- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਚ ਮੁਨੀਸ਼ ਸਿਸੋਦੀਆ ਪਹੁੰਚੇ ਨਾਰੀ ਨਿਕੇਤਨ

ਨਾਰੀ ਨਿਕੇਤਨ ਤੇ ਏਐੱਨ ਗੁਜਰਾਲ ਸਕੂਲ ਦੇ ਬੱਚਿਆਂ ਨਾਲ ਬਿਤਾਇਆ ਸਮਾਂ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਜਲੰਧਰ ਦੌਰੇ ਦੌਰਾਨ ਜਲੰਧਰ ਦੇ ਨਾਰੀ ਨਿਕੇਤਨ ’ਚ ਪੁੱਜੇ। ਉਨ੍ਹਾਂ ਦਾ ਨਾਰੀ ਨਿਕੇਤਨ ਪੁੱਜਣ ’ਤੇ ਟਰੱਸਟ ਦੀ ਜਨਰਲ ਸਕਤਰ ਗੁਰਜੋਤ ਕੌਰ ਤੇ ਟਰੱਸਟੀ ਸੀਮਾ ਚੋਪੜਾ ਨੇ ਸਵਾਗਤ ਕੀਤਾ। ਇਸ ਦੌਰਾਨ ਟਰੱਸਟੀਆਂ ਵੱਲੋਂ ਮਨੀਸ਼ ਸਿਸੋਦੀਆ ਨੂੰ ਨਾਰੀ ਨਿਕੇਤਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਲੈਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾਰੀ ਨਿਕੇਤਨ ਦੇ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਨਾਰੀ ਨਿਕੇਤਨ ਦਾ ਦੌਰਾ ਕੀਤਾ। ਇਸ ਮੌਕੇ ਟਰੱਸਟੀਆਂ ਨੇ ਜਿਥੇ ਮਨੀਸ਼ ਸਿਸੋਦੀਆ ਨੂੰ ਉਥੇ ਰਹਿ ਰਹੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਨਾਰੀ ਨਿਕੇਤਨ ’ਚ ਰਹਿ ਰਹੇ ਬੱਚੇ ਜੋ ਕਿ ਉਥੇ ਰਹਿ ਕੇ ਪੜ੍ਹਾਈ ਕਰ ਰਹੇ ਹਨ ਤੇ ਵੱਖ ਵੱਖ ਕੋਰਸ ਕਰ ਰਹੇ ਹਨ, ਬਾਰੇ ਵੀ ਜਾਣਕਾਰੀ ਦਿੱਤੀ। ਇਸ ਉਪਰੰਤ ਸਿਸੋਦੀਆ ਨੇ ਨਾਰੀ ਨਿਕੇਤਨ ਵੱਲੋਂ ਚਲਾਏ ਜਾ ਰਹੇ ਏ. ਐੱਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦਾ ਵੀ ਦੌਰਾ ਕੀਤਾ ਤੇ ਉਥੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਮਾਰਟ ਕਲਾਸ ਰੂਮ ਤੇ ਕੰਪਿਊਟਰ ਲੈਬ ਵੀ ਦੇਖੀ। ਵਿਦਿਆਰਥੀਆਂ ਨੇ ਪਲਾਂਟਰ ਤੇ ਹੱਥੀਂ ਤਿਆਰ ਕੀਤਾ ਕਾਰਡ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਦੀ ਪ੍ਰਿੰਸੀਪਲ ਜੋਤੀ ਨੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਕਿਹਾ ਕਿ ਨਾਰੀ ਨਿਕੇਤਨ ਵੱਲੋਂ ਬੇਸਹਾਰਾ ਬੱਚਿਆਂ ਨੂੰ ਸਹਾਰਾ ਅਤੇ ਮਾਪਿਆਂ ਤੋਂ ਵੀ ਵੱਧ ਪਿਆਰ ਦਿੱਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਨੇ ਸੰਸਥਾ ਦੇ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।