ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦਾ ਹੱਥ ਸੜਿਆ, ਚਿਹਰੇ ’ਤੇ ਲੱਗੇ ਟਾਂਕੇ
ਕਰੰਟ ਲੱਗਣ ਨਾਲ ਅਸਿਸਟੈਂਟ ਲਾਈਨਮੈਨ ਦਾ ਹੱਥ ਸੜਿਆ, ਚਿਹਰੇ ’ਤੇ ਲੱਗੇ ਟਾਂਕੇ; ਪਾਵਰਕਾਮ ਨੇ ਜਾਂਚ ਦੇ ਦਿੱਤੇ ਹੁਕਮ
Publish Date: Fri, 12 Jun 2026 10:46 PM (IST)
Updated Date: Fri, 12 Jun 2026 10:47 PM (IST)

-ਡਿਪਟੀ ਚੀਫ ਇੰਜੀਨੀਅਰ ਚੁਟਾਨੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ -ਜਾਂਚ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਬੀਰ ਨਗਰ ਦੇ ਰਹਿਣ ਵਾਲੇ ਪਾਵਰਕਾਮ ਮੁਲਾਜ਼ਮ ਰਾਜਿੰਦਰ ਕੁਮਾਰ ਕੰਮ ਦੌਰਾਨ ਕਰੰਟ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਰਾਜਿੰਦਰ ਕੁਮਾਰ 11 ਕੇਵੀ ਲਾਈਨ ‘ਤੇ ਕੰਮ ਕਰ ਰਹੇ ਸਨ ਕਿ ਅਚਾਨਕ ਲਾਈਨ ’ਚ ਕਰੰਟ ਆ ਜਾਣ ਕਾਰਨ ਡਿੱਗ ਪਏ। ਡਿੱਗਣ ਨਾਲ ਉਨ੍ਹਾਂ ਦਾ ਹੱਥ ਬੁਰੀ ਤਰ੍ਹਾਂ ਸੜ ਗਿਆ ਤੇ ਚਿਹਰੇ ‘ਤੇ ਵੀ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਕਾਰਨ ਟਾਂਕੇ ਲਗਾਉਣੇ ਪਏ। ਵੀਰਵਾਰ ਦੁਪਹਿਰ ਕਰੀਬ 12:30 ਵਜੇ ਇਹ ਹਾਦਸਾ ਮਕਸੂਦਾਂ ਸਥਿਤ 11 ਕੇਵੀ ਲਾਈਨ ‘ਤੇ ਵਾਪਰਿਆ। ਮੌਕੇ ‘ਤੇ ਮੌਜੂਦ ਇੱਕ ਲਾਈਨਮੈਨ ਨੇ ਦੋਸ਼ ਲਾਇਆ ਕਿ ਜੇਈ ਨੇ ਜਿਸ ਲਾਈਨ ਦਾ ਪਰਮਿਟ ਲਿਆ ਹੋਇਆ ਸੀ, ਉਸ ’ਤੇ ਕੰਮ ਨਹੀਂ ਕਰਵਾਇਆ ਜਾ ਰਿਹਾ ਸੀ, ਸਗੋਂ ਕਿਸੇ ਹੋਰ ਲਾਈਨ ‘ਤੇ ਕੰਮ ਕਰਵਾਇਆ ਜਾ ਰਿਹਾ ਸੀ। ਹਾਲਾਂਕਿ ਪਾਵਰਕਾਮ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ। ਰਾਜਿੰਦਰ ਕੁਮਾਰ ਨੂੰ ਹੁਣ ਹੋਸ਼ ਆ ਚੁੱਕੀ ਹੈ। ਉਨ੍ਹਾਂ ਦੇ ਸਾਥੀਆਂ ਨੇ ਮੰਗ ਕੀਤੀ ਹੈ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। --------------------------- ਮਾਮਲੇ ਦੀ ਜਾਂਚ ਹੋਵੇਗੀ, ਬਣਦੀ ਕਾਰਵਾਈ ਕੀਤੀ ਜਾਵੇਗੀ ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਅਸਿਸਟੈਂਟ ਲਾਈਨਮੈਨ ਨੂੰ ਕਰੰਟ ਲੱਗਣ ਦੀ ਸੂਚਨਾ ਮਿਲ ਚੁੱਕੀ ਹੈ ਤੇ ਉਸ ਦਾ ਤੁਰੰਤ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ। ਕਰੰਟ ਕਿਵੇਂ ਲੱਗਾ, ਕਿਹੜਾ ਕੰਮ ਕੀਤਾ ਜਾ ਰਿਹਾ ਸੀ ਤੇ ਕੀ ਮੁਲਾਜ਼ਮ ਨੇ ਸੁਰੱਖਿਆ ਉਪਕਰਣ ਪਹਿਨੇ ਹੋਏ ਸਨ, ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ’ਚ ਰੱਖ ਕੇ ਜਾਂਚ ਕੀਤੀ ਜਾਵੇਗੀ। ਜੇ ਜਾਂਚ ਵਿੱਚ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਲਈ ਜਲਦ ਹੀ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ।