭਰ ਭਗਤ, ਅਤੁਲ ਭਗਤ, ਜਸਵਿੰਦਰ ਲੱਡੂ, ਡੈਨੀ ਮਾਹੇ ਤੇ ਬਲਬੀਰ ਕਲੇਰ ਵੀ ਹਾਜ਼ਰ ਸਨ।