- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਡਰ-18 ਏਸ਼ੀਆ ਕੱਪ ’ਚ ਸੋਨ ਤਮਗਾ ਜਿੱਤ ਕੇ ਅਰਸ਼ਦੀਪ ਨੇ ਪਿੰਡ ਤੇਹਿੰਗ ਦਾ ਨਾਮ ਰੌਸ਼ਨ ਕੀਤਾ

-ਅਰਸ਼ਦੀਪ ਨੂੰ ਬਾਈਕ, ਨਕਦ ਰਾਸ਼ੀ ਤੇ ਯਾਦਚਿੰਨ੍ਹ ਦੇ ਕੇ ਕੀਤਾ ਸਨਮਾਨਿਤ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਤੇਹਿੰਗ ਦੀ ਏਕਨੂਰ ਹਾਕੀ ਅਕੈਡਮੀ ਦੇ ਹੋਣਹਾਰ ਖਿਡਾਰੀ ਅਰਸ਼ਦੀਪ ਸਿੰਘ ਨੇ ਜਪਾਨ ’ਚ ਹੋਏ ਅੰਡਰ-18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਸੋਨੇ ਦਾ ਮੈਡਲ ਜਿੱਤ ਕੇ ਆਪਣੇ ਪਿੰਡ, ਇਲਾਕੇ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ। ਅਰਸ਼ਦੀਪ, ਜੋ ਇਸ ਸਮੇਂ ਰਾਊਂਡ ਗਲਾਸ ਹਾਕੀ ਅਕੈਡਮੀ, ਚੰਡੀਗੜ੍ਹ ਨਾਲ ਸਿਖਲਾਈ ਪ੍ਰਾਪਤ ਕਰ ਰਿਹਾ ਹੈ, ਨੇ ਆਪਣੀ ਮਿਹਨਤ ਨਾਲ ਇਹ ਮਾਣ ਹਾਸਲ ਕੀਤਾ। ਪਿੰਡ ਵਾਪਸੀ ‘ਤੇ ਉਸ ਦਾ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਏਕਨੂਰ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਅਤੇ ਵਿਦੇਸ਼ ਵਸਦੇ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ ਕੀਤਾ। ਪਿੰਡ ਵਾਸੀਆਂ ਵੱਲੋਂ ਅਰਸ਼ਦੀਪ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਨਿਰਮਲ ਸਿੰਘ (ਯੂਕੇ) ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਰਸ਼ਦੀਪ ਨੂੰ ਮੋਟਰਸਾਈਕਲ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ। ਇਸ ਨਾਲ ਹੀ ਯਾਦਚਿੰਨ੍ਹ ਵੀ ਭੇਟ ਕੀਤਾ ਗਿਆ। ਸਮਾਗਮ ਵਿੱਚ ਪਿੰਡ ਦੇ ਸਰਪੰਚ ਨਿਰਮਲ ਸਿੰਘ, ਤੇਜਾ ਸਿੰਘ ਜੌਹਲ, ਲਸ਼ਕਰੀ ਰਾਮ, ਗੁਰਜੀਤ ਸਿੰਘ, ਤਰਸੇਮ ਲਾਲ, ਮਨੀ ਧਾਲੀਵਾਲ, ਦਵਿੰਦਰ ਸਿੰਘ ਜੱਸਲ, ਹੰਸ ਰਾਜ, ਸੁਖਵੰਤ ਸਿੰਘ, ਪ੍ਰੇਮ ਬਹਾਦਰ, ਸਲਿੰਦਰ ਸਿੰਘ ਨੂਰੇਵਾਲ ਸਮੇਤ ਹੋਰ ਪਤਵੰਤੇ ਸੱਜਣ ਅਤੇ ਗ੍ਰਾਮ ਪੰਚਾਇਤ ਦੇ ਮੈਂਬਰ ਹਾਜ਼ਰ ਸਨ। ਮੁੱਖ ਮਹਿਮਾਨ ਪ੍ਰਿੰਸੀਪਲ ਪਰਮਜੀਤ ਕੌਰ ਜੱਸਲ ਸਨ, ਜਿਨ੍ਹਾਂ ਨੇ ਵੀ ਅਰਸ਼ਦੀਪ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਲਸ਼ਕਰੀ ਰਾਮ ਨੇ ਏਕਨੂਰ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਅਕੈਡਮੀ ਵੱਲੋਂ ਖਿਡਾਰੀਆਂ ਨੂੰ ਮੁਫ਼ਤ ਹਾਕੀਆਂ, ਗੇਂਦਾਂ, ਵਰਦੀਆਂ, ਦਵਾਈਆਂ ਤੇ ਹੋਰ ਲੁੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਖਿਡਾਰੀਆਂ ਦੀ ਸਿੱਖਿਆ ਸਬੰਧੀ ਫੀਸਾਂ, ਮੁਕਾਬਲਿਆਂ ਵਿੱਚ ਆਉਣ-ਜਾਣ ਦਾ ਖਰਚਾ, ਖਾਣ-ਪੀਣ ਤੇ ਹੋਰ ਜ਼ਰੂਰੀ ਖਰਚੇ ਵੀ ਅਕੈਡਮੀ ਵੱਲੋਂ ਉਠਾਏ ਜਾਂਦੇ ਹਨ। ਅਕੈਡਮੀ ਕੋਲ ਆਪਣੀ ਬੱਸ ਵੀ ਹੈ, ਜਿਸ ਰਾਹੀਂ ਖਿਡਾਰੀਆਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਲਿਜਾਇਆ ਜਾਂਦਾ ਹੈ। ਲੋੜ ਪੈਣ ’ਤੇ ਖਿਡਾਰੀਆਂ ਦੇ ਪਰਿਵਾਰਾਂ ਦੀਆਂ ਮੈਡੀਕਲ ਜ਼ਰੂਰਤਾਂ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ। ਸਮਾਗਮ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖੇਡਾਂ ਵਿੱਚ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਯੋਗ ਸਨਮਾਨ ਤੇ ਉਤਸ਼ਾਹ ਪ੍ਰਦਾਨ ਕੀਤਾ ਜਾਵੇ, ਤਾਂ ਜੋ ਹੋਰ ਨੌਜਵਾਨ ਵੀ ਖੇਡਾਂ ਵੱਲ ਪ੍ਰੇਰਿਤ ਹੋ ਸਕਣ।