- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੁਕੇ ਖੰਭੇ, ਖੋਖਲੇ ਦਰਖਤ ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਦੇ ਜੋੜ ਬਣੇ ਖ਼ਤਰਾ

-ਮੌਨਸੂਨ ਦੀ ਤਿਆਰੀ ਦੇ ਦਾਅਵੇ ਪਰ ਜ਼ਮੀਨੀ ਹਕੀਕਤ ਕੁਝ ਹੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਨਸੂਨ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਵੱਲੋਂ ਤਿਆਰੀ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਹਨ, ਪਰ ਜ਼ਮੀਨੀ ਪੱਧਰ 'ਤੇ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਸ਼ਹਿਰ ’ਚ ਖੋਖਲੇ ਹੋ ਝੁਕੇ ਦਰੱਖਤ, ਕਮਜ਼ੋਰ ਤੇ ਝੁਕੇ ਹੋਏ ਬਿਜਲੀ ਦੇ ਖੰਭੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਬਿਜਲੀ ਦੇ ਖੰਭਿਆਂ ਤੋਂ ਕਰੰਟ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਜੋ ਜਾਨਲੇਵਾ ਸਾਬਤ ਹੋ ਸਕਦਾ ਹੈ। ਸਿਰਫ਼ ਬਿਜਲੀ ਦੇ ਖੰਭੇ ਹੀ ਨਹੀਂ, ਸਗੋਂ ਸਟਰੀਟ ਲਾਈਟਾਂ ਦੇ ਖੰਭਿਆਂ 'ਤੇ ਲਟਕ ਰਹੀਆਂ ਤਾਰਾਂ ਦੇ ਨੰਗੇ ਜੋੜ ਵੀ ਲੋਕਾਂ ਲਈ ਖ਼ਤਰਨਾਕ ਹਨ। ਇਨ੍ਹਾਂ ਨੰਗੇ ਜੋੜਾਂ ਕਾਰਨ ਲੋਹੇ ਦੇ ਖੰਭਿਆਂ ’ਚ ਕਰੰਟ ਆ ਸਕਦਾ ਹੈ। ਨਗਰ ਨਿਗਮ ਨੇ ਦਰਖਤਾਂ ਦੀ ਛੰਟਾਈ ਤਾਂ ਕਰਵਾਈ ਹੈ, ਪਰ ਕਈ ਥਾਵਾਂ 'ਤੇ ਦਰਖਤ ਅਜੇ ਵੀ ਡਿੱਗਣ ਦੀ ਹਾਲਤ ਵਿੱਚ ਹਨ। ਕਚਹਿਰੀ ਚੌਕ ਤੋਂ ਤਹਿਸੀਲ ਕੰਪਲੈਕਸ ਰੋਡ ਤੱਕ ਲੱਗੇ ਦਰਖਤਾਂ ਦੀਆਂ ਟਾਹਣੀਆਂ ਕਈ ਵਾਰ ਟੁੱਟ ਕੇ ਡਿੱਗ ਚੁੱਕੀਆਂ ਹਨ। ਇਸੇ ਤਰ੍ਹਾਂ ਕਾਲਾ ਸੰਘੀਆਂ ਰੋਡ 'ਤੇ ਵੀ ਕਈ ਪੁਰਾਣੇ ਦਰੱਖਤ ਹਰ ਸਾਲ ਡਿੱਗਦੇ ਹਨ। ਸੈਂਟਰਲ ਵਰਜ 'ਤੇ ਲੱਗੇ ਦਰਖਤ ਵੀ ਘੱਟ ਡੂੰਘੀਆਂ ਜੜ੍ਹਾਂ ਕਾਰਨ ਮੀਂਹ ਅਤੇ ਤੇਜ਼ ਹਵਾਵਾਂ ਵਿੱਚ ਡਿੱਗ ਜਾਂਦੇ ਹਨ। ਸ਼ਹਿਰ ਦੇ ਕਈ ਬਿਜਲੀ ਦੇ ਖੰਭੇ ਟੁੱਟੇ ਜਾਂ ਇਕ ਪਾਸੇ ਝੁਕੇ ਹੋਏ ਹਨ। ਮੀਂਹ ਦੌਰਾਨ ਜ਼ਮੀਨ ਨਰਮ ਹੋਣ ਨਾਲ ਇਹ ਡਿੱਗ ਸਕਦੇ ਹਨ ਤੇ ਜੇ ਪਾਣੀ ਖੜ੍ਹਾ ਹੋਵੇ ਤਾਂ ਕਰੰਟ ਫੈਲਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਇਸੇ ਦੌਰਾਨ ਸ਼ਹਿਰ ਵਿੱਚ ਨਵੇਂ ਯੂਨੀਪੋਲ ਵੀ ਲਗਾਏ ਜਾ ਰਹੇ ਹਨ।
---------------------------
ਨਿਗਮ ਅਤੇ ਪਾਵਰਕਾਮ ਦੋਵੇਂ ਬਰਾਬਰ ਜ਼ਿੰਮੇਵਾਰ
ਖੋਖਲੇ ਦਰੱਖਤਾਂ ਤੇ ਖਸਤਾ ਹਾਲਤ ਬਿਜਲੀ ਦੇ ਖੰਭਿਆਂ ਦੇ ਮਾਮਲੇ ’ਚ ਨਗਰ ਨਿਗਮ ਤੇ ਪਾਵਰਕਾਮ ਦੋਵੇਂ ਦੀ ਜ਼ਿੰਮੇਵਾਰੀ ਬਣਦੀ ਹੈ। ਨਿਗਮ ਨੇ ਦਰਖਤਾਂ ਦੀ ਛੰਟਾਈ ਲਈ ਨਵੀਂ ਮਸ਼ੀਨਰੀ ਤਾਂ ਖਰੀਦੀ ਹੈ ਤੇ ਕਈ ਇਲਾਕਿਆਂ ’ਚ ਕੰਮ ਵੀ ਕੀਤਾ ਹੈ, ਪਰ ਖੋਖਲੇ ਦਰਖਤਾਂ ਦੀ ਪਛਾਣ ਨਹੀਂ ਹੋ ਸਕੀ। ਇਸ ਦਾ ਮੁੱਖ ਕਾਰਨ ਹਾਰਟੀਕਲਚਰ ਵਿਭਾਗ ’ਚ ਸਟਾਫ਼ ਦੀ ਘਾਟ ਹੈ। ਵਿਭਾਗ ਕੋਲ ਕੇਵਲ ਇਕ ਲੈਂਡਸਕੇਪਿੰਗ ਅਧਿਕਾਰੀ ਹੈ, ਜਿਸ ਨੂੰ ਹਾਲ ਹੀ ਵਿੱਚ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਈਕੋਰਟ ਦੇ ਹੁਕਮਾਂ ਕਾਰਨ ਦਰਖਤਾਂ ਦੀ ਕਟਾਈ 'ਤੇ ਵੀ ਰੋਕ ਹੈ। ਦੂਜੇ ਪਾਸੇ, ਸ਼ਹਿਰ ’ਚ ਇਕ ਲੱਖ ਤੋਂ ਵੱਧ ਸਟਰੀਟ ਲਾਈਟਾਂ ਤੇ ਕਰੀਬ 50 ਹਜ਼ਾਰ ਖੰਭੇ ਹਨ। ਜ਼ਿਆਦਾਤਰ ਲੋਹੇ ਦੇ ਖੰਭਿਆਂ 'ਤੇ ਤਾਰਾਂ ਦੇ ਨੰਗੇ ਜੋੜ ਮੌਜੂਦ ਹਨ, ਜਿਸ ਕਾਰਨ ਕਰੰਟ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨਿਗਮ ਨਾ ਤਾਂ ਖੁਦ ਇਸ ਦੀ ਸੰਭਾਲ ਕਰ ਪਾ ਰਿਹਾ ਹੈ ਅਤੇ ਨਾ ਹੀ ਠੇਕੇਦਾਰ ਕੰਪਨੀ ਤੋਂ ਢੰਗ ਨਾਲ ਕੰਮ ਕਰਵਾ ਰਿਹਾ ਹੈ। ਪਾਵਰਕਾਮ ਦੇ ਕਈ ਖੰਭਿਆਂ 'ਤੇ ਵੀ ਨੰਗੇ ਜੋੜ ਹਨ ਤੇ ਕਈ ਖੰਭੇ ਡਿੱਗਣ ਵਾਲੀ ਹਾਲਤ ’ਚ ਹਨ।
--------------------------
ਖਰਾਬ ਖੰਭੇ ਬਦਲੇ ਜਾ ਰਹੇ ਹਨ, ਤਾਰਾਂ ਦੀ ਟੇਪਿੰਗ ਜਾਰੀ : ਗੁਲਸ਼ਨ ਚੁਟਾਨੀ
ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ ਵਿਭਾਗ ਪੂਰੀ ਤਿਆਰੀ ’ਚ ਲੱਗਾ ਹੋਇਆ ਹੈ। ਜਲੰਧਰ ਸਰਕਲ ’ਚ ਕਰੀਬ ਇਕ ਲੱਖ ਬਿਜਲੀ ਦੇ ਖੰਭੇ ਹਨ। ਜੋ ਖੰਭੇ ਖਰਾਬ ਜਾਂ ਟੁੱਟਣ ਵਾਲੀ ਹਾਲਤ ’ਚ ਹੁੰਦੇ ਹਨ, ਉਨ੍ਹਾਂ ਨੂੰ ਤੁਰੰਤ ਬਦਲਿਆ ਜਾਂਦਾ ਹੈ। ਲੋਕਾਂ ਤੋਂ ਸ਼ਿਕਾਇਤ ਮਿਲਣ 'ਤੇ ਵੀ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਬ-ਸਟੇਸ਼ਨਾਂ ਦੀਆਂ ਬੱਸ ਬਾਰਾਂ 'ਤੇ ਸਿਲੀਕਾਨ ਕੋਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਮੀ ਕਾਰਨ ਫਾਲਟ ਨਾ ਆਵੇ। ਤੰਗ ਬਾਜ਼ਾਰਾਂ ’ਚ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜਾਂ 'ਤੇ ਟੇਪਿੰਗ ਕੀਤੀ ਜਾ ਰਹੀ ਹੈ। ਪੁਰਾਣੀਆਂ ਟਰਾਂਸਫਾਰਮਰ ਲੀਡਾਂ ਬਦਲੀਆਂ ਜਾ ਰਹੀਆਂ ਹਨ ਤੇ ਤਾਰਾਂ ਨਾਲ ਲੱਗੀਆਂ ਦਰੱਖਤਾਂ ਦੀਆਂ ਟਾਹਣੀਆਂ ਵੀ ਕੱਟੀਆਂ ਜਾ ਰਹੀਆਂ ਹਨ ਤਾਂ ਜੋ ਮੀਂਹ ਜਾਂ ਤੇਜ਼ ਹਵਾ ਦੌਰਾਨ ਕੋਈ ਹਾਦਸਾ ਨਾ ਵਾਪਰੇ।
----------------------------
ਸਟਰੀਟ ਲਾਈਟਾਂ ਦੇ ਰੱਖ-ਰਖਾਅ ਦਾ ਨਵਾਂ ਠੇਕਾ ਦਿੱਤਾ: ਜਸਪਾਲ ਲੱਖਾ
ਨਗਰ ਨਿਗਮ ਦੇ ਐਸਈ ਜਸਪਾਲ ਲੱਖਾ ਨੇ ਦੱਸਿਆ ਕਿ 30 ਹਜ਼ਾਰ ਸਟਰੀਟ ਲਾਈਟਾਂ ਦੇ ਰੱਖ-ਰਖਾਅ ਦਾ ਨਵਾਂ ਠੇਕਾ ਦਿੱਤਾ ਗਿਆ ਹੈ, ਜਦਕਿ 77 ਹਜ਼ਾਰ ਲਾਈਟਾਂ ਪਹਿਲਾਂ ਹੀ ਇਕ ਕੰਪਨੀ ਕੋਲ ਹਨ। ਕੰਪਨੀ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਥਾਂ ਸਟਰੀਟ ਲਾਈਟਾਂ ਕਾਰਨ ਕੋਈ ਖ਼ਤਰਾ ਨਾ ਬਣੇ। ਤਾਰਾਂ ਦੇ ਜੋੜਾਂ 'ਤੇ ਟੇਪ ਲਗਾਈ ਜਾਵੇ ਅਤੇ ਜੇ ਕੋਈ ਖੰਭਾ ਡਿੱਗਣ ਵਾਲੀ ਹਾਲਤ ’ਚ ਹੋਵੇ ਤਾਂ ਉਸ ਨੂੰ ਤੁਰੰਤ ਬਦਲਿਆ ਜਾਵੇ। ਇਸ ਸਬੰਧੀ ਕੰਪਨੀ ਨੂੰ ਇੱਕ ਹੋਰ ਪੱਤਰ ਵੀ ਜਾਰੀ ਕੀਤਾ ਜਾਵੇਗਾ।
-------------------------
ਮਾਨਸੂਨ ਤੋਂ ਪਹਿਲਾਂ ਸਰਵੇ ਕਰਨਾ ਲਾਜ਼ਮੀ: ਗੀਤੇਸ਼ ਕੁਮਾਰ
ਆਰਕੀਟੈਕਟ ਗੀਤੇਸ਼ ਕੁਮਾਰ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਜਰਜਰ ਅਤੇ ਖ਼ਤਰਨਾਕ ਦਰਖਤਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਛੰਟਾਈ ਜਾਂ ਹਟਾਉਣ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਰਾਣੇ ਬਿਜਲੀ ਦੇ ਖੰਭਿਆਂ ਤੇ ਢਿੱਲੀਆਂ ਤਾਰਾਂ ਦੀ ਜਾਂਚ ਅਤੇ ਮੁਰੰਮਤ ਲਾਜ਼ਮੀ ਹੈ। ਇਸ ਦੇ ਨਾਲ ਹੀ ਖਸਤਾ ਹਾਲਤ ਇਮਾਰਤਾਂ ਦਾ ਸਰਵੇ ਕਰਕੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਤੇ ਲੋੜ ਪੈਣ 'ਤੇ ਇਮਾਰਤਾਂ ਨੂੰ ਖਾਲੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ, ਨਗਰ ਨਿਗਮ ਤੇ ਬਿਜਲੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੂੰ ਸੰਵੇਦਨਸ਼ੀਲ ਇਲਾਕਿਆਂ ’ਚ ਨਿਗਰਾਨੀ ਰੱਖਣੀ ਚਾਹੀਦੀ ਹੈ।