
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਓਧਰ ਦੂਜੇ ਪਾਸੇ ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਕੰਟੀਨ ਦੇ ਠੇਕੇ ਦੀਆਂ ਸ਼ਰਤਾਂ ’ਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਠੇਕੇਦਾਰ ਕੰਟੀਨ ਜਾਂ ਇਸ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਹੋਰ ਵਿਅਕਤੀ ਨੂੰ ਸਬਲੈਟ ਨਹੀਂ ਕਰ ਸਕਦਾ। ਇਸ ਦੇ ਬਾਵਜੂਦ ਜੇਕਰ ਕੰਟੀਨ ਅੱਗੇ ਦਿੱਤੀਆਂ ਗਈਆਂ ਹਨ ਤਾਂ ਸਵਾਲ ਉੱਠਦਾ ਹੈ ਕਿ ਆਖ਼ਰ ਇਹ ਸਭ ਕਿਸ ਦੀ ਜਾਣਕਾਰੀ ’ਚ ਹੋ ਰਿਹਾ ਹੈ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਡੀਸੀ ਕੰਪਲੈਕਸ ’ਚ ਕੰਟੀਨ ਦੇ ਸੰਚਾਲਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਦੋਸ਼ ਹੈ ਕਿ ਕੰਟੀਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਠੇਕਾ ਹਾਸਲ ਕਰਨ ਤੋਂ ਬਾਅਦ ਕੰਪਲੈਕਸ ਦੀਆਂ ਵੱਖ-ਵੱਖ ਕੰਟੀਨ ਨੂੰ ਅੱਗੇ ਸਬਲੈਟ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕੰਪਲੈਕਸ ’ਚ ਡਿਪਟੀ ਕਮਿਸ਼ਨਰ ਤੋਂ ਲੈ ਕੇ ਜ਼ਿਲ੍ਹੇ ਦੇ ਕਈ ਵੱਡੇ ਅਧਿਕਾਰੀ ਰੋਜ਼ਾਨਾ ਬੈਠਦੇ ਹਨ, ਉੱਥੇ ਹੀ ਕਥਿਤ ਤੌਰ ’ਤੇ ਠੇਕੇ ਦੀਆਂ ਸ਼ਰਤਾਂ ਨੂੰ ਛਿੱਕੇ ’ਤੇ ਟੰਗ ਕੇ ਕੰਟੀਨ ਦੂਜੇ ਲੋਕਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਓਧਰ ਦੂਜੇ ਪਾਸੇ ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਕੰਟੀਨ ਦੇ ਠੇਕੇ ਦੀਆਂ ਸ਼ਰਤਾਂ ’ਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਠੇਕੇਦਾਰ ਕੰਟੀਨ ਜਾਂ ਇਸ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਹੋਰ ਵਿਅਕਤੀ ਨੂੰ ਸਬਲੈਟ ਨਹੀਂ ਕਰ ਸਕਦਾ। ਇਸ ਦੇ ਬਾਵਜੂਦ ਜੇਕਰ ਕੰਟੀਨ ਅੱਗੇ ਦਿੱਤੀਆਂ ਗਈਆਂ ਹਨ ਤਾਂ ਸਵਾਲ ਉੱਠਦਾ ਹੈ ਕਿ ਆਖ਼ਰ ਇਹ ਸਭ ਕਿਸ ਦੀ ਜਾਣਕਾਰੀ ’ਚ ਹੋ ਰਿਹਾ ਹੈ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਡੀਸੀ ਦਫ਼ਤਰ ’ਚ ਹੀ ਨਿਯਮਾਂ ਨੂੰ ਠੇਂਗਾ
ਕੰਟੀਨ ਦੀ ਸਬਲੈਟਿੰਗ ਦਾ ਮਾਮਲਾ ਕੋਈ ਪਹਿਲਾ ਮਾਮਲਾ ਨਹੀਂ ਹੈ ਪਰ ਇਸ ਵਾਰ ਸਵਾਲ ਸਿਰਫ ਕੰਟੀਨ ਚਲਾਉਣ ਦਾ ਨਹੀਂ, ਸਗੋਂ ਸਰਕਾਰੀ ਕੰਪਲੈਕਸ ’ਚ ਠੇਕੇ ਦੀਆਂ ਸ਼ਰਤਾਂ ਤੇ ਪ੍ਰਸ਼ਾਸਨਿਕ ਨਿਯਮਾਂ ਦੀ ਪਾਲਣਾ ਦਾ ਹੈ। ਜੇਕਰ ਠੇਕੇਦਾਰ ਨੂੰ ਕੰਟੀਨ ਅੱਗੇ ਸਬਲੈਟ ਕਰਨ ਦੀ ਇਜਾਜ਼ਤ ਨਹੀਂ ਹੈ ਤਾਂ ਫਿਰ ਕੰਟੀਨ ’ਚ ਕੰਮ ਕਰਨ ਵਾਲੇ ਲੋਕ ਕਿਸ ਅਧਿਕਾਰ ਤਹਿਤ ਉੱਥੇ ਕਾਰੋਬਾਰ ਕਰ ਰਹੇ ਹਨ। ਕੀ ਸਬੰਧਤ ਵਿਭਾਗ ਵੱਲੋਂ ਮੌਕੇ ’ਤੇ ਜਾ ਕੇ ਇਹ ਜਾਂਚ ਕੀਤੀ ਗਈ ਕਿ ਕੰਟੀਨ ਅਸਲ ’ਚ ਠੇਕੇਦਾਰ ਖੁਦ ਚਲਾ ਰਿਹਾ ਹੈ ਜਾਂ ਕਿਸੇ ਹੋਰ ਵਿਅਕਤੀ ਦੇ ਹਵਾਲੇ ਕਰ ਚੁੱਕਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਠੇਕੇ ਦੀਆਂ ਸ਼ਰਤਾਂ ਦੀ ਉਲੰਘਣਾ ਹੋਈ ਹੈ ਤਾਂ ਹੁਣ ਤੱਕ ਠੇਕੇਦਾਰ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ।
ਡੀਟੀਓ ਦਫ਼ਤਰ ਨਾਲ ਲੱਗਦੀ ਕੰਟੀਨ ਹੋਈ ਖਾਲੀ
ਇਸੇ ਕੜੀ ਵਿੱਚ ਡੀਟੀਓ ਦਫਤਰ ਨਾਲ ਲੱਗਦੀ ਕੰਟੀਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੰਟੀਨ ਨੂੰ ਵੀ ਠੇਕੇਦਾਰ ਨੇ ਇੱਕ ਵਿਅਕਤੀ ਨੂੰ ਸਬਲੈਟ ਕੀਤਾ ਸੀ। ਹਾਲਾਂਕਿ ਕੁਝ ਹੀ ਦਿਨਾਂ ਬਾਅਦ ਉਕਤ ਵਿਅਕਤੀ ਨੇ ਕੰਟੀਨ ਚਲਾਉਣੀ ਛੱਡ ਦਿੱਤੀ। ਕੰਟੀਨ ਚਲਾਉਣ ਵਾਲੇ ਵਿਅਕਤੀ ਮੁਤਾਬਕ ਠੇਕੇਦਾਰ ਵੱਲੋਂ ਉਸ ਤੋਂ ਜਿੰਨੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ, ਉਹ ਕੰਟੀਨ ਦੀ ਆਮਦਨ ਦੇ ਹਿਸਾਬ ਨਾਲ ਪੂਰੀ ਕਰਨੀ ਸੰਭਵ ਨਹੀਂ ਸੀ। ਉਸ ਨੇ ਕੁਝ ਦਿਨ ਕੰਟੀਨ ਚਲਾ ਕੇ ਹਾਲਾਤ ਨੂੰ ਪਰਖਿਆ ਪਰ ਕਮਾਈ ਘੱਟ ਹੋਣ ਕਾਰਨ ਆਖਰਕਾਰ ਉਸ ਨੂੰ ਕੰਟੀਨ ਛੱਡਣੀ ਪਈ। ਕੰਟੀਨ ਸੰਚਾਲਕ ਦਾ ਦੋਸ਼ ਹੈ ਕਿ ਉਸ ਨੇ ਠੇਕੇਦਾਰ ਨੂੰ ਪੇਮੈਂਟ ਦੀ ਰਕਮ ਘਟਾਉਣ ਲਈ ਕਿਹਾ ਪਰ ਠੇਕੇਦਾਰ ਨੇ ਕਥਿਤ ਤੌਰ ’ਤੇ ਸਾਫ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਠੇਕੇਦਾਰ ਦਾ ਰਵੱਈਆ ਬੇਹੱਦ ਸਖਤ ਸੀ ਤੇ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਉਸ ਨੂੰ ਆਪਣੇ ਪੂਰੇ ਪੈਸੇ ਚਾਹੀਦੇ ਹਨ। ਕੰਟੀਨ ਸੰਚਾਲਕ ਮੁਤਾਬਕ ਜਦੋਂ ਘੱਟ ਕਮਾਈ ’ਚ ਠੇਕੇਦਾਰ ਦੀ ਮੰਗ ਪੂਰੀ ਕਰਨੀ ਸੰਭਵ ਨਾ ਰਹੀ ਤਾਂ ਆਖਿਰਕਾਰ ਉਸ ਨੂੰ ਕੰਟੀਨ ਛੱਡਣੀ ਪਈ।
ਜਿੱਥੇ ਨਿਯਮ ਬਣਦੇ ਹਨ, ਉੱਥੇ ਹੀ ਨਿਯਮਾਂ ਦੀ ਉਲੰਘਣਾ
ਇਹ ਮਾਮਲਾ ਸਿਰਫ਼ ਇੱਕ ਕੰਟੀਨ ਦੇ ਚਲਾਉਣ ਦਾ ਨਹੀਂ ਹੈ। ਸਵਾਲ ਉਸ ਪ੍ਰਸ਼ਾਸਨਿਕ ਕੰਪਲੈਕਸ ’ਤੇ ਹੈ ਜਿੱਥੇ ਆਮ ਲੋਕਾਂ ਤੋਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਂਦੀ ਹੈ ਪਰ ਉਸੇ ਸਰਕਾਰੀ ਕੰਪਲੈਕਸ ’ਚ ਜੇਕਰ ਠੇਕੇ ਦੀਆਂ ਸ਼ਰਤਾਂ ਦੀ ਕਥਿਤ ਉਲੰਘਣਾ ਹੋਵੇ ਤਾਂ ਉਸ ’ਤੇ ਕਾਰਵਾਈ ਕਿਉਂ ਨਹੀਂ ਹੁੰਦੀ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਸਿਰਫ ਕੰਟੀਨ ਦਾ ਮਸਲਾ ਮੰਨ ਕੇ ਨਜ਼ਰਅੰਦਾਜ਼ ਕਰਦਾ ਹੈ ਜਾਂ ਫਿਰ ਠੇਕੇ ਦੀਆਂ ਸ਼ਰਤਾਂ ਮੁਤਾਬਕ ਠੇਕੇਦਾਰ ਕੋਲੋਂ ਕੰਮ ਕਰਵਾਉਂਦਾ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਹੋਵੇਗੀ ਕਾਰਵਾਈ : ਰਾਕੇਸ਼ ਕੁਮਾਰ
ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਜ਼ਰੂਰ ਅਮਲ ’ਚ ਲਿਆਂਦੀ ਜਾਵੇਗੀ।