- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਾਲੀ ਨਾਲ ਲੱਦੀ ਟਰੈਕਟਰ-ਟਰਾਲੀ ਕਥਿਤ ਤੌਰ 'ਤੇ ਅਚਾਨਕ ਹਾਈਵੇਅ 'ਤੇ ਆ ਗਈ ਅਤੇ ਪਿੱਛੋਂ ਆ ਰਿਹਾ ਮੋਟਰਸਾਈਕਲ ਉਸ ਨਾਲ ਟਕਰਾ ਗਿਆ। ਮ੍ਰਿਤਕਾਂ ਦੀ ਪਛਾਣ 16 ਸਾਲਾ ਹਰਜੋਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਪੰਧੇਰ ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਵਜੋਂ ਹੋਈ ਹੈ।

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ: ਜਲੰਧਰ-ਮੋਗਾ ਨੈਸ਼ਨਲ ਹਾਈਵੇਅ 'ਤੇ ਪਿੰਡ ਲੱਧੜਾ ਅੱਡੇ ਨੇੜੇ ਸ਼ੁੱਕਰਵਾਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਹੋਣਹਾਰ ਕਬੱਡੀ ਖਿਡਾਰੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਾਲੀ ਨਾਲ ਲੱਦੀ ਟਰੈਕਟਰ-ਟਰਾਲੀ ਕਥਿਤ ਤੌਰ 'ਤੇ ਅਚਾਨਕ ਹਾਈਵੇਅ 'ਤੇ ਆ ਗਈ ਅਤੇ ਪਿੱਛੋਂ ਆ ਰਿਹਾ ਮੋਟਰਸਾਈਕਲ ਉਸ ਨਾਲ ਟਕਰਾ ਗਿਆ। ਮ੍ਰਿਤਕਾਂ ਦੀ ਪਛਾਣ 16 ਸਾਲਾ ਹਰਜੋਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਪੰਧੇਰ ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਵਜੋਂ ਹੋਈ ਹੈ। ਜ਼ਖ਼ਮੀ 17 ਸਾਲਾ ਹਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਬਿੱਲਾ ਚਾਊ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਤਿੰਨੇ ਪੱਕੇ ਦੋਸਤ ਅਤੇ ਕਬੱਡੀ ਖਿਡਾਰੀ ਸਨ।
ਟਰਾਲੀ ਅਚਾਨਕ ਹਾਈਵੇਅ 'ਤੇ ਲਿਆਉਣ ਦਾ ਦੋਸ਼
ਜਾਣਕਾਰੀ ਅਨੁਸਾਰ ਤਿੰਨੇ ਦੋਸਤ ਮਲਸੀਆਂ ਵੱਲੋਂ ਆਪਣੇ ਪਿੰਡ ਵਾਪਸ ਆ ਰਹੇ ਸਨ। ਲੱਧੜਾ ਅੱਡੇ ਨੇੜੇ ਖੜ੍ਹੀ ਟਰੈਕਟਰ-ਟਰਾਲੀ ਦੇ ਚਾਲਕ ਨੇ ਕਥਿਤ ਤੌਰ 'ਤੇ ਬਿਨਾਂ ਪਿੱਛੇ ਦੇਖੇ ਟਰਾਲੀ ਹਾਈਵੇਅ 'ਤੇ ਲਿਆ ਦਿੱਤੀ, ਜਿਸ ਕਾਰਨ ਮੋਟਰਸਾਈਕਲ ਪਰਾਲੀ ਦੀਆਂ ਗੱਠਾਂ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਹਰਜੋਤ ਅਤੇ ਗੁਰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੁਝ ਦਿਨਾਂ ਬਾਅਦ ਯੂਕੇ ਜਾਣਾ ਸੀ ਦੀਪਾ ਨੇ
ਮ੍ਰਿਤਕ ਗੁਰਦੀਪ ਸਿੰਘ ਦੇ ਮਾਮਾ ਗੁਰਪਾਲ ਸਿੰਘ ਨੇ ਦੱਸਿਆ ਕਿ ਤਿੰਨੇ ਦੋਸਤ ਇਕੱਠੇ ਪੜ੍ਹਦੇ ਅਤੇ ਕਬੱਡੀ ਖੇਡਦੇ ਸਨ। ਗੁਰਦੀਪ ਦੇ ਯੂਕੇ ਜਾਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਉਨ੍ਹਾਂ ਅਤੇ ਸਥਾਨਕ ਲੋਕਾਂ ਨੇ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਡਰਾਈਵਰ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ
ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਸਦਰ ਦੇ ਇੰਚਾਰਜ ਪਰਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀਆਂ ਗਈਆਂ ਹਨ। ਮੁਲਜ਼ਮ ਦੀ ਪਛਾਣ ਕਰਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਵਿਧਾਇਕ ਇੰਦਰਜੀਤ ਕੌਰ ਵੀ ਹਸਪਤਾਲ ਪਹੁੰਚੇ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।