ਘਰ ’ਚ ਵੜ ਕੇ ਗੋਲ਼ੀਆਂ ਮਾਰਨ ਸਬੰਧੀ 5 ਖ਼ਿਲਾਫ਼ ਮਾਮਲਾ ਦਰਜ : ਡੀਐੱਸਪੀ
ਘਰ ਅੰਦਰ ਦਾਖਲ ਹੋ ਕੇ ਔਰਤ ਨੂੰ ਗੋਲੀਆਂ ਮਾਰਨ ਸਬੰਧੀ 5 ਖਿਲਾਫ ਮਾਮਲਾ ਦਰਜ -ਡੀਐੱਸਪੀ
Publish Date: Thu, 18 Jun 2026 10:03 PM (IST)
Updated Date: Thu, 18 Jun 2026 10:06 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪਿੰਡ ਸੰਡਾਂਵਾਲ ਮੰਡ ਚ ਹਥਿਆਰਬੰਦਾਂ ਵਿਅਕਤੀਆਂ ਵਲੋਂ ਘਰ ਅੰਦਰ ਵੜ ਇੱਕ ਔਰਤ ਨੂੰ ਗੋਲੀਆਂ ਮਾਰਨ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਕੱਲ੍ਹ ਕਰੀਬ ਸ਼ਾਮ 4 ਵਜੇ ਪਿੰਡ ਸੰਡਾਂਵਾਲ ਮੰਡ ਵਿਖੇ ਫਾਇਰਿੰਗ ਦੀ ਇਕ ਘਟਨਾ ਵਾਪਰੀ ਸੀ, ਜਿਸ ’ਚ ਗੁਰਜੀਤ ਕੌਰ ਨਾਮਕ ਔਰਤ ਦੀ ਲੱਤ ਚ ਗੋਲ਼ੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਸ਼ਾਹਕੋਟ ’ਚ ਐੱਫਆਈਆਰ ਦਰਜ ਕਰਕੇ ਇਸ ਮਾਮਲੇ ਵਿਚ 2 ਮੁਲਜ਼ਮਾਂ ਰਾਜਨ ਤੇ ਜਸ਼ਨ ਸਮੇਤ 3 ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੈਂਬਰ ਬਚਨ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਰਹਿੰਦੇ ਕੁਝ ਨੌਜਵਾਨ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਤੇ ਸ਼ਰ੍ਹੇਆਮ ਘਰ ਦੇ ਬਾਹਰ ਨਸ਼ਾ ਵੇਚਦੇ ਸਨ। ਪਰਿਵਾਰ ਵੱਲੋਂ ਕਈ ਵਾਰ ਉਨ੍ਹਾਂ ਨੂੰ ਇਸ ਗਲਤ ਕੰਮ ਤੋਂ ਰੋਕਿਆ ਗਿਆ, ਜਿਸ ਕਾਰਨ ਉਕਤ ਨੌਜਵਾਨਾਂ ਨੇ ਪਰਿਵਾਰ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਬੁੱਧਵਾਰ ਵਾਪਰੀ ਖੌਫਨਾਕ ਘਟਨਾ ਬਾਰੇ ਬਚਨ ਕੌਰ ਨੇ ਦੱਸਿਆ ਕਿ ਜਦੋਂ ਸਾਰਾ ਪਰਿਵਾਰ ਘਰ ’ਚ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨਕਾਬਪੋਸ਼ ਨੌਜਵਾਨ ਉਨ੍ਹਾਂ ਦੇ ਘਰ ਬਾਹਰ ਪੁੱਜੇ। ਇਨ੍ਹਾਂ ਵਿੱਚੋਂ ਦੋ ਹਥਿਆਰਬੰਦ ਨੌਜਵਾਨ ਮੂੰਹ-ਕੱਪੜੇ ਨਾਲ ਢੱਕ ਕੇ ਪਿਸਤੌਲ ਸਹਿਤ ਘਰ ਅੰਦਰ ਦਾਖਲ ਹੋ ਗਏ, ਜਦਕਿ ਤੀਜਾ ਸਾਥੀ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਰਿਹਾ। ਘਰ ਦੇ ਅੰਦਰ ਵੜਦਿਆਂ ਹੀ ਹਮਲਾਵਰਾਂ ਨੇ ਪਰਿਵਾਰਕ ਮੈਂਬਰਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਰਸੋਈ ਵਿੱਚ ਕੰਮ ਕਰ ਰਹੀ ਉਨ੍ਹਾਂ ਦੀ ਲੜਕੀ ਗੁਰਜੀਤ ਕੌਰ (30) ਪਤਨੀ ਕੁਲਵੰਤ ਸਿੰਘ, ਜੋ ਰਾਮਪੁਰ (ਸ਼ਾਹਕੋਟ) ’ਚ ਰਹਿੰਦੀ ਹੈ ਤੇ ਪੇਕੇ ਆਈ ਹੋਈ ਸੀ, ਜਦੋਂ ਭੱਜ ਕੇ ਬਾਹਰ ਆਈ ਤਾਂ ਹਮਲਾਵਰਾਂ ਨੇ ਉਸ ਤੇ ਸਿੱਧੀ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਬ-ਇੰਸਪੈਕਟਰ ਪਰਜਿੰਦਰ ਕੌਰ ਨੇ ਦੱਸਿਆ ਕਿ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰਕੇ ਗੋਲ਼ੀ ਦਾ ਖੋਲ ਕਬਜ਼ੇ ਵਿੱਚ ਲਿਆ ਹੈ। ਮੁੱਢਲੀ ਜਾਂਚ ਦੇ ਆਧਾਰ ਤੇ ਪੁਲਿਸ ਵੱਲੋਂ ਦੋ ਮੁਲਜ਼ਮਾਂ ਰਾਜਨ ਤੇ ਜਸ਼ਨ (ਦੋਵੇਂ ਵਾਸੀ ਪਿੰਡ ਸੰਡਾਂਵਾਲ) ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।