ਪ੍ਰਾਪਰਟੀ ਡੀਲਰ 'ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ ਪ੍ਰਾਪਰਟੀ ਡੀਲਰ 'ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ
Publish Date: Sun, 05 Jul 2026 06:30 PM (IST)
Updated Date: Mon, 06 Jul 2026 04:06 AM (IST)
* ਭਰੋਸੇਯੋਗ ਸੂਚਨਾ ਮਿਲਣ ’ਤੇ ਪੁਲਿਸ ਨੇ ਕੀਤੀ ਛਾਪੇਮਾਰੀ * ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਸੀਆਈਏ ਸਟਾਫ ਜਲੰਧਰ ਦਿਹਾਤ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਨੇ ਅਟਵਾਲ ਕਾਲੋਨੀ ਫਿਲੌਰ ਵਿਖੇ ਪਿਛਲੇ ਸਾਲ ਅਕਤੂਬਰ ਮਹੀਨੇ ਨੂੰ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਉਰਫ਼ ਗੋਰਾ ਤੇ ਉਸ ਦੇ ਸਾਥੀ ਸੰਜੀਵ ਸ਼ਰਮਾ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਜਲੰਧਰ ਦਿਹਾਤ ਹਰਵਿੰਦਰ ਸਿੰਘ ਵਿਰਕ, ਪੀਪੀਐੱਸ ਨੇ ਦੱਸਿਆ ਕਿ 18.10.2025 ਨੂੰ ਸੰਜੀਵ ਪੁੱਤਰ ਵਿਜੈ ਸ਼ਰਮਾ ਵਾਸੀ ਔੜ, ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬਿਆਨ ਦਰਜ ਕਰਵਾਇਆ ਕਿ ਕਰੀਬ ਸ਼ਾਮ 4:30 ਤੋਂ 5:00 ਵਜੇ ਦੇ ਦਰਮਿਆਨ ਉਹ ਆਪਣੇ ਕਾਰੋਬਾਰੀ ਸਾਥੀ ਮਨਦੀਪ ਸਿੰਘ ਉਰਫ਼ ਗੋਰਾ ਨਾਲ ਅਟਵਾਲ ਕਾਲੋਨੀ ਫਿਲੌਰ ਵਿਖੇ ਆਪਣੇ ਦਫ਼ਤਰ ਦੇ ਬਾਹਰ ਪਾਰਕ ’ਚ ਮੌਜੂਦ ਸੀ। ਇਸ ਦੌਰਾਨ ਪੀਬੀ37-ਕੇ-3777 ਨੰਬਰ ਵਾਲੀ ਇਕ ਥਾਰ ਗੱਡੀ ਉੱਥੇ ਆ ਕੇ ਰੁਕੀ, ਜਿਸ ਵਿਚੋਂ ਦੋ ਵਿਅਕਤੀ ਬਾਹਰ ਉਤਰੇ। ਉਨ੍ਹਾਂ ਵਿਚੋਂ ਇਕ ਦੀ ਪਛਾਣ ਰਾਹੁਲ ਉਰਫ਼ ਰਿਤੀਸ਼ ਵਾਸੀ ਲੱਕੜ ਮੰਡੀ, ਫਿਲੌਰ ਵਜੋਂ ਹੋਈ, ਜਿਸ ਨੇ ਮਨਦੀਪ ਸਿੰਘ ਉਰਫ਼ ਗੋਰਾ ਨੂੰ ਗੱਲਬਾਤ ਕਰਨ ਬਹਾਨੇ ਬਾਹਰ ਬੁਲਾਇਆ। ਕੁਝ ਹੀ ਪਲਾਂ ਬਾਅਦ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸੰਜੀਵ ਸ਼ਰਮਾ ਤੇ ਮਨਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਉਰਫ਼ ਰਿਤੀਸ਼ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ, ਜਿਨ੍ਹਾਂ ’ਚੋਂ ਇਕ ਗੋਲ਼ੀ ਸੰਜੀਵ ਸ਼ਰਮਾ ਦੇ ਖੱਬੇ ਗੋਡੇ ਤੋਂ ਉੱਪਰ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਥਾਰ ਗੱਡੀ ’ਚ ਮੌਕੇ ਤੋਂ ਫ਼ਰਾਰ ਹੋ ਗਏ। ਇਸ ਬਿਆਨ ਦੇ ਆਧਾਰ ਤੇ ਇੰਸਪੈਕਟਰ ਅਮਨ ਸੈਣੀ ਮੁੱਖ ਅਫ਼ਸਰ ਥਾਣਾ ਫਿਲੌਰ ਵੱਲੋਂ ਮੁਕੱਦਮਾ ਨੰਬਰ 336 ਮਿਤੀ 18.10.2025 ਅਧੀਨ ਧਾਰਾ 109, 3(5) ਬੀ.ਐਨ.ਐੱਸ. ਅਤੇ 25/27/54/59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ। ਤਫ਼ਤੀਸ਼ ਦੌਰਾਨ ਧਾਰਾ 25(1-ਬੀ)(ਏ), 27(1), 54, 59 ਆਰਮਜ਼ ਐਕਟ ਅਤੇ ਧਾਰਾ 61(2), 49, 308(5), 351(3) ਅਤੇ 332(ਬੀ) ਦਾ ਵਾਧਾ ਜੁਰਮ ਵੀ ਸ਼ਾਮਲ ਕੀਤਾ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੂਜਾ ਫਾਇਰ ਕਰਨ ਵਾਲਾ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਵਾਸੀ ਲੱਕੜ ਮੰਡੀ, ਫਿਲੌਰ, ਜ਼ਿਲ੍ਹਾ ਜਲੰਧਰ ਹੈ। ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਲਈ ਇਸ ਕੇਸ ਦੀ ਤਫ਼ਤੀਸ਼ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਨੂੰ ਸੌਂਪੀ ਗਈ। ਬੀਤੇ ਦਿਨੀਂ ਇੰਸਪੈਕਟਰ ਪੁਸ਼ਪ ਬਾਲੀ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਨੂਰਮਹਿਲ ਇਲਾਕੇ ’ਚ ਦੇਖਿਆ ਗਿਆ ਹੈ। ਇਸ ਸੂਚਨਾ ਦੇ ਆਧਾਰ ਤੇ ਏਐੱਸਆਈ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਪਾਸਲਾ ਵਿਖੇ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਇਸ ਮੁਕੱਦਮੇ ’ਚ ਵਿਧੀਵਤ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਨਦੀਪ ਸਿੰਘ ਉਰਫ਼ ਰਮਨ ਆਪਣੇ ਸਾਥੀ ਰਾਹੁਲ ਉਰਫ਼ ਰਿਤੀਸ਼ ਨਾਲ ਫ਼ਰਾਰ ਹੋ ਗਿਆ ਸੀ ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਦਾ ਫਿਰ ਰਿਹਾ ਸੀ। ਉਸ ਨੂੰ ਉਸਦੇ ਨਾਨਕੇ ਪਿੰਡ ਪਾਸਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਦੇ ਫ਼ਰਾਰ ਸਾਥੀ ਰਾਹੁਲ ਉਰਫ਼ ਰਿਤੀਸ਼ ਦੀ ਗ੍ਰਿਫ਼ਤਾਰੀ, ਵਾਰਦਾਤ ’ਚ ਵਰਤੇ ਗਏ ਹਥਿਆਰ ਦੇ ਸਰੋਤ, ਭੱਜਣ ਲਈ ਵਰਤੇ ਗਏ ਵਾਹਨਾਂ ਦੀ ਬਰਾਮਦਗੀ ਅਤੇ ਫ਼ਰਾਰੀ ਦੌਰਾਨ ਉਹ ਕਿੱਥੇ ਅਤੇ ਕਿਸ-ਕਿਸ ਕੋਲ ਠਹਿਰਿਆ ਰਿਹਾ, ਸਬੰਧੀ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੁਲਜ਼ਮ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ਨੂੰ ਕਾਨੂੰਨ ਅਨੁਸਾਰ ਅਟੈਚ ਕਰਨ ਦੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾਵੇਗੀ।