ਵੱਡੀ ਖ਼ਬਰ : LPU ਹਿੰਸਾ ਮਾਮਲੇ 'ਚ 9 ਮੁਲਜ਼ਮ ਗ੍ਰਿਫ਼ਤਾਰ, 7 ਯੂਨੀਵਰਸਿਟੀ ਦੇ ਵਿਦਿਆਰਥੀ; ਇੰਝ ਹੋਇਆ ਪਰਦਾਫਾਸ਼
LPU 'ਚ ਵਿਵਾਦ ਉਸ ਸੋਸ਼ਲ ਮੀਡੀਆ ਸੁਨੇਹੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿਚ ਇਕ ਵਿਦਿਆਰਥਣ ਨਾਲ ਜਬਰ ਜਨਾਹ ਦੀ ਗੱਲ ਕਹੀ ਗਈ ਸੀ। ਇਹ ਸੰਦੇਸ਼ ਪੁਰਾਣਾ ਹੋਣ ਦੇ ਬਾਵਜੂਦ ਮੁੜ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ ਰਾਤ ਤੋਂ ਕੈਂਪਸ 'ਚ ਤਣਾਅ ਵਧ ਗਿਆ ਸੀ।
Publish Date: Fri, 02 Oct 2026 01:56 PM (IST)
Updated Date: Fri, 02 Oct 2026 02:08 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) 'ਚ 28 ਸਤੰਬਰ ਨੂੰ ਹੋਏ ਹਿੰਸਕ ਪ੍ਰਦਰਸ਼ਨ, ਭੰਨਤੋੜ, ਅੱਗਜ਼ਨੀ, ਲੁੱਟ-ਖੋਹ ਤੇ ਪੁਲਿਸ ਵਾਹਨਾਂ ਨੂੰ ਅੱਗ ਲਾਉਣ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ 9 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (SIT) ਨੇ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ, ਨਿਊਜ਼ ਚੈਨਲਾਂ ਦੀ ਫੁਟੇਜ, LPU ਤੇ ਆਸ-ਪਾਸ ਦੇ ਇਲਾਕਿਆਂ 'ਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ। ਇਸ ਦੇ ਆਧਾਰ ’ਤੇ ਹਿੰਸਾ 'ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮਾਂ 'ਚ 7 ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਜਦਕਿ 2 ਬਾਹਰੀ ਵਿਅਕਤੀ ਹਨ। ਇਸ ਪੂਰੇ ਮਾਮਲੇ ਸਬੰਧੀ 2 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪਹਿਲੀ FIR ਨੰਬਰ 163, 28 ਸਤੰਬਰ ਨੂੰ ਥਾਣਾ ਸਤਨਾਮਪੁਰਾ, ਜ਼ਿਲ੍ਹਾ ਕਪੂਰਥਲਾ 'ਚ ਦਰਜ ਕੀਤੀ ਗਈ। ਇਸ ਵਿੱਚ ਵੱਖ-ਵੱਖ ਧਾਰਾਵਾਂ ਸਮੇਤ ਪੰਜਾਬ ਪ੍ਰਿਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ, 2014 ਦੀ ਧਾਰਾ 4 ਲਗਾਈ ਗਈ ਹੈ। ਦੂਜੀ ਐੱਫਆਈਆਰ ਨੰਬਰ 106 ਥਾਣਾ ਸਦਰ ਫਗਵਾੜਾ 'ਚ ਦਰਜ ਕੀਤੀ ਗਈ, ਜਿਸ ਵਿਚ ਭੰਨਤੋੜ, ਹਮਲੇ ਤੇ ਅੱਗਜ਼ਨੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਨ੍ਹਾਂ 9 ਮੁਲਜ਼ਮਾਂ ਦੀ ਹੋਈ ਗ੍ਰਿਫ਼ਤਾਰੀ
ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਸੋਨੀਪਤ ਦੀ ਸ਼ਿਵ ਕਾਲੋਨੀ ਵਾਸੀ ਜੇਮਸ ਦਹੀਆ, ਫਗਵਾੜਾ ਵਾਸੀ ਗਗਨਦੀਪ ਉਰਫ਼ ਕੋਠਾ, ਫਗਵਾੜਾ ਦੇ ਸੋਮੀ ਪਰਮ ਨਗਰ ਵਾਸੀ ਜਸਮੀਤ ਕੁਮਾਰ, ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਕੁਰਾਹਰਾ ਵਾਸੀ ਆਸ਼ੂਤੋਸ਼, ਜੰਮੂ ਵਾਸੀ ਅੰਤਰੀਕਸ਼ ਦੱਤਾ, ਜੰਮੂ ਦੇ ਪਿੰਡ ਚਾਬੁਤੇ ਕੋਟੀ ਵਾਸੀ ਸਾਹਿਲ ਸਿੰਘ, ਮਹਾਰਾਸ਼ਟਰ ਵਾਸੀ ਕ੍ਰਿਸ਼ਨ ਕੁਮਾਰ, ਕਲਿਆਣ ਈਸਟ ਵਾਸੀ ਭਵਿਸ਼ਿਆ ਕਰਨ ਉਰਫ਼ ਪ੍ਰੇਮ ਤੇ ਇਕ ਨਾਬਾਲਗ ਸ਼ਾਮਲ ਹੈ। ਪੁਲਿਸ ਨੇ ਦੋਵਾਂ ਐੱਫਆਈਆਰ 'ਚ ਉਨ੍ਹਾਂ ਦੀ ਭੂਮਿਕਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਆਇਆ ਇਕ ਮੈਸੇਜ ਤੇ ਹੋ ਗਿਆ ਕਰੋੜਾਂ ਦਾ ਨੁਕਸਾਨ
LPU 'ਚ ਵਿਵਾਦ ਉਸ ਸੋਸ਼ਲ ਮੀਡੀਆ ਸੰਦੇਸ਼ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਦੀ ਗੱਲ ਕਹੀ ਗਈ ਸੀ। ਇਹ ਸੰਦੇਸ਼ ਪੁਰਾਣਾ ਹੋਣ ਦੇ ਬਾਵਜੂਦ ਮੁੜ ਪ੍ਰਸਾਰਿਤ ਹੋਣ ਤੋਂ ਬਾਅਦ ਸ਼ਨੀਵਾਰ ਰਾਤ ਤੋਂ ਕੈਂਪਸ ਵਿੱਚ ਤਣਾਅ ਵਧ ਗਿਆ ਸੀ। ਇਸ ਤੋਂ ਬਾਅਦ ਤੜਕੇ ਕਰੀਬ 3:30 ਵਜੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ੁਰੂ ਹੋਇਆ ਅਤੇ ਸਵੇਰੇ ਕਰੀਬ 4 ਵਜੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਜਾਮ ਲਗਾ ਦਿੱਤਾ ਗਿਆ। ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ।
ਇਸ ਤੋਂ ਬਾਅਦ ਮਾਮਲਾ ਸਿਰਫ਼ ਪ੍ਰਦਰਸ਼ਨ ਤਕ ਸੀਮਤ ਨਹੀਂ ਰਿਹਾ। ਕੈਂਪਸ 'ਚ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। ਪੁਲਿਸ ਤੇ ਪ੍ਰਸ਼ਾਸਨ ਦੇ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਲਿਸ ਮੁਤਾਬਕ ਹੰਗਾਮਾਕਾਰੀਆਂ ਨੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾਈ। LPU ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਲੁੱਟ-ਖੋਹ ਤੇ ਨੈਸ਼ਨਲ ਹਾਈਵੇ ਨੂੰ ਰੋਕਣ ਦੇ ਦੋਸ਼ ਵੀ ਲਗਾਏ ਗਏ ਹਨ।
ਪੁਲਿਸ ਨੇ ਪੂਰੇ ਘਟਨਾਕ੍ਰਮ ਦੌਰਾਨ ਕਈ ਥਾਵਾਂ ਤੋਂ ਵੀਡੀਓ ਅਤੇ CCTV ਫੁਟੇਜ ਇਕੱਠੀ ਕੀਤੀ। ਜਾਂਚ ਵਿਚ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਵੀਡੀਓ ਨੂੰ ਵੀ ਸ਼ਾਮਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਡਿਜੀਟਲ ਸਬੂਤਾਂ ਦੇ ਆਧਾਰ ’ਤੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ, ਜੋ ਕਥਿਤ ਤੌਰ ’ਤੇ ਅੱਗਜ਼ਨੀ, ਭੰਨਤੋੜ, ਲੁੱਟ-ਖੋਹ, ਪੁਲਿਸ ’ਤੇ ਹਮਲੇ ਅਤੇ ਹੋਰ ਹਿੰਸਕ ਗਤੀਵਿਧੀਆਂ 'ਚ ਸ਼ਾਮਲ ਸਨ।
ਪੁਲਿਸ ਨੇ ਕਿਹਾ, ਵਿਦਿਆਰਥੀਆਂ ਨਾਲ ਸੰਜਮ ਨਾਲ ਕੀਤਾ ਵਿਵਹਾਰ
ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਪੂਰੇ ਘਟਨਾਕ੍ਰਮ ਦੌਰਾਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਪ੍ਰਤੀ ਕਾਫ਼ੀ ਸੰਜਮ ਵਰਤਿਆ ਗਿਆ ਤੇ ਪੁਲਿਸ ਦੀ ਕੋਸ਼ਿਸ਼ ਰਹੀ ਕਿ ਵਿਦਿਆਰਥੀਆਂ ਖ਼ਿਲਾਫ਼ ਬੇਲੋੜੀ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ। ਪੁਲਿਸ ਮੁਤਾਬਕ ਪ੍ਰਸ਼ਾਸਨ ਤੇ ਪੁਲਿਸ ਲਗਾਤਾਰ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹਿੰਸਾ ਅਤੇ ਕਾਨੂੰਨ-ਵਿਵਸਥਾ ਵਿਗਾੜਨ 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਗ੍ਰਿਫ਼ਤਾਰੀਆਂ ਤੋਂ ਬਾਅਦ ਵੀ ਜਾਂਚ ਪੂਰੀ ਨਹੀਂ ਹੋਈ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਡੀਆਈਜੀ ਮੁਤਾਬਕ LPU ਮਾਮਲੇ 'ਚ ਹਿੰਸਾ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।