- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਲਟਨ ਪਾਰਕ ਸਪੋਰਟਸ ਹੱਬ ਦਾ ਕੰਮ 50 ਫੀਸਦੀ ਹੋਇਆ ਪੂਰਾ, ਸੰਤਬਰ ਮਹੀਨੇ ਤਕ ਮੁਕੰਮਲ ਹੋਵੇਗਾ ਪ੍ਰਾਜੈਕਟ

77.77 ਕਰੋੜ ਦਾ ਹੈ ਸਪੋਰਟਸ ਹੱਬ ਦਾ ਪ੍ਰਾਜੈਕਟ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਸਮਾਰਟ ਸਿਟੀ ਕੰਪਨੀ ਵੱਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਜਿਹੜਾ ਪ੍ਰਾਜੈਕਟ ਸ਼ੁਰੂ ਕੀਤਾ ਹੋਇਆ ਹੈ, ਉਸ ਦੇ ਆਉਂਦੇ ਸਤੰਬਰ ਮਹੀਨੇ ਤਕ ਪੂਰਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਪ੍ਰਾਜੈਕਟ ਦੇ ਐਕਸੀਅਨ ਵਲੋਂ ਕਰਦੇ ਹੋਏ ਕਿਹਾ ਗਿਆ ਹੈ ਕਿ ਉਕਤ ਪ੍ਰਾਜੈਕਟ ਅਧੀਨ ਇਸ ਸਮੇ ਕ੍ਰਿਕਟ ਸਟੇਡੀਅਮ, ਵਾਲੀਬਾਲ, ਫੁਟਬਾਲ ਅਤੇ ਬੈਡਮਿੰਟਨ ਦੇ ਹਾਲ ਬਣ ਚੁੱਕੇ ਹਨ ਜਦੋਂਕਿ ਹਾਕੀ ਸਟੇਡੀਅਮ ਵਿਖੇ ਐਸਟਰੋਟਫ ਦਾ ਕੰਮ ਹੋ ਚੁੱਕਾ ਹੈ ਜਦਿਕ ਕਬੱਡੀ, ਜੁਡੋ ਵਾਲਾ ਹਾਲ ਦਾ ਕੰਮ ਬਾਕੀ ਰਹਿੰਦਾ ਹੈ। ਉਕਤ ਪ੍ਰਾਜੈਕਟ ਜਿਹੜਾ ਕਿ ਲਗਪਗ 500 ਕਰੋੜ ਰੁਪਏ ਦਾ ਸੀ ਤੇ ਹੌਲੀ ਹੌਲੀ ਇਹ ਪ੍ਰਾਜੈਕਟ ਛੋਟਾ ਹੁੰਦਾ ਗਿਆ ਅਤੇ ਇਥੇ ਇੰਟਰਨੈਸ਼ਨਲ ਕ੍ਰਿਕਟ ਮੈਚਾਂ ਲਈ ਉਥੇ 5 ਤਾਰਾ ਹੋਟਲ ਸਮੇਤ ਅਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਸਪੋਰਟਸ ਹੱਬ ਦਾ ਖਰੜਾ ਤਿਆਰ ਕੀਤਾ ਗਿਆ ਸੀ ਪਰ ਸਮਾਂ ਬੀਤ ਜਾਣ ਤੇ ਪੈਸੇ ਦੀ ਘਾਟ ਕਾਰਨ ਇਹ ਪ੍ਰਾਜੈਕਟ ਹੁਣ ਸਿਰਫ 77.77 ਕਰੋੜ ਦਾ ਰਹਿ ਗਿਆ ਹੈ।
ਲਗਪਗ 15 ਸਾਲ ਪਹਿਲਾਂ ਪ੍ਰਾਜੈਕਟ ਸ਼ੁਰੂ ਹੋਇਆ ਸੀ
ਉਕਤ ਸਪੋਰਟਸ ਹੱਬ ਪ੍ਰਾਜੈਕਟ ਲਗਪਗ 15 ਸਾਲ ਪਹਿਲਾਂ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂਕਿ ਉਸ ਸਮੇ ਭਾਜਪਾ ਤੇ ਅਕਾਲੀ ਦਲ ਗੱਠਜੋੜ ਦੇ ਮੇਅਰ ਰਾਕੇਸ਼ ਰਾਠੌਰ ਸਨ ਅਤੇ ਉਨ੍ਹਾਂ ਨੇ ਦਿਲਚਸਪੀ ਦਿਖਾਉਂਦੇ ਹੋਏ ਇਸ ਨੂੰ ਪ੍ਰਾਜੈਕਟ ਤੇਜ਼ੀ ਨਾਲ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਸਫਲਤਾ ਪੂਰਨ ਨੇਪਰੇ ਚਾੜ੍ਹਨ ਲਈ 500 ਕਰੋੜ ਤੋਂ ਵੱਧ ਦਾ ਪ੍ਰਾਜੈਕਟ ਤਾਂ ਬਨਾਇਆ ਸੀ ਅਤੇ ਪ੍ਰਾਜੈਕਟ ਦੇ ਪਾਸ ਹੁੰਦੇ ਹੀ ਉਨ੍ਹਾਂ ਨੇ ਬਰਲਟਨ ਪਾਰਕ ਦੇ ਕ੍ਰਿਕਟ ਸਟੇਡੀਅਮ ਨੂੰ ਸਪੋਰਟਸ ਹੱਬ ਬਨਾਉਣ ਲਈ ਉਸ ਨੂੰ ਤੁੜਵਾਉਣ ਦਾ ਕੰਮ ਸ਼ੁਰੂ ਕਰਾ ਦਿੱਤਾ ਤੇ ਸਟੇਡੀਅਮ ਬਨਾਉਣ ਲਈ ਹੈਦਰਾਬਾਦ ਤੋਂ ੳਹ ਕੰਸਲਟੈਂਟ ਬੁਲਾਏ ਸਨ, ਜਿਨ੍ਹਾਂ ਨੇ ਦਿੱਲੀ ਅਤੇ ਚੰਡੀਗੜ੍ਹ ਦੇ ਕ੍ਰਿਕਟ ਸਟੇਡੀਅਮ ਬਣਾਉਣ ਦਾ ਖਰੜਾ ਤਿਆਰ ਕੀਤਾ ਸੀ ਤੇ ਉਨ੍ਹਾਂ ਕੰਸਲਟੈਂਟਾਂ ਦੇ ਆਉਣ ਜਾਣ ਦਾ ਸਾਰਾ ਖਰਚ ਵੀ ਜਲੰਧਰ ਨਗਰ ਨਿਗਮ ਵਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਖਰੜੇ ਵੀ ਤਿਆਰ ਕੀਤੇ ਤੇ ਜਦੋਂ ਪੈਸੇ ਦੀ ਵਾਰੀ ਆਈ ਤਾਂ ਸਰਕਾਰ ਨੇ ਰਕਮ ਦੇਖ ਕੇ ਹੱਥ ਖੜ੍ਹੇ ਕਰ ਦਿੱਤੇ ਸਨ। ਫਿਰ ਨਗਰ ਨਿਗਮ ਨੇ ਫਾਈਨੈਂਸ ਕੰਪਨੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਵਿਆਜ਼ ਵਧੇਰੇ ਹੋਣ ਕਰਕੇ ਇਹ ਪ੍ਰਾਜੈਕਟ ਸਿਰੇ ਨਾ ਚੜ੍ਹ ਸਕਿਆ। ਇਸ ਦੌਰਾਨ ਉਨ੍ਹਾਂ ਦਾ 5 ਸਾਲ ਦਾ ਕਾਰਜਕਾਲ ਖਤਮ ਹੋ ਗਿਆ ਅਤੇ ਇਹ ਪ੍ਰਾਜੈਕਟ ਉਥੇ ਦਾ ਉਥੇ ਹੀ ਰਹਿ ਗਿਆ। ਇਸ ਮਗਰੋਂ ਨਗਰ ਨਿਗਮ ਮੇਅਰ ਸੁਨੀਲ ਜੋਤੀ ਬਣੇ ਤੇ ਉਨ੍ਹਾਂ ਨੇ ਵੀ ਇਸ ਪ੍ਰਾਜੈਕਟ ਪ੍ਰਤੀ ਵਧੇਰੇ ਦਿਲਚਸਪੀ ਦਿਖਾਈ ਸੀ ਤੇ ਉਨ੍ਹਾਂ ਦੇ ਬਾਅਦ ਜਗਦੀਸ਼ ਰਾਜਾ ਮੇਅਰ ਬਣੇ ਤਾਂ ਉਨ੍ਹਾਂ ਨੇ ਇਸ ਪ੍ਰਤੀ ਕੋਈ ਵਧੇਰੇ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਪ੍ਰਾਜੈਕਟ ਲਟਕ ਗਿਆ। ਹੁਣ ਜਦੋਂਕਿ ਵਨੀਤ ਧੀਰ ਮੇਅਰ ਬਣੇ ਤਾਂ ਉਨ੍ਹਾਂ ਨੇ ਦਿਲਚਸਪੀ ਦਿਖਾਉਂਦੇ ਹੋਏ ਇਸ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨ ਦੀ ਹਦਾਇਤ ਕੀਤੀ ਹੈ।
---
ਕੰਮ ’ਚ ਤੇਜ਼ੀ ਲਿਆਉਣ ਦੀ ਦਿੱਤੀਆਂ ਹਨ ਹਦਾਇਤਾਂ : ਐਕਸੀਅਨ
ਇਸ ਦੌਰਾਨ ਉਕਤ ਪ੍ਰਾਜੈਕਟ ਦੇ ਇੰਚਾਰਜ ਐਕਸੀਅਨ ਰਾਮ ਪਾਲ ਅਨੁਸਾਰ ਠੇਕਾ ਕੰਪਨੀ ਨੂੰ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ ਗਿਆ ਹੈ ਅਤੇ ਉਸ ਨੂੰ ਆਉਂਦੇ ਸਤੰਬਰ ਮਹੀਨੇ ’ਚ ਸਾਰਾ ਪ੍ਰਾਜੈਕਟ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਇਹ ਕੰਮ ਨਿਰਧਾਰਤ ਸਮੇਂ ’ਤੇ ਪੂਰਾ ਹੁੰਦਾ ਹੈ ਜਾਂ ਨਹੀਂ ਕਿਉਂਿਕ ਪ੍ਰਾਜੈਕਟ ਪਹਿਲਾਂ ਹੀ ਦੋ ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ।