ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਪਹਿਲਾ ਪੰਜਾਬ ਦੌਰਾ: ਅੱਜ ਜਲੰਧਰ 'ਚ ਹੋਵੇਗਾ ਸ਼ਾਨਦਾਰ ਰੋਡ ਸ਼ੋਅ, ਸਿਆਸੀ ਹਲਕਿਆਂ 'ਚ ਸਰਗਰਮੀਆਂ ਤੇਜ਼
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤੀਨ ਨਬੀਨ ਆਪਣੇ ਪੰਜਾਬ ਦੇ ਪਹਿਲੇ ਦੌਰੇ ਤਹਿਤ ਸ਼ਨਿਚਰਵਾਰ ਨੂੰ ਜਲੰਧਰ ਪੁੱਜਣਗੇ। ਭਾਜਪਾ ਦੇ ਕੌਮੀ ਪ੍ਰਧਾਨ ਦੇ ਪ੍ਰੋਗਰਾਮ ਦਾ ਸ਼ਡਿਊਲ :- 20 ਜੂਨ : ਸ਼ਾਮ 7.30 ਵਜੇ ਸ਼੍ਰੀ ਰਾਮ ਚੌਕ ’ਚ ਸਵਾਗਤ ਸਮਾਰੋਹ ਤੇ ਭਗਵਾਨ ਵਾਲਮੀਕਿ ਚੌਕ ਤੱਕ ਰੋਡ ਸ਼ੋਅ। 20 ਜੂਨ : ਰਾਤ 9 ਵਜੇ ਹੋਟਲ ਰੈਡੀਸਨ ’ਚ ਪਾਰਟੀ ਆਗੂਆਂ ਨਾਲ ਮੀਟਿੰਗ। 21 ਜੂਨ : ਸਵੇਰੇ 6.30 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਯੋਗ ਪ੍ਰੋਗਰਾਮ। 21 ਜੂਨ : ਸਵੇਰੇ 7.30 ਵਜੇ ਹਵੇਲੀ ਹੈਰੀਟੇਜ ’ਚ ਸੰਤਾਂ ਨਾਲ ਵਿਚਾਰ-ਵਟਾਂਦਰਾ। 21 ਜੂਨ : ਸਵੇਰੇ 8.30 ਵਜੇ ਲੁਧਿਆਣਾ ਲਈ ਰਵਾਨਗੀ।
Publish Date: Sat, 20 Jun 2026 11:39 AM (IST)
Updated Date: Sat, 20 Jun 2026 11:42 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤੀਨ ਨਬੀਨ ਆਪਣੇ ਪੰਜਾਬ ਦੇ ਪਹਿਲੇ ਦੌਰੇ ਤਹਿਤ ਸ਼ਨਿਚਰਵਾਰ ਨੂੰ ਜਲੰਧਰ ਪੁੱਜਣਗੇ। ਉਹ ਰੋਡ ਸ਼ੋਅ ਰਾਹੀਂ ਲੋਕਾਂ ਵਿਚ ਜਾਣਗੇ ਤੇ ਨਾਲ ਹੀ ਪਾਰਟੀ ਆਗੂਆਂ ਨਾਲ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ-ਵਟਾਂਦਰਾ ਵੀ ਕਰਨਗੇ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸਭ ਤੋਂ ਪਹਿਲਾਂ ਅੰਮ੍ਰਿਤਸਰ ਪੁੱਜ ਕੇ ਧਾਰਮਿਕ ਸਥਾਨਾਂ ਤੇ ਜਲਿਆਂਵਾਲਾ ਬਾਗ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਸ਼ਾਮ 7.30 ਵਜੇ ਉਹ ਭਗਵਾਨ ਸ਼੍ਰੀ ਰਾਮ ਚੌਕ ਪੁੱਜਣਗੇ, ਜਿੱਥੇ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ। ਸਵਾਗਤ ਸਮਾਗਮ ਤੋਂ ਬਾਅਦ ਨਿਤੀਨ ਨਬੀਨ ਸ਼੍ਰੀ ਰਾਮ ਚੌਕ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਰੋਡ ਸ਼ੋਅ ਕਰਨਗੇ। ਇਹ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੈ। ਭਾਵੇਂ ਰੂਟ ਛੋਟਾ ਹੈ ਪਰ ਸ਼ਹਿਰ ਦੀ ਦ੍ਰਿਸ਼ਟੀ ਨਾਲ ਇਹ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਤੇ ਇਹ ਸੜਕ ਹਮੇਸ਼ਾ ਭੀੜ ਰਹਿੰਦੀ ਹੈ। ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਕਈ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਦੌਰੇ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰੋਡ ਸ਼ੋਅ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਹੋਟਲ ਰੈਡੀਸਨ ’ਚ ਪਾਰਟੀ ਦੇ ਸੀਨੀਅਰ ਆਗੂਆਂ ਤੇ ਭਾਜਪਾ ਦੀ ਜਲੰਧਰ ਇਕਾਈ ਦੀ ਕੋਰ ਕਮੇਟੀ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ’ਚ ਪੰਜਾਬ ਦੀ ਮੌਜੂਦਾ ਰਾਜਨੀਤੀ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਸੰਭਾਵਨਾਵਾਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਨਿਤੀਨ ਨਬੀਨ ਸ਼ਨਿਚਰਵਾਰ ਰਾਤ ਜਲੰਧਰ ਦੇ ਹੋਟਲ ਰੈਡੀਸਨ ’ਚ ਹੀ ਠਹਿਰਣਗੇ। ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ’ਚ ਭਾਜਪਾ ਇਕੱਲੇ ਆਪਣੇ ਦਮ ’ਤੇ ਚੋਣ ਲੜੇਗੀ ਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਦੀਆਂ ਚਰਚਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਉਹ ਗੱਠਜੋੜ ਦੇ ਮੁੱਦੇ ’ਤੇ ਸਥਿਤੀ ਹੋਰ ਸਪੱਸ਼ਟ ਕਰ ਸਕਦੇ ਹਨ। ਰਾਸ਼ਟਰੀ ਪ੍ਰਧਾਨ ਦੇ ਦੌਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ। ਖ਼ਾਸ ਕਰਕੇ ਰੋਡ ਸ਼ੋਅ ਦੌਰਾਨ ਸੁਰੱਖਿਆ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਰਹੇਗੀ।
ਐੱਲਪੀਯੂ ’ਚ ਯੋਗ ਤੇ ਹਵੇਲੀ ’ਚ ਸੰਤਾਂ ਨਾਲ ਚਰਚਾਤੈਅ ਪ੍ਰੋਗਰਾਮ ਅਨੁਸਾਰ ਐਤਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤੀਨ ਨਬੀਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਯੋਗ ਕਰਨਗੇ। ਉਹ ਸਵੇਰੇ 6.30 ਵਜੇ ਯੂਨੀਵਰਸਿਟੀ ਪੁੱਜਣਗੇ। ਯੋਗ ਪ੍ਰੋਗਰਾਮ ਤੋਂ ਬਾਅਦ ਸਵੇਰੇ 7.30 ਵਜੇ ਹਵੇਲੀ ਹੈਰੀਟੇਜ ’ਚ ਪੰਜਾਬ ਦੇ ਪ੍ਰਮੁੱਖ ਸੰਤਾਂ ਨਾਲ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਇਸ ਮੀਟਿੰਗ ਨੂੰ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਨਬੀਨ ਦੇ ਜਲੰਧਰ ਦੌਰੇ ਨੂੰ ਲੈ ਕੇ ਭਾਜਪਾ ਵਰਕਰਾਂ ’ਚ ਖਾਸਾ ਉਤਸ਼ਾਹ ਹੈ। ਇਹ ਉਤਸ਼ਾਹ ਸ਼ਹਿਰ ਦੀਆਂ ਸੜਕਾਂ ’ਤੇ ਲੱਗੇ ਸਵਾਗਤੀ ਹੋਰਡਿੰਗਾਂ ਤੋਂ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਪਾਰਟੀ ਆਗੂ ਤਿਆਰੀਆਂ ’ਚ ਜੁਟੇ ਹੋਏ ਹਨ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਵਾਗਤ ਹੋਰਡਿੰਗ ਲਗਾਏ ਗਏ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਦੇ ਪ੍ਰੋਗਰਾਮ ਦਾ ਸ਼ਡਿਊਲ :-
20 ਜੂਨ : ਸ਼ਾਮ 7.30 ਵਜੇ ਸ਼੍ਰੀ ਰਾਮ ਚੌਕ ’ਚ ਸਵਾਗਤ ਸਮਾਰੋਹ ਤੇ ਭਗਵਾਨ ਵਾਲਮੀਕਿ ਚੌਕ ਤੱਕ ਰੋਡ ਸ਼ੋਅ।
20 ਜੂਨ : ਰਾਤ 9 ਵਜੇ ਹੋਟਲ ਰੈਡੀਸਨ ’ਚ ਪਾਰਟੀ ਆਗੂਆਂ ਨਾਲ ਮੀਟਿੰਗ।
21 ਜੂਨ : ਸਵੇਰੇ 6.30 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਯੋਗ ਪ੍ਰੋਗਰਾਮ।
21 ਜੂਨ : ਸਵੇਰੇ 7.30 ਵਜੇ ਹਵੇਲੀ ਹੈਰੀਟੇਜ ’ਚ ਸੰਤਾਂ ਨਾਲ ਵਿਚਾਰ-ਵਟਾਂਦਰਾ।
21 ਜੂਨ : ਸਵੇਰੇ 8.30 ਵਜੇ ਲੁਧਿਆਣਾ ਲਈ ਰਵਾਨਗੀ।