- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀ ਕਰੀਬ 32 ਫ਼ੀਸਦੀ ਆਬਾਦੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੂੰ ਇਸ ਵਰਗ ਅਤੇ ਗਰੀਬ ਤਬਕੇ ਦਾ ਵੱਡਾ ਸਮਰਥਨ ਮਿਲਿਆ ਸੀ। ਹੁਣ ਭਾਜਪਾ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਰਾਹੀਂ ਦੋਆਬਾ ਤੇ ਮਾਲਵਾ ਦੇ ਦਲਿਤ ਵੋਟਰਾਂ ਤੱਕ ਪਹੁੰਚ ਬਣਾਉਣਾ ਚਾਹੁੰਦੀ ਹੈ। ਇਸ ਨਾਲ ਰਾਖਵੀਆਂ ਸੀਟਾਂ ’ਤੇ 'ਆਪ' ਦੀ ਪਕੜ ਨੂੰ ਚੁਣੌਤੀ ਮਿਲ ਸਕਦੀ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਆਧਾਰਿਤ ‘ਸਮਰਸਤਾ ਸੰਕਲਪ ਯਾਤਰਾ’ ਰਾਹੀਂ ਭਾਜਪਾ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੁੱਧਵਾਰ ਨੂੰ ਜਲੰਧਰ ਤੋਂ ਸ਼ੁਰੂ ਹੋਈ ਇਹ ਯਾਤਰਾ 15 ਜ਼ਿਲ੍ਹਿਆਂ ਦੇ ਕਰੀਬ 60 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ। ਪਾਰਟੀ ਦੀ ਨਜ਼ਰ ਦਲਿਤ ਅਤੇ ਸ਼ਹਿਰੀ-ਅਰਧ ਸ਼ਹਿਰੀ ਵੋਟਰਾਂ ’ਤੇ ਹੈ। ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਇਸ ਨੂੰ 'ਆਪ' ਤੇ ਕਾਂਗਰਸ ਦੇ ਵੋਟ ਆਧਾਰ ਵਿੱਚ ਸੰਨ੍ਹ ਲਾਉਣ ਦੀ ਰਣਨੀਤੀ ਮੰਨਿਆ ਜਾ ਰਿਹਾ ਹੈ।
ਯਾਤਰਾ ਦਾ ਇਕ ਹੋਰ ਸਿਆਸੀ ਮਕਸਦ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗਠਜੋੜ ਦੀ ਸੂਰਤ ਵਿੱਚ ਸੀਟਾਂ ਦੀ ਵੰਡ ’ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨਾ ਹੈ।
ਦਲਿਤ ਵੋਟਾਂ ’ਤੇ 'ਆਪ' ਤੇ ਕਾਂਗਰਸ ਨਾਲ ਮੁਕਾਬਲਾ
ਪੰਜਾਬ ਦੀ ਕਰੀਬ 32 ਫ਼ੀਸਦੀ ਆਬਾਦੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੂੰ ਇਸ ਵਰਗ ਅਤੇ ਗਰੀਬ ਤਬਕੇ ਦਾ ਵੱਡਾ ਸਮਰਥਨ ਮਿਲਿਆ ਸੀ। ਹੁਣ ਭਾਜਪਾ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਰਾਹੀਂ ਦੋਆਬਾ ਤੇ ਮਾਲਵਾ ਦੇ ਦਲਿਤ ਵੋਟਰਾਂ ਤੱਕ ਪਹੁੰਚ ਬਣਾਉਣਾ ਚਾਹੁੰਦੀ ਹੈ। ਇਸ ਨਾਲ ਰਾਖਵੀਆਂ ਸੀਟਾਂ ’ਤੇ 'ਆਪ' ਦੀ ਪਕੜ ਨੂੰ ਚੁਣੌਤੀ ਮਿਲ ਸਕਦੀ ਹੈ।
ਦੋਆਬਾ ਵਿੱਚ ਦਲਿਤ ਵੋਟਰ ਕਾਂਗਰਸ ਦਾ ਮਜ਼ਬੂਤ ਆਧਾਰ ਰਹੇ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤਣ ਵਾਲੀ ਕਾਂਗਰਸ ਲਈ ਵੀ ਭਾਜਪਾ ਦੀ ਇਹ ਮੁਹਿੰਮ ਚੁਣੌਤੀ ਬਣ ਸਕਦੀ ਹੈ। ਸ਼ਹਿਰੀ ਹਿੰਦੂ ਵੋਟਰਾਂ ਤੋਂ ਬਾਅਦ ਦਲਿਤ ਭਾਈਚਾਰੇ ਵਿੱਚ ਪਕੜ ਬਣਾਉਣਾ ਭਾਜਪਾ ਦੀ ਰਣਨੀਤੀ ਦਾ ਅਹਿਮ ਹਿੱਸਾ ਹੈ।
ਅਕਾਲੀ ਦਲ ਨਾਲ ਗਠਜੋੜ ’ਚ ਸੀਟਾਂ ਦੀ ਦਾਅਵੇਦਾਰੀ
2022 ਵਿੱਚ ਅਕਾਲੀ ਦਲ ਨਾਲ ਗਠਜੋੜ ਟੁੱਟਣ ਅਤੇ ਕਿਸਾਨ ਅੰਦੋਲਨ ਦੇ ਵਿਰੋਧ ਕਾਰਨ ਭਾਜਪਾ ਨੂੰ ਸਿਆਸੀ ਨੁਕਸਾਨ ਹੋਇਆ ਸੀ। ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਹਲਕਾਵਾਰ ਨਤੀਜਿਆਂ ਵਿੱਚ ਕਈ ਵਿਧਾਨ ਸਭਾ ਹਲਕਿਆਂ ’ਚ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ। ਭਾਜਪਾ ਦੇ ਅੰਦਰੂਨੀ ਮੁਲਾਂਕਣ ਮੁਤਾਬਕ ਯਾਤਰਾ ਦੇ ਰੂਟ ਵਾਲੇ 60 ਹਲਕਿਆਂ ਵਿੱਚੋਂ 40-45 ’ਤੇ ਪਾਰਟੀ ਇਕੱਲਿਆਂ ਚੋਣ ਲੜਨ ਦੀ ਸਥਿਤੀ ਵਿੱਚ ਹੈ। ਇਨ੍ਹਾਂ ਵਿੱਚ ਪਠਾਨਕੋਟ, ਸੁਜਾਨਪੁਰ, ਭੋਆ, ਮੁਕੇਰੀਆਂ, ਜਲੰਧਰ ਵੈਸਟ, ਸੈਂਟਰਲ ਤੇ ਨੌਰਥ, ਲੁਧਿਆਣਾ ਨੌਰਥ, ਈਸਟ ਤੇ ਵੈਸਟ, ਅੰਮ੍ਰਿਤਸਰ ਨੌਰਥ ਤੇ ਸੈਂਟਰਲ, ਦੀਨਾਨਗਰ, ਖਰੜ, ਮੁਹਾਲੀ ਅਤੇ ਸਾਹਨੇਵਾਲ ਸ਼ਾਮਲ ਹਨ। ਭਾਜਪਾ ਭਾਵੇਂ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੀ ਗੱਲ ਕਰ ਰਹੀ ਹੈ, ਪਰ ਗਠਜੋੜ ਹੋਣ ’ਤੇ ਇਹ ਅੰਕੜੇ ਵੱਧ ਸੀਟਾਂ ਮੰਗਣ ਦਾ ਆਧਾਰ ਬਣ ਸਕਦੇ ਹਨ।