- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਸਪਲਾਈ ਲਈ ਆਪ ਦੇ ਦਾਅਵੇ ਖੋਖਲੇ- ਸ਼ੇਰੋਵਾਲੀਆ

-ਕਿਸਾਨਾਂ ਮਜ਼ਦੂਰਾਂ ਦੇ ਸਬਰ ਦਾ ਪਿਆਲਾ ਛਲਕਣ ਤੋਂ ਪਹਿਲਾਂ ਸਥਿਤੀ ਦੀ ਨਾਜ਼ਕੁਤਾ ਵੱਲ ਧਿਆਨ ਦਿੱਤਾ ਜਾਵੇ : ਸ਼ੇਰੋਵਾਲੀਆ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਕਾਂਗਰਸ ਜ਼ਿਲ੍ਹਾ ਜਲੰਧਰ(ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਹੈ ਕਿ ਝੋਨੇ ਦੇ ਸੀਜ਼ਨ ’ਚ ਆਪ ਸਰਕਾਰ ਵੱਲੋਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਦਾਅਵੇ ਅੱਧਵਾਟਿਓਂ ਦਮ ਤੋੜ ਗਏ ਹਨ। ਝੋਨੇ ਦੇ ਪੀਕ ਸੀਜ਼ਨ ਵਿੱਚ ਕਿਸਾਨਾਂ ਨੂੰ ਨਿਰਾਸ਼ ਹੋਣਾ ਪੈ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਵਿੱਚ 8 ਘੰਟੇ ਬਿਜਲੀ ਸਪਲਾਈ ਕਰਨ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਬਿਜਲੀ ਦੀ ਲੋੜ ਅਨੁਸਾਰ ਸਪਲਾਈ ਨਾ ਹੋਣ ਕਾਰਨ ਝੋਨੇ ਦੇ ਖੇਤ ਸੁੱਕਣੇ ਸ਼ੁਰੂ ਹੋ ਗਏ ਹਨ। ਅਜਿਹੇ ਕਾਰਨ ਹੀ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦੇ ਹਨ। ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਕਾਰਨ ਉਹ ਪਹਿਲਾਂ ਹੀ ਰੋਹ ਵਿੱਚ ਹਨ। ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਸਪਲਾਈ ਠੀਕ ਢੰਗ ਨਾਲ ਨਾ ਹੋਣ ਕਾਰਨ ਕਿਸਾਨ ਮਾਯੂਸੀ ਦੇ ਆਲਮ ’ਚ ਹਨ। ਪਿਛਲੇ ਸਮੇਂ ’ਚ ਵਾਜਬ ਮੰਗਾਂ ਲਈ ਕਿਸਾਨਾਂ ਵੱਲੋਂ ਕੀਤੇ ਸੰਘਰਸ਼ਾਂ ਦੌਰਾਨ ਪੁਲਿਸ ਦਾ ਡੰਡਾ ਬੇਰਹਿਮੀ ਨਾਲ ਵਰਤਿਆ ਗਿਆ। ਕਿਸਾਨ ਉਸ ਤਸ਼ੱਦਦ ਨੂੰ ਭੁੱਲੇ ਨਹੀਂ। ਸ਼ੇਰੋਵਾਲੀਆ ਨੇ ਕਿਹਾ ਕਿ ਆਪ ਸਰਕਾਰ ਸ਼ਾਇਦ ਪੰਜਾਬ ਦੇ ਕਿਸਾਨਾਂ ਦੀ ਤਰਬੀਅਤ ਸਮਝਣ ਤੋਂ ਅਸਮਰੱਥ ਹੈ। ਝੋਨੇ ਦਾ ਠੀਕ ਪਾਲਣ ਪੋਸ਼ਣ ਕਿਸਾਨਾਂ ਦੀਆਂ ਆਸਾਂ ਦੀ ਤੰਦ ਮਜ਼ਬੂਤ ਕਰਦਾ ਹੈ। ਬਿਜਲੀ ਦੀ ਠੀਕ ਤਰਾਂ ਸਪਲਾਈ ਨਾ ਹੋਈ ਤਾਂ ਆਸਾਂ ਦੀਆਂ ਤੰਦਾਂ ਟੁੱਟ ਜਾਣਗੀਆਂ। ਸੁਭਾਵਕ ਹੈ ਕਿ ਅਜਿਹੇ ਵਿੱਚ ਕਿਸਾਨ ਹੋਰ ਰੋਹ ’ਚ ਆਉਣਗੇ। ਸ਼ੇਰੋਵਾਲੀਆ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਸਪਲਾਈ ‘ਚ ਵਿਘਨ ਦਾ ਮਤਲਬ ਹੈ, ਮਜ਼ਦੂਰਾਂ ਦੀ ਰੋਟੀ ਰੋਜ਼ੀ ’ਚ ਵਿਘਨ। ਮਜ਼ਦੂਰ ਵਰਗ ਪਹਿਲਾਂ ਹੀ ਆਰਥਿਕ ਤੌਰ ’ਤੇ ਝੰਬਿਆ ਪਿਆ ਹੈ। ਹਲਕਾ ਵਿਧਾਇਕ ਨੇ ਆਪ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਹੰਕਾਰ ਦੇ ਘੋੜੇ ਤੋਂ ਹੇਠਾਂ ਉਤਰ ਕੇ ਧਰਤੀ ਨਾਲ ਜੁੜੀਆਂ ਆਮ ਲੋਕਾਂ ਦੀਆਂ ਮੁਸੀਬਤਾਂ ਵੱਲ ਧਿਆਨ ਦੇਵੇ। ਜੇ ਹਾਲਾਤ ਨਾ ਸੁਧਰੇ ਤਾਂ ਕਾਂਗਰਸ ਪਾਰਟੀ ਕਿਸਾਨ ਮਜ਼ਦੂਰ ਹੱਕਾਂ ਲਈ ਸੰਘਰਸ਼ ਮੈਦਾਨ ’ਚ ਉਤਰੇਗੀ। ਸਰਕਾਰ ਤੇ ਪਾਵਰਕਾਮ ਕਿਸਾਨਾਂ ਤੇ ਮਜ਼ਦੂਰਾਂ ਦੇ ਸਬਰ ਦਾ ਪਿਆਲਾ ਛਲਕਣ ਤੋਂ ਪਹਿਲਾਂ ਸਥਿਤੀ ਨੂੰ ਸੰਭਾਲਣ ਵੱਲ ਧਿਆਨ ਦੇਵੇ।