ਕੈਬਨਿਟ ਮੰਤਰੀ ਵੱਲੋਂ ਪ੍ਰਕਾਸ਼ ਉਤਸਵ ਤੋਂ ਪਹਿਲਾਂ ਸਤਿਗੁਰੂ ਕਬੀਰ ਚੌਕ ਦਾ ਉਦਘਾਟਨ
ਕੈਬਨਿਟ ਮੰਤਰੀ ਵੱਲੋਂ ਪ੍ਰਕਾਸ਼ ਉਤਸਵ ਤੋਂ ਪਹਿਲਾਂ ਸਤਿਗੁਰੂ ਕਬੀਰ ਚੌਂਕ ਦਾ ਉਦਘਾਟਨ
Publish Date: Fri, 26 Jun 2026 10:26 PM (IST)
Updated Date: Fri, 26 Jun 2026 10:28 PM (IST)

-ਪੰਜਾਬ ਸਰਕਾਰ ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ 29 ਜੂਨ ਨੂੰ ਰਾਜ ਪੱਧਰੀ ਸਮਾਗਮ ਕਰੇਗੀ : ਭਗਤ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਨੂੰ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਸਤਿਗੁਰੂ ਕਬੀਰ ਜੀ ਦੇ 628ਵੇਂ ਪ੍ਰਕਾਸ਼ ਉੱਤਸਵ ਸਮਾਗਮਾਂ ਤੋਂ ਪਹਿਲਾਂ ਨਕੋਦਰ ਰੋਡ ਤੇ ਸਤਿਗੁਰੂ ਕਬੀਰ ਚੌਕ ਦਾ ਨਵੀਨੀਕਰਨ ਉਪਰੰਤ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੀ ਇਤਿਹਾਸਕ ਅਤੇ ਧਾਰਮਿਕ ਸ਼ਖਸੀਅਤਾਂ ਦਾ ਸਨਮਾਨ ਕਰਨ ਪ੍ਰਤੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਪੰਜਾਬ ਸਰਕਾਰ ਨੇ ਸੱਭਿਆਚਾਰਕ ਸਥਾਨਾਂ ਨੂੰ ਬਿਹਤਰ ਬਣਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਸ ਸਾਲ ਦੀ ਸ਼ੁਰੂਆਤ ’ਚ ਸਤਿਗੁਰੂ ਰਵਿਦਾਸ ਜੀ ਨੂੰ ਸਮਰਪਿਤ ਚੌਕ ਦਾ ਉਦਘਾਟਨ ਉਨ੍ਹਾਂ ਦੇ ਪ੍ਰਕਾਸ਼ ਉਤਸਵ ਦੌਰਾਨ ਕੀਤਾ ਗਿਆ ਸੀ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁੱਭ ਮੌਕੇ ਤੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 29 ਜੂਨ ਦੀ ਸ਼ਾਮ ਨੂੰ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਭਾਰਗੋ ਨਗਰ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਰ ’ਚ ਹੋਵੇਗਾ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਕੰਠ ਕਲੇਰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਤੋਂ ਇਲਾਵਾ 27 ਜੂਨ ਨੂੰ ਭਾਰਗੋ ਨਗਰ ਦੇ ਸਤਿਗੁਰੂ ਕਬੀਰ ਮੁੱਖ ਮੰਦਰ ਤੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਵੀ ਸ਼ੁਰੂ ਹੋਵੇਗੀ। ਉਦਘਾਟਨ ਸਮਾਗਮ ’ਚ ਅਚਾਰੀਆ ਮਹੰਤ ਜਗਦੀਸ਼ ਦਾਸ ਜੀ ਤੇ ਪਾਠੀ ਰਾਮ ਲਾਲ ਸਮੇਤ ਵੱਖ ਵੱਖ ਮੰਦਰ ਕਮੇਟੀਆਂ ਦੇ ਮੈਂਬਰ, ਚੇਅਰਮੈਨ ਤੇ ਪ੍ਰਧਾਨ ਮੌਜੂਦ ਸਨ। ਕਬੀਰ ਮਹਾਰਾਜ ਜੀ ਦੇ ਸਾਂਝੀਵਾਲਤਾ ਤੇ ਆਪਸੀ ਪ੍ਰੇਮ ਭਾਈਚਾਰੇ ਦੇ ਸਦੀਵੀ ਸੰਦੇਸ਼ ਦਾ ਜ਼ਿਕਰ ਕਰਦਿਆਂ ਭਗਤ ਨੇ ਕਿਹਾ ਕਿ ਪੰਜਾਬ ਦੀ ਅਸਲ ਸੁੰਦਰਤਾ ਮਿਲ ਜੁਲ ਕੇ ਰਹਿਣ, ਆਪਸੀ ਭਾਈਚਾਰਕ ਸਾਂਝ ਤੇ ਅਜਿਹੇ ਸ਼ੁੱਭ ਸਮਾਗਮਾਂ ਨੂੰ ਸਾਰੇ ਲੋਕਾਂ ਵੱਲੋਂ ਸਮੂਹਿਕ ਤੌਰ ਤੇ ਮਨਾਉਣ ਦੀ ਅਮੀਰ ਵਿਰਾਸਤ ’ਚ ਹੈ। ਇਸ ਮੌਕੇ ‘ਆਪ’ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸ਼ੋਭਾ ਭਗਤ, ਸਾਬਕਾ ਕੌਂਸਲਰ ਓੰਕਾਰ ਰਾਜੀਵ ਟਿੱਕਾ, ਕੁਲਦੀਪ ਦੀਪੂ ਚੇਅਰਮੈਨ, ਕੌਂਸਲਰ ਅਜੇ ਬੱਬਲ, ਸਤਿਗੁਰੂ ਕਬੀਰ ਮੁੱਖ ਮੰਦਰ ਦੇ ਚੇਅਰਮੈਨ ਸਤੀਸ਼ ਬਿੱਲਾ, ਨਿਤਿਨ ਭਗਤ ਪੰਥ ਪ੍ਰਚਾਰਕ ਮਾਸਟਰ ਤੇਜਿੰਦਰ ਪਾਲ ਸਿੰਘ ਕੈਲੇ, ਰਜਿੰਦਰ ਕੁਮਾਰ ਜ਼ਿੰਦਾ ਹਾਜ਼ਰ ਸਨ।