
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਸਤੇ 'ਚ ਆਕਸੀਜਨ ਦੀ ਕਮੀ ਹੋਈ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਗੰਭੀਰ ਮਰੀਜ਼ਾਂ ਨੂੰ ਰੈਫਰ ਕਰਨ ਦੀ ਸਰਕਾਰੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ। ਇਸ ਘਟਨਾ ਤੋਂ ਬਾਅਦ 'ਜਾਗਰਣ ਸਮੂਹ' ਨੇ ਗੰਭੀਰ ਮਰੀਜ਼ਾਂ ਲਈ ਉਪਲਬਧ ALS ਐਂਬੂਲੈਂਸਾਂ ਦੀ ਜ਼ਮੀਨੀ ਸਥਿਤੀ ਜਾਣਨ ਲਈ ਕਈ ਜ਼ਿਲ੍ਹਿਆਂ ਵਿਚ ਪੜਤਾਲ ਕਰਵਾਈ।

ਜਗਦੀਸ਼ ਕੁਮਾਰ, ਜਲੰਧਰ : ਗੰਭੀਰ ਮਰੀਜ਼ ਲਈ ਐਂਬੂਲੈਂਸ ਸਿਰਫ਼ ਹਸਪਤਾਲ ਤਕ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਰਸਤੇ 'ਚ ਉਸ ਦੀ ਸਾਹ ਤੇ ਧੜਕਨ ਬਚਾਈ ਰੱਖਣ ਵਾਲੀ ਜੀਵਨਰੇਖਾ ਹੁੰਦੀ ਹੈ। ਪੰਜਾਬ 'ਚ ਇਹ ਜੀਵਨਰੇਖਾ ਪ੍ਰਬੰਧ ਦੀਆਂ ਖਾਮੀਆਂ ਵਿਚ ਉਲਝੀ ਹੋਈ ਹੈ। ਲੁਧਿਆਣਾ 'ਚ 20 ਸਾਲਾ ਖੁਸ਼ੀ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ। ਉਸ ਦੀ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਐਡਵਾਂਸਡ ਲਾਈਫ ਸਪੋਰਟ (ALS) ਐਂਬੂਲੈਂਸ ਦੀ ਲੋੜ ਸੀ, ਪਰ ਉਸ ਨੂੰ ਬੇਸਿਕ ਲਾਈਫ ਸਪੋਰਟ (BLS) ਐਂਬੂਲੈਂਸ ਰਾਹੀਂ ਭੇਜਿਆ ਗਿਆ।
ਰਸਤੇ 'ਚ ਆਕਸੀਜਨ ਦੀ ਕਮੀ ਹੋਈ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਗੰਭੀਰ ਮਰੀਜ਼ਾਂ ਨੂੰ ਰੈਫਰ ਕਰਨ ਦੀ ਸਰਕਾਰੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ। ਇਸ ਘਟਨਾ ਤੋਂ ਬਾਅਦ 'ਜਾਗਰਣ ਸਮੂਹ' ਨੇ ਗੰਭੀਰ ਮਰੀਜ਼ਾਂ ਲਈ ਉਪਲਬਧ ALS ਐਂਬੂਲੈਂਸਾਂ ਦੀ ਜ਼ਮੀਨੀ ਸਥਿਤੀ ਜਾਣਨ ਲਈ ਕਈ ਜ਼ਿਲ੍ਹਿਆਂ ਵਿਚ ਪੜਤਾਲ ਕਰਵਾਈ।
ਸਾਹਮਣੇ ਆਇਆ ਕਿ ਕਈ ਥਾਵਾਂ ’ਤੇ ALS ਐਂਬੂਲੈਂਸਾਂ ਹੋਣ ਦੇ ਬਾਵਜੂਦ ਮਰੀਜ਼ਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹਨ। ਕਿਤੇ ਡਰਾਈਵਰ ਨਹੀਂ ਹਨ, ਕਿਤੇ ਦਸਤਾਵੇਜ਼ ਪੂਰੇ ਨਹੀਂ ਹਨ ਤੇ ਕਿਤੇ ਐਂਬੂਲੈਂਸਾਂ ਨੂੰ VIP ਮੂਵਮੈਂਟ ਲਈ ਰਾਖਵਾਂ ਰੱਖਿਆ ਜਾਂਦਾ ਹੈ।
ਦੱਸ ਦੇਈਏ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਨਿਯਮਾਂ ਅਨੁਸਾਰ ਪੰਜ ਲੱਖ ਦੀ ਆਬਾਦੀ ’ਤੇ ਇਕ ਐਡਵਾਂਸਡ ਐਂਬੂਲੈਂਸ ਹੋਣੀ ਚਾਹੀਦੀ ਹੈ। ਇਸ ਦੇ ਬਾਵਜੂਦ ਵੱਡੇ ਜ਼ਿਲ੍ਹਿਆਂ ਵਿਚ ਵੀ ALS ਐਂਬੂਲੈਂਸਾਂ ਦੀ ਉਪਲਬਧਤਾ ਲੋੜ ਦੇ ਮੁਕਾਬਲੇ ਬੇਹੱਦ ਘੱਟ ਹੈ।
ਜਲੰਧਰ 'ਚ ਚਾਰ ALS ਐਂਬੂਲੈਂਸਾਂ ਹੋਣ ਦੇ ਬਾਵਜੂਦ ਗੰਭੀਰ ਮਰੀਜ਼ਾਂ ਨੂੰ ਇਸ ਦਾ ਪੂਰਾ ਲਾਭ ਨਹੀਂ ਮਿਲ ਰਿਹਾ। ਇਨ੍ਹਾਂ ਵਿਚੋਂ ਦੋ ਐਂਬੂਲੈਂਸਾਂ ਲਈ ਡਰਾਈਵਰ ਉਪਲਬਧ ਨਹੀਂ ਹੈ। ਇੱਕ ਦੇ ਦਸਤਾਵੇਜ਼ ਅਧੂਰੇ ਦੱਸੇ ਜਾ ਰਹੇ ਹਨ, ਜਦਕਿ ਬਚੀ ਇੱਕ ਐਂਬੂਲੈਂਸ VIP ਡਿਊਟੀ 'ਚ ਲਗਾਈ ਜਾਂਦੀ ਹੈ। ਅਜਿਹੇ ਵਿਚ ਜਲੰਧਰ ਤੋਂ ਗੰਭੀਰ ਮਰੀਜ਼ਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਜਾਂ PGI ਚੰਡੀਗੜ੍ਹ ਰੈਫਰ ਕੀਤੇ ਜਾਣ ’ਤੇ ALS ਐਂਬੂਲੈਂਸ ਦੀ ਉਪਲਬਧਤਾ ਵੱਡੀ ਚੁਣੌਤੀ ਬਣ ਜਾਂਦੀ ਹੈ। ਸਿਵਲ ਸਰਜਨ ਵਿਭਾਗ ਵੱਲੋਂ ਦੋ ਹੋਰ ਐਂਬੂਲੈਂਸਾਂ ਦੀ ਮੰਗ ਰੱਖੀ ਗਈ ਹੈ।
ਲੁਧਿਆਣਾ 'ਚ ਕੋਰੋਨਾ ਕਾਲ ਦੌਰਾਨ ਮਿਲੀ ALS ਐਂਬੂਲੈਂਸ ਦੀ ਵਰਤੋਂ ਪਿਛਲੇ ਸਾਲ ਤੱਕ ਗੰਭੀਰ ਮਰੀਜ਼ਾਂ ਨੂੰ ਰੈਫਰ ਕਰਨ ਲਈ ਕੀਤੀ ਜਾਂਦੀ ਰਹੀ। ਪਿਛਲੇ ਕੁਝ ਸਮੇਂ ਤੋਂ ਇਸ ਦੀ VIP ਡਿਊਟੀ ਵਿਚ ਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਕਰੀਬ ਦੋ ਮਹੀਨੇ ਪਹਿਲਾਂ ਐਂਬੂਲੈਂਸ ਹਾਦਸਾਗ੍ਰਸਤ ਹੋ ਗਈ ਅਤੇ ਹੁਣ ਤੱਕ ਇਸ ਨੂੰ ਮਰੀਜ਼ਾਂ ਦੀ ਸੇਵਾ ਵਿਚ ਮੁੜ ਲਗਾਉਣ ਦੀ ਵਿਵਸਥਾ ਨਹੀਂ ਹੋ ਸਕੀ। SMS ਡਾ. ਅਖਿਲ ਸਰੀਨ ਨੇ ਵੀ ਮੰਨਿਆ ਕਿ ਜਿਸ ਸਮੇਂ ਮਰੀਜ਼ ਨੂੰ ALS ਐਂਬੂਲੈਂਸ ਦੀ ਲੋੜ ਸੀ, ਉਸ ਸਮੇਂ ਹਸਪਤਾਲ ਕੋਲ ਇਹ ਸਹੂਲਤ ਉਪਲਬਧ ਨਹੀਂ ਸੀ।
BLS ਐਂਬੂਲੈਂਸ ਆਮ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ, ਆਕਸੀਜਨ ਤੇ ਮੁੱਢਲਾ ਇਲਾਜ ਦੇਣ ਲਈ ਹੁੰਦੀ ਹੈ। ਇਸ ਵਿਚ ਸਟ੍ਰੈਚਰ, ਆਕਸੀਜਨ, BP ਮਾਨੀਟਰ ਅਤੇ ਪਲਸ ਆਕਸੀਮੀਟਰ ਵਰਗੀਆਂ ਬੁਨਿਆਦੀ ਸਹੂਲਤਾਂ ਹੁੰਦੀਆਂ ਹਨ। ਇਸ ਦੇ ਉਲਟ ALS ਐਂਬੂਲੈਂਸ ਗੰਭੀਰ ਮਰੀਜ਼ਾਂ ਲਈ ਚੱਲਦੀ-ਫਿਰਦੀ ICU ਹੁੰਦੀ ਹੈ।
ਇਸ ਵਿਚ ਵੈਂਟੀਲੇਟਰ, ECG ਮਾਨੀਟਰ, ਇਨਫਿਊਜ਼ਨ ਪੰਪ ਅਤੇ ਸਕਸ਼ਨ ਮਸ਼ੀਨ ਵਰਗੀਆਂ ਸਹੂਲਤਾਂ ਹੁੰਦੀਆਂ ਹਨ। ਨਾਲ ਹੀ ਸਿਖਲਾਈ ਪ੍ਰਾਪਤ ਪੈਰਾਮੈਡਿਕ ਤੇ ICU ਟ੍ਰੇਨਿੰਗ ਪ੍ਰਾਪਤ ਨਰਸ ਹੁੰਦੀ ਹੈ। ਹਾਰਟ ਅਟੈਕ, ਗੰਭੀਰ ਹਾਦਸੇ, ਕੋਮਾ ਜਾਂ ਸਾਹ ਦੀ ਸਮੱਸਿਆ ਵਾਲੇ ਮਰੀਜ਼ਾਂ ਲਈ ਰਸਤੇ ਵਿਚ ਇਹ ਅੰਤਰ ਜ਼ਿੰਦਗੀ ਅਤੇ ਮੌਤ ਦਾ ਫ਼ੈਸਲਾ ਕਰ ਸਕਦਾ ਹੈ।
ਜਲੰਧਰ ਦੇ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਜਪਾਲ ਸਮੇਤ ਹੋਰ VIP ਦੌਰੇ ਕਾਫ਼ੀ ਹੁੰਦੇ ਹਨ। ਇਸ ਦੌਰਾਨ ਸਾਨੂੰ ਪ੍ਰੋਟੋਕੋਲ ਤਹਿਤ ਤਿੰਨ-ਤਿੰਨ VIP ਟੀਮਾਂ ਵੀ ਲਗਾਉਣੀਆਂ ਪੈਂਦੀਆਂ ਹਨ। ਉਨ੍ਹਾਂ ਵਿਚ ALS ਐਂਬੂਲੈਂਸ ਸ਼ਾਮਲ ਕੀਤੀ ਜਾਂਦੀ ਹੈ। ਹੋਰ ਐਂਬੂਲੈਂਸਾਂ ਦੀ ਵੀ ਮੰਗ ਕੀਤੀ ਗਈ ਹੈ।
ਕਰੀਬ 25 ਲੱਖ ਆਬਾਦੀ ਵਾਲੇ ਅੰਮ੍ਰਿਤਸਰ ਜ਼ਿਲ੍ਹੇ 'ਚ ਸਰਕਾਰੀ ਹਸਪਤਾਲਾਂ ਦੇ ਪੱਧਰ ’ਤੇ ਵੱਖਰੀ ALS ਐਂਬੂਲੈਂਸ ਨਹੀਂ ਹੈ। ਇਸ ਸਮੇਂ 108 ਸੇਵਾ ਰਾਹੀਂ ਇਕ ALS ਐਂਬੂਲੈਂਸ ਚਲਾਈ ਜਾ ਰਹੀ ਹੈ। ਜੇ ਇਹ ਇੱਕ ਗੰਭੀਰ ਮਰੀਜ਼ ਨੂੰ ਦੂਜੇ ਹਸਪਤਾਲ ਲੈ ਕੇ ਜਾ ਰਹੀ ਹੋਵੇ ਤਾਂ ਉਸੇ ਸਮੇਂ ਦੂਜੇ ਮਰੀਜ਼ ਲਈ ALS ਉਪਲਬਧ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ। ਬਠਿੰਡਾ 'ਚ ਸਰਕਾਰੀ ਪੱਧਰ ’ਤੇ ਗੰਭੀਰ ਮਰੀਜ਼ਾਂ ਲਈ ALS ਐਂਬੂਲੈਂਸ ਉਪਲਬਧ ਨਹੀਂ ਹੈ। ਡਾਇਲ-108 ਸੇਵਾ ਨਾਲ ਜੁੜੀ ਕੰਪਨੀ ਕੋਲ ਇੱਕ ALS ਐਂਬੂਲੈਂਸ ਹੈ, ਪਰ ਇਸ ਦੀ ਵਰਤੋਂ VIP ਕਾਫ਼ਲੇ ਦੇ ਨਾਲ ਕੀਤੀ ਜਾਂਦੀ ਹੈ। ਸੜਕ ਸੁਰੱਖਿਆ ਫੋਰਸ ਕੋਲ ਵੀ ALS ਐਂਬੂਲੈਂਸ ਨਹੀਂ ਹੈ। ਵਿਭਾਗ ਦਾ ਕਹਿਣਾ ਹੈ ਕਿ ਲੋੜ ਪੈਣ ’ਤੇ ਐਂਬੂਲੈਂਸ ਉਪਲਬਧ ਕਰਵਾਈ ਜਾਂਦੀ ਹੈ।
ਕਪੂਰਥਲਾ 'ਚ ਸਿਵਲ ਹਸਪਤਾਲ ਕੋਲ ਇਕ ALS ਐਂਬੂਲੈਂਸ ਹੈ, ਪਰ ਇਹ ਗੰਭੀਰ ਮਰੀਜ਼ਾਂ ਦੀ ਨਿਯਮਤ ਸੇਵਾ ਦੀ ਬਜਾਏ VIP ਡਿਊਟੀ ਲਈ ਰੱਖੀ ਗਈ ਹੈ। SMO ਪਰਮਿੰਦਰ ਕੌਰ ਅਨੁਸਾਰ VIP ਦੇ ਸ਼ਹਿਰ ਵਿਚ ਆਉਣ ’ਤੇ ਐਂਬੂਲੈਂਸ ਪ੍ਰੋਟੋਕੋਲ ਤਹਿਤ ਉਨ੍ਹਾਂ ਦੇ ਨਾਲ ਰਹਿੰਦੀ ਹੈ। ਆਮ ਨਾਗਰਿਕਾਂ ਲਈ BLS ਐਂਬੂਲੈਂਸ ਉਪਲਬਧ ਹੈ।