ਕੈਬਨਿਟ ਮੰਤਰੀ ਤੇ ਮੇਅਰ ਨੇ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਕੈਬਨਿਟ ਮੰਤਰੀ ਤੇ ਮੇਅਰ ਨੇ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Wed, 24 Jun 2026 07:54 PM (IST)
Updated Date: Wed, 24 Jun 2026 07:58 PM (IST)

-ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਸਬੰਧੀ 27 ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ: ਸ਼੍ਰੋਮਣੀ ਸੰਤ ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਅਤੇ ਸ਼ਾਨਦਾਰ ਸ਼ੋਭਾ ਯਾਤਰਾ 27 ਜੂਨ ਨੂੰ ਸਤਿਗੁਰੂ ਕਬੀਰ ਮੁੱਖ ਕਬੀਰ ਮੰਦਰ ਭਾਰਗੋ ਨਗਰ ਤੋਂ ਕੱਢੀ ਜਾਵੇਗੀ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਜਲੰਧਰ ਦੇ ਮੇਅਰ ਵਿਨੀਤ ਧੀਰ, ਐੱਸ.ਈ ਨਰੇਸ਼ ਡੋਗਰਾ ਤੇ ਸਤਿਗੁਰੂ ਕਬੀਰ ਮੰਦਰ ਦੇ ਚੇਅਰਮੈਨ ਸਤੀਸ਼ ਬਿੱਲਾ, ਪ੍ਰਧਾਨ ਰਾਕੇਸ਼ ਭਗਤ ਵੱਲੋਂ ਸ਼ੋਭਾ ਯਾਤਰਾ ਦੇ ਨਿਰਧਾਰਤ ਰੂਟ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਅਧਿਕਾਰੀਆਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੱਖ-ਵੱਖ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਰੂਟ ਦੀ ਸਫ਼ਾਈ, ਰੋਸ਼ਨੀ ਪ੍ਰਬੰਧ, ਸੁਰੱਖਿਆ ਇੰਤਜ਼ਾਮ, ਟ੍ਰੈਫਿਕ ਕੰਟਰੋਲ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਭਾਈਚਾਰੇ, ਸਮਾਨਤਾ ਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਹਨ। ਪੰਜਾਬ ਸਰਕਾਰ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸ਼ੋਭਾ ਯਾਤਰਾ ਸਮਾਜ ’ਚ ਏਕਤਾ, ਪਿਆਰ ਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ੋਭਾ ਯਾਤਰਾ ਦੇ ਰੂਟ ਤੇ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਸਤਿਗੁਰੂ ਕਬੀਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ ਤੇ ਨਗਰ ਨਿਗਮ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਤੱਤਪਰ ਹੈ। ਸਤਿਗੁਰੂ ਕਬੀਰ ਮੁੱਖ ਮੰਦਰ ਦੇ ਚੇਅਰਮੈਨ ਸਤੀਸ਼ ਬਿੱਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ, ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਵੱਖ-ਵੱਖ ਆਕਰਸ਼ਕ ਝਾਕੀਆਂ ਸ਼ਾਮਲ ਹੋਣਗੀਆਂ। ਇਸ ਮੌਕੇ ਐੱਸਈ ਨਰੇਸ਼ ਡੌਗਰਾ, ਕੋਂਸਲਰ ਪਤੀ ਸੌਰਭ ਸੇਠ, ਸੁਦੇਸ਼ ਭਗਤ, ਡਾ. ਰਾਕੇਸ਼ ਕੁਮਾਰ (ਪ੍ਰਧਾਨ ਸਤਿਗੁਰੂ ਕਬੀਰ ਮੰਦਰ), ਐਕਸੀਅਨ ਸੁਖਵਿੰਦਰ ਸਿੰਘ, ਜੇਈ ਗੀਤਾਂਸ਼, ਜੇਈ ਹਰਿੰਦਰ ਸਿੰਘ, ਨਿਤਿਨ ਕੁਮਾਰ, ਉਮੇਸ਼ ਕੁਮਾਰ ਤੇ ਕੁਲਦੀਪ ਭਗਤ (ਗਗਨ), ਨਿਤਿਨ ਭਗਤ ਵੀ ਮੌਜੂਦ ਸਨ।