- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਦੀ ਦਲਿਤ - ਪਛੜਾ ਨੀਤੀ ਦੇ ਵਿਰੋਧ ਵਿਚ ਬਸਪਾ ਸੂਬੇ ਭਰ ਵਿਚ 3 ਜੁਲਾਈ ਨੂੰ ਕਰੇਗੀ ਪ੍ਰਦਰਸ਼ਨ: ਡਾ ਕਰੀਮਪੁਰੀ

‘ਆਪ’ ਦੀ ਦਲਿਤ-ਪੱਛੜਾ ਨੀਤੀ ਖ਼ਿਲਾਫ਼ ਬਸਪਾ ਪੂਰੇ ਸੂਬੇ ’ਚ ਧਰਨਾ 3 ਨੂੰ
ਹਰਵਿੰਦਰ ਸਿੰਘ ਫੁੱਲ, ਪੰਜਾਬੀ ਜਾਗਰਣ, ਜਲੰਧਰ
ਬਹੁਜਨ ਸਮਾਜ ਪਾਰਟੀ ( ਬਸਪਾ) ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਪ੍ਰੈੱਸ ਕਲੱਬ ’ਚ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਲਿਤ ਪਛੜੇ ਵਰਗਾਂ ’ਤੇ ਜਬਰ ਦੀ ਸਰਕਾਰ ਰਹੀ ਹੈ। ਆਪ ਨੇ ਆਪਣੇ ਸਵਾ ਚਾਰ ਸਾਲ ਦੇ ਕਾਰਜਕਾਲ ਵਿਚ ਦਲਿਤਾਂ ਨੂੰ ਪੁਲਿਸ ਦੇ ਜ਼ਬਰ ਰਾਹੀਂ ਦਬਾਉਣ ਤੇ ਉਨ੍ਹਾਂ ਦੇ ਸੰਵਿਧਾਨਕ ਹੱਕ ਕੁਚਲਣ ਵਿਚ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ 25 ਜੂਨ, 2026 ਨੂੰ ਪੰਜਾਬੀ, ਕੇਮਿਸਟਰੀ, ਇਕਨੋਮਿਕਸ, ਕਾਮਰਸ, ਫਿਜ਼ਿਕਸ, ਭੂਗੋਲ ਤੇ ਹੋਰ ਵਿਸ਼ਿਆਂ ਲਈ ਲੈਕਚਰਰ ਦੀਆਂ ਕੱਢੀਆਂ ਗਈਆਂ ਕਰੀਬ 1000 ਅਸਾਮੀਆਂ ਵਿਚ ਦਲਿਤ (ਐੱਸਸੀ ਵਰਗ) ਪਛੜੇ ਵਰਗਾਂ ਲਈ ਰਾਖਵਾਂਕਰਨ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਦਲਿਤ ਪੱਛੜੇ ਵਰਗਾਂ ਦੇ ਸੰਵਿਧਾਨਕ ਹੱਕਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਬਸਪਾ ਅਜਿਹਾ ਹੋਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾ ਐਡਵੋਕੇਟ ਜਨਰਲ ਦੀਆਂ ਭਰਤੀਆਂ ਵਿਚ ਵੀ ਆਪ ਸਰਕਾਰ ਵਲੋਂ ਦਲਿਤਾਂ (ਐੱਸਸੀ ਵਰਗ) ਲਈ ਕੋਈ ਰਾਖਵਾਂਕਰਨ ਨਹੀਂ ਰੱਖਿਆ ਗਿਆ ਪਰ ਵਿਰੋਧ ਤੋਂ ਬਾਅਦ ਇਹ ਦੇਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਗੈਸਟ ਫੈਕਲਟੀ ਤੇ ਕੰਟਰੈਕਟ ਟੀਚਿੰਗ ਪੋਸਟ ਵਿੱਚ ਕੋਈ ਰਾਖਵਾਂਕਰਨ ਨਹੀਂ ਹੈ। ਇਸ ਕਾਰਨ ਇਨ੍ਹਾਂ ਵਰਗਾ ਦੇ ਯੋਗ ਉਮੀਦਵਾਰ ਪਹਿਲਾ ਹੀ ਵਿੱਦਿਅਕ ਅਦਾਰਿਆ ਤੋਂ ਬਾਹਰ ਕਰ ਦਿੱਤੇ ਜਾਂਦੇ ਹਨ। ਹੁਣ ਆਪ ਵੱਲੋਂ ਲੈਕਚਰਰ ਦੀ ਭਰਤੀ ਵਿਚ ਇਹ ਸਿੱਧੇ ਤੌਰ ’ਤੇ ਕੀਤਾ ਗਿਆ। ਪਿਛਲੇ ਸਮੇਂ ਵਿਚ ਵੈਟਰਨਰੀ ਅਫ਼ਸਰਾਂ ਦੀ ਭਰਤੀ ਵਿਚ ਵੀ ਰਾਖਵਾਂਕਰਨ ਨਹੀਂ ਦਿੱਤਾ ਗਿਆ। ਡਾ ਕਰੀਮਪੁਰੀ ਨੇ ਕਿਹਾ ਕਿ ਆਪ ਦੀ ਦਲਿਤਾਂ ਪਛੜੇ ਵਰਗਾ ਖਿਲਾਫ ਅਜਿਹੀ ਨੀਤੀ ਖਿਲਾਫ ਬਸਪਾ ਨੇ 3 ਜੁਲਾਈ ਨੂੰ ਸੂਬੇ ਭਰ ਵਿਚ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ’ਤੇ ਮੈਮੋਰੰਡਮ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਸ ਭਰਤੀ ਵਿਚ ਰਾਖਵਾਂਕਰਨ ਬਹਾਲ ਨਹੀਂ ਕੀਤਾ ਤਾਂ ਹੋਰ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਰਾਖਵਾਂਕਰਨ ਬਹਾਲ ਕਰਵਾਉਣ ਤੱਕ ਬਸਪਾ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਜਿੱਥੇ ਦਲਿਤ ਪਛੜੇ ਵਰਗਾਂ ਦੇ ਸੰਵਿਧਾਨਕ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ, ਇਕ ਪਾਸੇ ਆਪ ਸਰਕਾਰ ਦਲਿਤਾਂ ’ਤੇ ਪੁਲਿਸ ਰਾਹੀਂ ਜਬਰ ਕਰ ਰਹੀ ਹੈ, ਦੂਜੇ ਪਾਸੇ ਉਨ੍ਹਾ ਖਿਲਾਫ ਸਮਾਜ ਵਿਚ ਹੋਣ ਵਾਲੀਆਂ ਘਟਨਾਵਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਡਾ ਰਮਨਦੀਪ ਸਿੰਘ ਤੇ ਹਮਲੇ ’ਤੇ ਉਸਦੇ ਅਗਵਾ ਦੇ ਮਾਮਲੇ ਵਿਚ ਪੁਲਿਸ ਵੱਲੋਂ ਘਟਨਾ ਤੇ ਕਰੀਬ ਦੋ ਮਹੀਨੇ ਬਾਅਦ ਵੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾਂ ਆਪ ਆਗੂ ਵਲੋਂ ਹਲਕਾ ਖਡੂਰ ਸਾਹਿਬ ਦੇ ਪਿੰਡ ਬੇਈ ਪੋਈ ਵਿਚ ਦਲਿਤਾਂ ਦੇ ਘਰ ਸਾੜੇ ਗਏ। ਬਹੁਤ ਸਾਰੇ ਦਲਿਤਾਂ ਤੇ ਝੂਠੇ ਪਰਚੇ ਪਾਏ ਗਏ ਤੇ ਉਨ੍ਹਾਂ ਨੂੰ ਨਾਜਾਇਜ਼ ਜੇਲ੍ਹਾਂ ਵਿਚ ਭੇਜਿਆ ਗਿਆ ਹੈ। ਇਨ੍ਹਾਂ ਸਾਰੇ ਮਸਲਿਆ ’ਤੇ ਵੀ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਪ੍ਰਜਾਪਤ, ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ, ਜਸਵੰਤ ਰਾਏ, ਸਲਵਿੰਦਰ ਕੁਮਾਰ ਤੇ ਹੋਰ ਆਗੂ ਵੀ ਮੌਜੂਦ ਸਨ।