ਬਾਈਪਾਸ ਟੀ-ਪੁਆਇੰਟ 'ਤੇ ਝੁਕਿਆ ਯੂਨੀਪੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ
ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਨਕੋਦਰ ਬਾਈਪਾਸ ਟੀ-ਪੁਆਇੰਟ 'ਤੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਝੁਕਿਆ ਯੂਨੀਪੋਲ ਦੇ ਰਿਹਾ ਵੱਡੇ ਹਾਦਸੇ ਨੂੰ ਸੱਦਾ,
Publish Date: Thu, 25 Jun 2026 09:53 PM (IST)
Updated Date: Thu, 25 Jun 2026 09:55 PM (IST)

ਕਿਸੇ ਵੀ ਵੇਲੇ ਹੋ ਸਕਦਾ ਹੈ ਭਾਰੀ ਜਾਨੀ-ਮਾਲੀ ਨੁਕਸਾਨ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ ਨਕੋਦਰ ਬਾਈਪਾਸ ਦੇ ਮੁੱਖ ਟੀ-ਪੁਆਇੰਟ ਤੇ ਲੱਗਾ ਇੱਕ ਵਿਸ਼ਾਲ ਯੂਨੀਪੋਲ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਹੇਠਾਂ ਵੱਲ ਝੁਕਿਆ ਹੋਇਆ ਹੈ, ਜੋ ਕਦੇ ਵੀ ਕਿਸੇ ਭਿਆਨਕ ਹਾਦਸੇ ਦਾ ਕਾਰਨ ਬਣ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੇ ਇਹ ਖ਼ਤਰਨਾਕ ਯੂਨੀਪੋਲ ਲੱਗਾ ਹੋਇਆ ਹੈ, ਉਸ ਦੇ ਬਿਲਕੁਲ ਸਾਹਮਣੇ ਐੱਸ.ਡੀ.ਐੱਮ ਦਫ਼ਤਰ ਅਤੇ ਤਹਿਸੀਲ ਕੰਪਲੈਕਸ ਮੌਜੂਦ ਹੈ, ਜਿੱਥੇ ਰੋਜ਼ਾਨਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਸਬੰਧਤ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਇਸ ਗੰਭੀਰ ਖ਼ਤਰੇ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਇਹ ਟੀ-ਪੁਆਇੰਟ ਬੇਹੱਦ ਰੁੱਝਿਆ ਹੋਇਆ ਇਲਾਕਾ ਹੈ ਕਿਉਂਕਿ ਸ਼ਹਿਰ ਵਿੱਚ ਆਉਣ-ਜਾਣ ਵਾਲਾ ਸਾਰਾ ਟ੍ਰੈਫਿਕ ਇਸੇ ਰਸਤੇ ਤੋਂ ਹੋ ਕੇ ਗੁਜ਼ਰਦਾ ਹੈ। ਇੰਨਾ ਹੀ ਨਹੀਂ, ਇਸ ਝੁਕੇ ਹੋਏ ਯੂਨੀਪੋਲ ਦੇ ਬਿਲਕੁਲ ਹੇਠਾਂ ਚਾਹ-ਜੂਸ ਦੀਆਂ ਰੇੜ੍ਹੀਆਂ ਅਤੇ ਛੋਟੇ ਖੋਖੇ ਲੱਗੇ ਹੋਏ ਹਨ, ਜਿੱਥੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਅਜਿਹੇ ਵਿੱਚ ਜੇਕਰ ਇਹ ਭਾਰੀ-ਭਰਕਮ ਯੂਨੀਪੋਲ ਕਦੇ ਵੀ ਡਿੱਗਦਾ ਹੈ ਤਾਂ ਵੱਡੇ ਪੱਧਰ ਤੇ ਜਾਨੀ-ਮਾਲੀ ਨੁਕਸਾਨ ਹੋਣਾ ਤੈਅ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਖ਼ਤਰਨਾਕ ਸਥਿਤੀ ਦੇ ਸਬੰਧ ਵਿੱਚ ਪਹਿਲਾਂ ਵੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਦੋ-ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਨੂੰ ਠੀਕ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ, ਸ਼ਹਿਰ ਵਿੱਚ ਐਡਵਰਟਾਈਜ਼ਮੈਂਟ (ਇਸ਼ਤਿਹਾਰ) ਲਗਾਉਣ ਲਈ ਨਗਰ ਕੌਂਸਲ ਨੇ ਇੱਕ ਪ੍ਰਾਈਵੇਟ ਫਰਮ ਨੂੰ ਠੇਕਾ ਦੇ ਰੱਖਿਆ ਹੈ। ਇਹ ਪ੍ਰਾਈਵੇਟ ਫਰਮ ਹਰ ਸਾਲ ਇਸ਼ਤਿਹਾਰਬਾਜ਼ੀ ਅਤੇ ਫੀਸ ਦੇ ਰੂਪ ਵਿੱਚ ਲੱਖਾਂ ਰੁਪਏ ਕਮਾਉਂਦੀ ਹੈ ਪਰ ਜਦੋਂ ਗੱਲ ਇਨ੍ਹਾਂ ਯੂਨੀਪੋਲਾਂ ਦੀ ਮੇਨਟੇਨੈਂਸ ਅਤੇ ਸੁਰੱਖਿਆ ਦੀ ਆਉਂਦੀ ਹੈ ਤਾਂ ਇਨ੍ਹਾਂ ਦਾ ਧਿਆਨ ਇਸ ਪਾਸੇ ਬਿਲਕੁਲ ਨਹੀਂ ਜਾਂਦਾ। ਲੋਕਾਂ ਨੇ ਇਹ ਵੀ ਦੱਸਿਆ ਕਿ ਸਿਰਫ਼ ਇਸੇ ਜਗ੍ਹਾ ਨਹੀਂ, ਬਲਕਿ ਸ਼ਹਿਰ ਦੇ ਇੱਕ ਹੋਰ ਬਾਈਪਾਸ ਤੇ ਵੀ ਇਕ ਯੂਨੀਪੋਲ ਦਾ ਹਿੱਸਾ ਇਸੇ ਤਰ੍ਹਾਂ ਹੇਠਾਂ ਵੱਲ ਝੁਕਿਆ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਭਰ ਵਿੱਚ ਲੱਗੇ ਸਾਰੇ ਵੱਡੇ ਯੂਨੀਪੋਲਾਂ ਦੀ ਸੁਰੱਖਿਆ ਨੂੰ ਦੁਬਾਰਾ ਰੀ-ਚੈੱਕ ਕਰਵਾਇਆ ਜਾਵੇ ਅਤੇ ਇਸ ਝੁਕੇ ਹੋਏ ਯੂਨੀਪੋਲ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਣਧੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸਬੰਧਤ ਕੰਪਨੀ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਇਸ ਯੂਨੀਪੋਲ ਨੂੰ ਠੀਕ ਕਰਵਾ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਤੇ ਠੇਕੇਦਾਰ ਕੰਪਨੀ ਇਸ ਤੇ ਕਿੰਨੀ ਜਲਦੀ ਕਾਰਵਾਈ ਅਮਲ ’ਚ ਲਿਆਉਂਦੀ ਹੈ।