- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਕ ਛੋਟਾ ਮੁੱਦਾ ਹੈ। ਯੂਨੀਵਰਸਿਟੀ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਪਰ ਪੰਜਾਬ ਅਤੇ ਭਾਈਚਾਰੇ 'ਤੇ ਹਮਲਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਾਗਰਣ ਡਿਜੀਟਲ ਡੈਸਕ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) 'ਚ ਹੋਈ ਹਿੰਸਾ ਅਤੇ ਭੰਨਤੋੜ ਦੇ ਮਾਮਲੇ 'ਚ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪੂਰੀ ਘਟਨਾ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ।
ਡਾ. ਅਸ਼ੋਕ ਮਿੱਤਲ ਨੇ ਇਸ ਘਟਨਾ ਨੂੰ ਸਿਰਫ਼ ਇਕ ਸਿੱਖਿਆ ਸੰਸਥਾ ਤਕ ਸੀਮਤ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਤੇ ਹਮਲਾ ਨਹੀਂ ਹੈ, ਸਗੋਂ ਪੂਰੇ ਪੰਜਾਬ ਸੂਬੇ ਦੇ ਅਕਸ ਨੂੰ ਕੌਮਾਂਤਰੀ ਪੱਧਰ 'ਤੇ ਖ਼ਰਾਬ ਕਰਨ ਦੀ ਸਾਜ਼ਿਸ਼ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸੂਬੇ 'ਚ ਸਿੱਖਿਆ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ ਅਤੇ ਪੰਜਾਬ ਨੂੰ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਬਾਹਰੀ ਸੂਬਿਆਂ ਤੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਵਿਚਾਲੇ ਸੂਬੇ ਦੀ ਸੁਰੱਖਿਅਤ ਛਵੀ ਨੂੰ ਵੀ ਝਟਕਾ ਲੱਗਦਾ ਹੈ।
ਚਾਂਸਲਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਲਵਲੀ ਯੂਨੀਵਰਸਿਟੀ ਇੱਕ ਛੋਟਾ ਵਿਸ਼ਾ ਹੋ ਸਕਦਾ ਹੈ, ਪਰ ਪੰਜਾਬ ਦੀ ਸ਼ਾਂਤੀ, ਸਦਭਾਵਨਾ ਤੇ ਭਾਈਚਾਰੇ 'ਤੇ ਹਮਲਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਸਥਾ 'ਚ ਪੜ੍ਹ ਰਹੇ ਹਰ ਵਿਦਿਆਰਥੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੈ ਅਤੇ ਇਸ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਉਹ ਪੂਰੇ ਸਬੂਤਾਂ ਅਤੇ ਤੱਥਾਂ ਦੇ ਨਾਲ ਲੋਕਾਂ ਦੇ ਸਾਹਮਣੇ ਆ ਕੇ ਪੂਰੀ ਸੱਚਾਈ ਉਜਾਗਰ ਕਰਨਗੇ।