- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸਨਪ੍ਰੀਤ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਸਾਹਮਣੇ ਦੇਖ ਕੇ ਕੁਝ ਘਬਰਾਹਟ ਜ਼ਰੂਰ ਸੀ, ਪਰ ਉਨ੍ਹਾਂ ਦਾ ਪੂਰਾ ਧਿਆਨ ਪੱਗ ਨੂੰ ਬਿਲਕੁਲ ਸਹੀ ਢੰਗ ਨਾਲ ਸਜਾਉਣ 'ਤੇ ਸੀ। ਜਿਵੇਂ ਹੀ ਪ੍ਰਧਾਨ ਮੰਤਰੀ ਉਨ੍ਹਾਂ ਕੋਲ ਪਹੁੰਚੇ ਤਾਂ ਮੁਸਕਰਾਉਂਦੇ ਹੋਏ ਕਿਹਾ, ‘ਛੋਟੀ ਬੰਨ੍ਹਣਾ, ਪਿਛਲੀ ਵਾਰ ਤੋਂ ਵਧੀਆ ਬੰਨ੍ਹਣਾ।’

ਆਸ਼ੀਸ਼ ਤਿਵਾੜੀ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਨੂੰ ਹਰੇ ਰੰਗ ਦੀ ਸੈਮੀ ਸ਼ਾਹੀ ਪਟਿਆਲਾ ਪੱਗ ਬੰਨ੍ਹਣ ਵਾਲੇ ਜਲੰਧਰ ਦੇ ਸਨਪ੍ਰੀਤ ਸਿੰਘ ਨੇ ਇਸ ਪਲ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲਬਧੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਹ ਤੀਜੀ ਵਾਰ ਸੀ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਪੱਗ ਬੰਨ੍ਹਣ ਦਾ ਮੌਕਾ ਮਿਲਿਆ।
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸਨਪ੍ਰੀਤ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਸਾਹਮਣੇ ਦੇਖ ਕੇ ਕੁਝ ਘਬਰਾਹਟ ਜ਼ਰੂਰ ਸੀ, ਪਰ ਉਨ੍ਹਾਂ ਦਾ ਪੂਰਾ ਧਿਆਨ ਪੱਗ ਨੂੰ ਬਿਲਕੁਲ ਸਹੀ ਢੰਗ ਨਾਲ ਸਜਾਉਣ 'ਤੇ ਸੀ। ਜਿਵੇਂ ਹੀ ਪ੍ਰਧਾਨ ਮੰਤਰੀ ਉਨ੍ਹਾਂ ਕੋਲ ਪਹੁੰਚੇ ਤਾਂ ਮੁਸਕਰਾਉਂਦੇ ਹੋਏ ਕਿਹਾ, ‘ਛੋਟੀ ਬੰਨ੍ਹਣਾ, ਪਿਛਲੀ ਵਾਰ ਤੋਂ ਵਧੀਆ ਬੰਨ੍ਹਣਾ।’ ਇਹ ਸੁਣ ਕੇ ਉਨ੍ਹਾਂ ਦਾ ਆਤਮ-ਵਿਸ਼ਵਾਸ ਹੋਰ ਵਧ ਗਿਆ ਅਤੇ ਉਨ੍ਹਾਂ ਨੇ ਕਰੀਬ ਡੇਢ ਮਿੰਟ ਵਿੱਚ ਪੱਗ ਬੰਨ੍ਹ ਦਿੱਤੀ। ਪੱਗ ਬੰਨ੍ਹਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦਿਆਂ ਕਿਹਾ, ‘ਬਹੁਤ ਸੋਹਣੀ ਬੰਨ੍ਹੀ ਹੈ।’
ਸੈਂਟਰਲ ਟਾਊਨ ਦੇ ਰਹਿਣ ਵਾਲੇ ਸਨਪ੍ਰੀਤ ਨੇ ਦੱਸਿਆ ਕਿ ਇਸ ਵਾਰ ਪ੍ਰਧਾਨ ਮੰਤਰੀ ਨੂੰ ਛੇ ਮੀਟਰ ਲੰਬੀ ਸੈਮੀ ਸ਼ਾਹੀ ਪਟਿਆਲਾ ਪੱਗ ਬੰਨ੍ਹੀ ਗਈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਪੱਗ ਦਾ ਆਖਰੀ ਲੜ੍ਹ ਮੋਰਨੀ ਸਟਾਈਲ ਦੀ ਥਾਂ ਸਿੱਧਾ ਰੱਖਿਆ ਗਿਆ, ਜੋ ਕਾਫ਼ੀ ਖੂਬਸੂਰਤ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਕੁਝ ਸਮਾਂ ਗੱਲ ਕਰਨਾ ਚਾਹੁੰਦੇ ਸਨ, ਪਰ ਸਮਾਂ ਘੱਟ ਹੋਣ ਅਤੇ ਧਿਆਨ ਭਟਕਣ ਦੇ ਡਰ ਕਾਰਨ ਅਜਿਹਾ ਨਾ ਕਰ ਸਕੇ।
ਸਨਪ੍ਰੀਤ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪੀਏ ਨੇ ਇੱਕ ਦਿਨ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਕੇ ਹਰੇ ਰੰਗ ਦੀ ਪੱਗ ਲਿਆਉਣ ਲਈ ਕਿਹਾ ਸੀ। ਸੁਰੱਖਿਆ ਪ੍ਰਕਿਰਿਆ ਦੀ ਭੱਜ-ਦੌੜ ਵਿੱਚ ਉਹ ਪੱਗ ਹੇਠਾਂ ਬੰਨ੍ਹਿਆ ਜਾਣ ਵਾਲਾ ਪਟਕਾ ਲਿਆਉਣਾ ਭੁੱਲ ਗਏ ਸਨ, ਜਿਸ ਨੂੰ ਬਾਅਦ ਵਿੱਚ ਸਮੇਂ ਸਿਰ ਮੰਗਵਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਦੀ ਕੋਸ਼ਿਸ਼ ਨਾਲ ਉਨ੍ਹਾਂ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਪੱਗ ਬੰਨ੍ਹਣ ਦਾ ਮੌਕਾ ਮਿਲਿਆ ਸੀ। ਇਸ ਤੋਂ ਬਾਅਦ ਇਸ ਸਾਲ ਫਰਵਰੀ ਵਿੱਚ ਡੇਰਾ ਬੱਲਾਂ ਦੌਰੇ ਦੌਰਾਨ ਵੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕੇਸਰੀ ਪੱਗ ਬੰਨ੍ਹੀ ਸੀ। ਸਨਪ੍ਰੀਤ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਗ ਸਜਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਪਲ ਹਮੇਸ਼ਾ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਭ ਤੋਂ ਯਾਦਗਾਰ ਉਪਲਬਧੀਆਂ ਵਿੱਚ ਸ਼ਾਮਲ ਰਹੇਗਾ।