
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Buses Fitness : ਜਿਸ ਕਰਤਾਰ ਬੱਸ ਦੀ ਲਪੇਟ ’ਚ ਆ ਕੇ ਡਿਲਿਵਰੀ ਬੁਆਏ ਦੀ ਜਾਨ ਗਈ, ਉਸ ਦੀ ਫਿਟਨੈੱਸ ਵੀ ਐਕਸਪਾਇਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜੇਕਰ ਇਹ ਤੱਥ ਟਰਾਂਸਪੋਰਟ ਵਿਭਾਗ ਦੇ ਰਿਕਾਰਡ ਤੋਂ ਪੁਸ਼ਟੀ ਹੁੰਦਾ ਹੈ ਤਾਂ ਮਾਮਲਾ ਸਿਰਫ਼ ਸੜਕ ਹਾਦਸੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਸਿੱਧੇ ਤੌਰ ’ਤੇ ਸੜਕ ਸੁਰੱਖਿਆ ਤੇ ਵਿਭਾਗੀ ਨਿਗਰਾਨੀ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੀਆਂ ਸੜਕਾਂ ’ਤੇ ਦੌੜ ਰਹੀਆਂ ਨਿੱਜੀ ਬੱਸਾਂ ਦੀ ਫਿਟਨੈੱਸ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਦੋ ਦਿਨ ਪਹਿਲਾਂ ਅਲਾਸਕਾ ਚੌਕ ’ਚ ਇਕ ਡਲਿਵਰੀ ਬੁਆਏ ਦੀ ਨਿੱਜੀ ਕਰਤਾਰ ਬੱਸ ਦੀ ਲਪੇਟ ’ਚ ਆਉਣ ਕਾਰਨ ਮੌਤ ਤੋਂ ਬਾਅਦ ਹੁਣ ਇਹ ਸਵਾਲ ਚਰਚਾ ’ਚ ਹੈ ਕਿ ਕੀ ਸ਼ਹਿਰ ਦੀਆਂ ਸੜਕਾਂ ’ਤੇ ਅਜਿਹੀਆਂ ਬੱਸਾਂ ਵੀ ਦੌੜ ਰਹੀਆਂ ਹਨ, ਜਿਨ੍ਹਾਂ ਦੀ ਫਿਟਨੈੱਸ ਦੀ ਮਿਆਦ ਖਤਮ ਹੋ ਚੁੱਕੀ ਹੈ? ਮਿਲੀ ਜਾਣਕਾਰੀ ਮੁਤਾਬਕ, ਜਿਸ ਕਰਤਾਰ ਬੱਸ ਦੀ ਲਪੇਟ ’ਚ ਆ ਕੇ ਡਿਲਿਵਰੀ ਬੁਆਏ ਦੀ ਜਾਨ ਗਈ, ਉਸ ਦੀ ਫਿਟਨੈੱਸ ਵੀ ਐਕਸਪਾਇਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜੇਕਰ ਇਹ ਤੱਥ ਟਰਾਂਸਪੋਰਟ ਵਿਭਾਗ ਦੇ ਰਿਕਾਰਡ ਤੋਂ ਪੁਸ਼ਟੀ ਹੁੰਦਾ ਹੈ ਤਾਂ ਮਾਮਲਾ ਸਿਰਫ਼ ਸੜਕ ਹਾਦਸੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਸਿੱਧੇ ਤੌਰ ’ਤੇ ਸੜਕ ਸੁਰੱਖਿਆ ਤੇ ਵਿਭਾਗੀ ਨਿਗਰਾਨੀ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਸੜਕ ’ਤੇ ਸੈਂਕੜੇ ਯਾਤਰੀਆਂ ਨੂੰ ਲੈ ਕੇ ਚੱਲਣ ਵਾਲੀ ਬੱਸ ਲਈ ਫਿਟਨੈੱਸ ਸਰਟੀਫਿਕੇਟ ਮਹਿਜ਼ ਇਕ ਕਾਗਜ਼ੀ ਕਾਰਵਾਈ ਨਹੀਂ ਹੈ। ਪੰਜਾਬ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਮੁਤਾਬਕ ਜਨਤਕ ਸੇਵਾ ਵਾਲੇ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਜ਼ਰੂਰੀ ਹੈ। ਫਿਟਨੈੱਸ ਜਾਂਚ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਾਹਨ ਸੜਕ ’ਤੇ ਚਲਾਉਣ ਦੇ ਯੋਗ ਹੈ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਜੇਕਰ ਕਿਸੇ ਨਿੱਜੀ ਬੱਸ ਦੀ ਫਿਟਨੈੱਸ ਵਾਕਈ ਖਤਮ ਹੋ ਚੁੱਕੀ ਸੀ ਤਾਂ ਉਹ ਬੱਸ ਸੜਕ ’ਤੇ ਕਿਵੇਂ ਦੌੜ ਰਹੀ ਸੀ? ਕੀ ਉਸ ਦਾ ਰੂਟ ਪਰਮਿਟ ਵੈਧ ਸੀ? ਕੀ ਟੈਕਸ ਤੇ ਬੀਮਾ ਦਸਤਾਵੇਜ਼ ਪੂਰੇ ਸਨ? ਤੇ ਸਭ ਤੋਂ ਮਹੱਤਵਪੂਰਨ—ਕੀ ਬੱਸ ਦੀ ਫਿਟਨੈੱਸ ਦੀ ਜਾਂਚ ਲਈ ਟਰਾਂਸਪੋਰਟ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਗਈ ਸੀ?
ਇਹ ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਭਾਰਤ ਦੇ ਕੰਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਇਕ ਰਿਪੋਰਟ ’ਚ ਜਲੰਧਰ ਸਮੇਤ ਕੁਝ ਇਲਾਕਿਆਂ ’ਚ ਫਿਟਨੈੱਸ ਐਕਸਪਾਇਰ ਵਾਹਨਾਂ ਦੀ ਨਿਗਰਾਨੀ ’ਚ ਖਾਮੀਆਂ ਸਾਹਮਣੇ ਆਈਆਂ ਸਨ। ਰਿਪੋਰਟ ’ਚ ਜਲੰਧਰ ਨਾਲ ਸਬੰਧਤ 3,330 ਅਜਿਹੇ ਵਾਹਨਾਂ ਦਾ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਦੇ ਫਿਟਨੈੱਸ ਸਰਟੀਫਿਕੇਟ ਐਕਸਪਾਇਰ ਪਾਏ ਗਏ ਸਨ। ਆਡਿਟ ’ਚ ਇਹ ਵੀ ਕਿਹਾ ਗਿਆ ਕਿ ਫਿਟਨੈੱਸ ਖਤਮ ਹੋਣ ਤੋਂ ਬਾਅਦ ਵਾਹਨ ਦੇ ਸੜਕ ’ਤੇ ਚੱਲਣ ਨਾਲ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੁੰਦਾ ਹੈ। ਹੁਣ ਅਲਾਸਕਾ ਚੌਕ ਦੀ ਘਟਨਾ ਤੋਂ ਬਾਅਦ ਇਹ ਸਵਾਲ ਹੋਰ ਵੀ ਅਹਿਮ ਹੋ ਗਿਆ ਹੈ ਕਿ ਜਲੰਧਰ ’ਚ ਨਿੱਜੀ ਬੱਸਾਂ ਦੀ ਫਿਟਨੈੱਸ ਦੀ ਜਾਂਚ ਅਸਲ ’ਚ ਕਿੰਨੀ ਸਖ਼ਤੀ ਨਾਲ ਕੀਤੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੂੰ ਜਲੰਧਰ ਦੀਆਂ ਸਾਰੀਆਂ ਨਿੱਜੀ ਬੱਸਾਂ ਦੀ ਫਿਟਨੈੱਸ, ਰੂਟ ਪਰਮਿਟ, ਟੈਕਸ, ਬੀਮਾ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਵਿਸ਼ੇਸ਼ ਜਾਂਚ ਕਰਨੀ ਚਾਹੀਦੀ ਹੈ। ਖ਼ਾਸ ਕਰਕੇ ਉਨ੍ਹਾਂ ਬੱਸਾਂ ਦੀ ਜਾਂਚ ਜ਼ਰੂਰੀ ਹੈ ਜੋ ਰੋਜ਼ਾਨਾ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੇ ਪ੍ਰਮੁੱਖ ਚੌਕਾਂ ’ਚੋਂ ਲੰਘਦੀਆਂ ਹਨ। ਵਿਭਾਗ ਦੀ ਜ਼ਿੰਮੇਵਾਰੀ ਸਿਰਫ਼ ਦਸਤਾਵੇਜ਼ ਜਾਰੀ ਕਰਨ ਤੱਕ ਸੀਮਤ ਨਹੀਂ ਹੋ ਸਕਦੀ। ਸੜਕ ’ਤੇ ਚੱਲ ਰਹੇ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਫਿਟਨੈੱਸ ਦੀ ਨਿਗਰਾਨੀ ਵੀ ਓਨੀ ਹੀ ਜ਼ਰੂਰੀ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਜੇਕਰ ਫਿਟਨੈੱਸ ਐਕਸਪਾਇਰ ਵਾਹਨ ਸੜਕ ’ਤੇ ਦੌੜਦਾ ਮਿਲਿਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਬੱਸ ਮਾਲਕ ਜਾਂ ਡਰਾਈਵਰ ਜਾਂ ਫਿਰ ਉਹ ਸਿਸਟਮ, ਜਿਸ ਦੀ ਨਿਗਰਾਨੀ ਹੇਠ ਅਜਿਹੇ ਵਾਹਨ ਸੜਕਾਂ ’ਤੇ ਉਤਰਦੇ ਹਨ। ਅਲਾਸਕਾ ਚੌਕ ਹਾਦਸੇ ’ਚ ਇਕ ਪਰਿਵਾਰ ਨੇ ਆਪਣਾ ਮੈਂਬਰ ਗੁਆ ਦਿੱਤਾ। ਹੁਣ ਲੋੜ ਇਸ ਗੱਲ ਦੀ ਹੈ ਕਿ ਹਾਦਸੇ ਤੋਂ ਬਾਅਦ ਸਿਰਫ਼ ਕਾਰਵਾਈ ਦਾ ਦਾਅਵਾ ਨਾ ਕੀਤਾ ਜਾਵੇ, ਸਗੋਂ ਇਹ ਵੀ ਸਾਹਮਣੇ ਆਵੇ ਕਿ ਸਬੰਧਤ ਬੱਸ ਦੀ ਫਿਟਨੈੱਸ ਕਦੋਂ ਤੱਕ ਵੈਧ ਸੀ, ਕਿਸ ਤਾਰੀਖ਼ ਨੂੰ ਐਕਸਪਾਇਰ ਹੋਈ ਤੇ ਉਸ ਤੋਂ ਬਾਅਦ ਉਸ ਨੂੰ ਸੜਕ ’ਤੇ ਚੱਲਣ ਦੀ ਇਜਾਜ਼ਤ ਕਿਵੇਂ ਮਿਲੀ?
8 ਸਾਲ ਤੱਕ ਪੁਰਾਣਾ ਟਰਾਂਸਪੋਰਟ ਵਾਹਨ: ਫਿਟਨੈੱਸ ਆਮ ਤੌਰ ’ਤੇ 2 ਸਾਲ ਲਈ ਹੁੰਦੀ ਹੈ।8 ਤੋਂ 15 ਸਾਲ ਤੱਕ ਪੁਰਾਣਾ ਵਾਹਨ: ਫਿਟਨੈੱਸ ਹਰ 1 ਸਾਲ ਬਾਅਦ ਕਰਵਾਉਣੀ ਪੈਂਦੀ ਹੈ।15 ਸਾਲ ਤੋਂ ਵੱਧ ਪੁਰਾਣਾ ਟਰਾਂਸਪੋਰਟ ਵਾਹਨ: ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਨ ਹਰ 6 ਮਹੀਨੇ ਬਾਅਦ ਕਰਵਾਉਣਾ ਪੈਂਦਾ ਹੈ।ਬੱਸ ਦੀ ਆਖਰੀ ਫਿਟਨੈੱਸ ਕਦੋਂ ਹੋਈ ਸੀ?ਹਾਦਸੇ ਵਾਲੇ ਦਿਨ ਉਸਦੀ ਫਿਟਨੈੱਸ ਵੈਧ ਸੀ ਜਾਂ ਨਹੀਂ?
ਭਾਜਪਾ ਦੇ ਸੀਨੀਅਰ ਆਗੂ ਕੇਡੀ ਭੰਡਾਰੀ ਨੇ ਕਿਹਾ ਕਿ ਕਰਤਾਰ ਬੱਸ ਨਾਲ ਵਾਪਰੇ ਹਾਦਸੇ ਨੇ ਬੱਸ ਮਾਲਕਾਂ ਤੇ ਸਬੰਧਤ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸ਼ਹਿਰ ਦੇ ਅੰਦਰ ਨੋ ਐਂਟਰੀ ਜ਼ੋਨ ’ਚ ਕਿਸੇ ਹੋਰ ਵਾਹਨ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ, ਪਰ ਸਿਰਫ਼ ਕਰਤਾਰ ਬੱਸਾਂ ਨੂੰ ਹੀ ਇੱਥੇ ਆਉਣ ਦੀ ਇਜਾਜ਼ਤ ਮਿਲੀ ਹੋਈ ਹੈ। ਭੰਡਾਰੀ ਨੇ ਕਿਹਾ ਕਿ ਹੁਣ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ ਤੇ ਜਲਦ ਹੀ ਇਨ੍ਹਾਂ ਬੱਸਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ।