‘ਬੇਟੀ ਬਚਾਓ’ ਮੁਹਿੰਮ ਤਹਿਤ ਲਗਾਇਆ ਜਾਗਰੂਕਤਾ ਕੈਂਪ
‘ਬੇਟੀ ਬਚਾਓ’ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ
Publish Date: Tue, 16 Jun 2026 08:00 PM (IST)
Updated Date: Wed, 17 Jun 2026 04:09 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਆਯੁਸ਼ਮਾਨ ਆਰੋਗਿਆ ਕੇਂਦਰ ਡੀਂਗਰੀਆਂ ਵਿਖੇ ‘ਬੇਟੀ ਬਚਾਓ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਕੈਂਪ ਦਾ ਉਦੇਸ਼ ਲੋਕਾਂ ਨੂੰ ਧੀਆਂ ਦੇ ਜਨਮ, ਸਿੱਖਿਆ, ਸੁਰੱਖਿਆ ਤੇ ਸਮਾਜ ਵਿੱਚ ਉਨ੍ਹਾਂ ਦੀ ਬਰਾਬਰ ਦੀ ਭੂਮਿਕਾ ਸਬੰਧੀ ਜਾਗਰੂਕ ਕਰਨਾ ਸੀ। ਬਲਾਕ ਮਾਸ ਮੀਡੀਆ ਅਫ਼ਸਰ ਮਾਨਵ ਸ਼ਰਮਾ, ਹੈਲਥ ਸੁਪਰਵਾਈਜ਼ਰ ਅਜੀਤ ਸਿੰਘ ਬੈਂਸ, ਐੱਲਐੱਚਵੀ ਅਨੁਰਾਧਾ, ਕਮਿਊਨਿਟੀ ਹੈਲਥ ਅਫ਼ਸਰ ਨਵਦੀਪ ਕੌਰ, ਸਰਪੰਚ ਬਲਵੰਤ ਸਿੰਘ, ਪੰਚਾਇਤ ਮੈਂਬਰ ਰਣਜੀਤ ਕੌਰ, ਜਸਵਿੰਦਰ ਕੌਰ, ਦਿਲਬਾਗ ਸਿੰਘ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਡਾ. ਬਲਜੀਤ ਸਿੰਘ ਪਾਲ ਨੇ ਕਿਹਾ ਕਿ ਧੀਆਂ ਸਮਾਜ ਦੀ ਅਮੂਲ ਧਰੋਹਰ ਹਨ ਅਤੇ ਉਨ੍ਹਾਂ ਨੂੰ ਸਿੱਖਿਆ, ਸਿਹਤ ਤੇ ਵਿਕਾਸ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਲਿੰਗ ਅਧਾਰਿਤ ਭੇਦਭਾਵ ਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਕਾਰਨ ਸਮਾਜਿਕ ਸੰਤੁਲਨ ਪ੍ਰਭਾਵਿਤ ਹੁੰਦਾ ਹੈ ਤੇ ਲਿੰਗ ਅਨੁਪਾਤ ਵਿੱਚ ਘਾਟ ਆਉਂਦੀ ਹੈ। ਕੈਂਪ ਦੌਰਾਨ ਹਾਜ਼ਰੀਨ ਨੂੰ ਪੀਸੀਪੀਐੱਨਡੀਟੀ ਐਕਟ, 1994 ਬਾਰੇ ਵੀ ਵਿਸਥਾਰ ਨਾਲ ਦੱਸਿਆ। ਬੁਲਾਰਿਆਂ ਅਨੁਸਾਰ ਇਹ ਕਾਨੂੰਨ ਭਰੂਣ ਦਾ ਲਿੰਗ ਪਤਾ ਕਰਨ ਅਤੇ ਲਿੰਗ ਚੋਣ ਨਾਲ ਸਬੰਧਿਤ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕਣ ਲਈ ਬਣਾਇਆ ਹੈ। ਇਸ ਕਾਨੂੰਨ ਤਹਿਤ ਭਰੂਣ ਦਾ ਲਿੰਗ ਦੱਸਣਾ ਜਾਂ ਇਸ ਸਬੰਧੀ ਜਾਂਚ ਕਰਵਾਉਣਾ ਅਪਰਾਧ ਹੈ, ਜਿਸ ਲਈ ਕੈਦ ਤੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅਲਟਰਾਸਾਊਂਡ ਕੇਂਦਰਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਜੋ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ। ਬਲਾਕ ਮਾਸ ਮੀਡੀਆ ਅਫ਼ਸਰ ਮਾਨਵ ਸ਼ਰਮਾ ਨੇ ਕਿਹਾ ਕਿ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਯਤਨ ਜਾਰੀ ਹਨ। ‘ਬੇਟੀ ਬਚਾਓ’ ਮੁਹਿੰਮ ਨੇ ਲੋਕਾਂ ਦੀ ਸੋਚ ’ਚ ਸਕਾਰਾਤਮਕ ਬਦਲਾਅ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਧੀਆਂ ਨੂੰ ਸਿੱਖਿਆ, ਸਿਹਤ ਤੇ ਵਿਕਾਸ ਦੇ ਬਰਾਬਰ ਮੌਕੇ ਮਿਲਣ ਨਾਲ ਹੀ ਇਕ ਸਿਹਤਮੰਦ ਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਸੰਭਵ ਹੈ। ਕੈਂਪ ਦੌਰਾਨ ਲੋਕਾਂ ਨੂੰ ਧੀਆਂ ਦੀ ਸਿਹਤ, ਪੋਸ਼ਣ, ਸਿੱਖਿਆ ਤੇ ਸੁਰੱਖਿਆ ਸਬੰਧੀ ਜਾਣਕਾਰੀ ਵੀ ਦਿੱਤੀ। ਇਸਦੇ ਨਾਲ ਹੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਭਰੂਣ ਲਿੰਗ ਜਾਂਚ ਜਾਂ ਭਰੂਣ ਹੱਤਿਆ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਅੰਤ ’ਚ ਸਰਪੰਚ ਬਲਵੰਤ ਸਿੰਘ ਨੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੂੰ ‘ਬੇਟੀ ਬਚਾਓ’ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਤੇ ਧੀਆਂ ਨੂੰ ਸਨਮਾਨ, ਸੁਰੱਖਿਆ ਅਤੇ ਬਰਾਬਰੀ ਦਾ ਦਰਜਾ ਦਿਵਾਉਣ ਲਈ ਯੋਗਦਾਨ ਦੇਣ ਦਾ ਸੱਦਾ ਦਿੱਤਾ।