ਨਸ਼ਿਆਂ ਦਾ ਮੁਕੰਮਲ ਖ਼ਾਤਮਾ ਸਰਕਾਰ ਦੀ ਮੁੱਖ ਤਰਜੀਹ : ਮਹਿੰਦਰ ਭਗਤ
ਸੂਬੇ ’ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ : ਮਹਿੰਦਰ ਭਗਤ
Publish Date: Tue, 23 Jun 2026 08:23 PM (IST)
Updated Date: Tue, 23 Jun 2026 08:25 PM (IST)

ਨਸ਼ਿਆਂ ਦੇ ਖਾਤਮੇ ਲਈ ਕੀਤੇ ਰਹੇ ਯਤਨਾਂ ਦੀ ਕੀਤੀ ਸਮੀਖਿਆ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਨੂੰ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਜੰਗ ਪੂਰੀ ਦ੍ਰਿੜਤਾ ਨਾਲ ਜਾਰੀ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲਕਦਮੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਇਕ ਸਮੀਖਿਆ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਲੋਕ ਲਹਿਰ ਬਣ ਚੁੱਕੀ ਹੈ, ਜਿਸ ਵਿੱਚ ਹਰ ਵਰਗ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸ ਮੌਕੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਐੱਸਐੱਸਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ, ‘ਆਪ’ ਆਗੂ ਨਿਤਿਨ ਕੋਹਲੀ ਤੇ ਹਲਕਾ ਕੈਂਟ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਭਗਤ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ, ਜਿਸ ਨੂੰ ਲੈ ਕੇ ਸਰਕਾਰ ਨੇ ਨਸ਼ਿਆਂ ਖਿਲਾਫ਼ ਜੰਗ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਜਿਥੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਭੇਜਿਆ ਉਥੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦੇ ਮੁੜ ਵਸੇਬੇ ਲਈ ਠੋਸ ਉਪਰਾਲੇ ਕੀਤੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ, ਸਿੱਖਿਆ, ਰੁਜ਼ਗਾਰ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਾ ਵਿਰੋਧੀ ਮੁਹਿੰਮ ’ਚ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰ਼ਡ ਡਿਫੈਂਸ ਕਮੇਟੀਆਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਡਿਫੈਂਸ ਕਮੇਟੀ ਮੈਂਬਰ ਨਿਡਰ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਨਸ਼ਿਆਂ ਖਿਲਾਫ਼ ਹੋਰ ਤਗੜੇ ਹੋ ਕੇ ਲੜਨ ਦਾ ਸੱਦਾ ਦਿੱਤਾ। ਮੀਟਿੰਗ ਦੌਰਾਨ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ, ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਬਲਾਕ ਕੋਆਰਡੀਨੇਟਰਾਂ ਨਾਲ ਨਸ਼ਿਆਂ ਦੇ ਖਾਤਮੇ ਲਈ ਕੀਤੇ ਰਹੇ ਯਤਨਾਂ ਦੀ ਸਮੀਖਿਆ ਕੀਤੀ ਗਈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਐੱਸਐੱਸਪੀ ਜਲੰਧਰ ਦਿਹਾਤੀ ਵੱਲੋਂ ਨਸ਼ਿਆਂ ਖਿਲਾਫ਼ ਜ਼ਿਲ੍ਹਾ ਪੁਲਿਸ ਵੱਲੋਂ ਚੱਲ ਰਹੀ ਕਾਰਵਾਈ ਦੇ ਵੇਰਵੇ ਸਾਂਝੇ ਕੀਤੇ ਗਏ। ਏਡੀਸੀ (ਜਨਰਲ) ਅਮਨਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਨੇ ਹਰ ਚੁਣੌਤੀ ਦਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਨਸ਼ਿਆਂ ਰੂਪੀ ਅਲਾਮਤ ਨੂੰ ਵੀ ਜੜ੍ਹੋਂ ਖਤਮ ਕਰਕੇ ਵਿਕਾਸ ਤੇ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ। ਇਸ ਤੋਂ ਪਹਿਲਾਂ ਨਸ਼ਾ ਮੁਕਤੀ ਮੋਰਚਾ ਦੇ ਦੁਆਬਾ ਇੰਚਾਰਜ ਅਤਿਨ ਅਗਨੀਹੋਤਰੀ ਨੇ ਮੁੱਖ ਮਹਿਮਾਨ ਤੇ ਹੋਰਨਾਂ ਦਾ ਸਵਾਗਤ ਕੀਤਾ। ਇਸ ਮੌਕੇ ਐੱਸਡੀਐੱਮਜ਼ ਸ਼ੁਭੀ ਆਂਗਰਾ, ਲਾਲ ਵਿਸ਼ਵਾਸ ਬੈਂਸ, ਆਦਿਤਿਆ ਗੁਪਤਾ, ਦੀਪਕ ਭਾਟੀਆ ਤੇ ਸਿਮਰਜੀਤ ਸਿੰਘ, ਈਓ ਜੇਡੀਏ ਨਵਦੀਪ ਸਿੰਘ, ਸਿਵਲ ਸਰਜਨ ਡਾ. ਰਾਜੇਸ਼ ਗਰਗ ਤੋਂ ਇਲਾਵਾ ਜ਼ਿਲ੍ਹਾ ਕੋਆਰਡੀਨੇਟਰ ਜਲੰਧਰ (ਸ਼ਹਿਰੀ) ਸ਼ੈਂਕੀ ਭਗਤ, ਜ਼ਿਲ੍ਹਾ ਕੋਆਰਡੀਨੇਟਰ ਜਲੰਧਰ (ਦਿਹਾਤੀ) ਅਜੇ ਭੀਲ ਤੇ ਬਲਾਕ ਕੋਆਰਡੀਨੇਟਰ ਮੌਜੂਦ ਸਨ।