ਸਿਆਸੀ ਭੂਚਾਲ: ਕਥਿਤ ਵੀਡੀਓ 'ਤੇ 'ਆਪ' ਦਾ ਪਲਟਵਾਰ, ਕਿਹਾ— "ਜਲਦ ਹੋਵੇਗਾ ਸੱਚ ਦਾ ਖੁਲਾਸਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ"
ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਐੱਮ.ਐੱਲ.ਏ. ਅਤੇ ਫਿਰ ਮੁੱਖ ਮੰਤਰੀ ਬਣਾਇਆ ਤਾਂ ਸੂਬੇ ਦੇ ਲੋਕ ਬਹੁਤ ਖੁਸ਼ ਸਨ ਪਰ ਵਿਰੋਧੀ ਧਿਰਾਂ ਕੋਲੋਂ ‘ਆਪ’ ਦੀ ਇਹ ਲੋਕਪ੍ਰਿਯਤਾ ਬਰਦਾਸ਼ਤ ਨਹੀਂ ਹੋ ਰਹੀ।
Publish Date: Mon, 15 Jun 2026 03:27 PM (IST)
Updated Date: Mon, 15 Jun 2026 06:11 PM (IST)
ਡਿਜੀਟਲ ਡੈਸਕ, ਪੰਜਾਬੀ ਜਾਗਰਣ, ਜਲੰਧਰ। ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਐੱਮ.ਐੱਲ.ਏ. ਅਤੇ ਫਿਰ ਮੁੱਖ ਮੰਤਰੀ ਬਣਾਇਆ ਤਾਂ ਸੂਬੇ ਦੇ ਲੋਕ ਬਹੁਤ ਖੁਸ਼ ਸਨ ਪਰ ਵਿਰੋਧੀ ਧਿਰਾਂ ਕੋਲੋਂ ‘ਆਪ’ ਦੀ ਇਹ ਲੋਕਪ੍ਰਿਯਤਾ ਬਰਦਾਸ਼ਤ ਨਹੀਂ ਹੋ ਰਹੀ। ਤੁਹਾਨੂੰ ਦੱਸ ਦਈਏ ਕਿ ਕਥਿਤ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਹਲਚਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ (AAP) ਦੇ ਬੁਲਾਰਿਆਂ ਅਤੇ ਆਗੂਆਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਸੱਚਾਈ ਜਲਦੀ ਹੀ ਸਭ ਦੇ ਸਾਹਮਣੇ ਆ ਜਾਵੇਗੀ। ਪਾਰਟੀ ਮੁਤਾਬਕ ਇਹ ਸਿਰਫ਼ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਇੱਕ ਸਾਜ਼ਿਸ਼ ਹੈ।
ਇਸ ਦੌਰਾਨ ਕਥਿਤ ਵਾਇਰਲ ਵੀਡੀਓ ’ਤੇ ਬੋਲਦੇ ਹੋਏ ਬਲਤੇਜ ਪੰਨੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਨੂੰਨੀ ਜਾਂ ਜਾਂਚ ਪ੍ਰਕਿਰਿਆ ਰਾਹੀਂ "ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ" ਹੋ ਜਾਵੇਗਾ।
ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਇਹ ਵੀਡੀਓ ਏਆਈ (AI) ਦੁਆਰਾ ਤਿਆਰ ਨਹੀਂ ਕੀਤੀ ਗਈ ਅਤੇ ਬਿਲਕੁਲ ਅਸਲੀ ਹੈ, ਤਾਂ ਫਿਰ ਪਾਰਟੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਆਖ਼ਰ ਕੌਣ ਹੈ?
ਇਸ ਪੂਰੇ ਵਿਵਾਦ 'ਤੇ ਆਮ ਆਦਮੀ ਪਾਰਟੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਵਿਰੋਧੀ ਧਿਰਾਂ ਕੋਲ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਉਹ ਅਜਿਹੇ ਕਥਿਤ ਅਤੇ ਬਿਨਾਂ ਸਿਰ-ਪੈਰ ਵਾਲੇ ਵੀਡੀਓਜ਼ ਦਾ ਸਹਾਰਾ ਲੈ ਕੇ ਸਸਤੀ ਸਿਆਸਤ ਕਰ ਰਹੀਆਂ ਹਨ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਵੀਡੀਓ ਦੀ ਕੋਈ ਕਾਨੂੰਨੀ ਜਾਂ ਪ੍ਰਮਾਣਿਤ ਸੱਚਾਈ ਨਹੀਂ ਹੈ ਅਤੇ ਇਹ ਸਿਰਫ਼ ਚੋਣਾਂ ਜਾਂ ਸਿਆਸੀ ਲਾਹੇ ਲਈ ਵਿਰੋਧੀਆਂ ਵੱਲੋਂ ਫੈਲਾਇਆ ਜਾ ਰਿਹਾ ਭੰਡੀਪ੍ਰਚਾਰ ਹੈ।
ਮਾਨ ਦੇ ਇਲਾਜ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਪੰਜਾਬੀਆਂ ਨੇ ਦਿੱਤਾ ਜਵਾਬ
ਬਲਤੇਜ ਪੰਨੂ ਨੇ ਵਿਰੋਧੀਆਂ ਦੀ ਘਟੀਆ ਸਿਆਸਤ ’ਤੇ ਬੋਲਦਿਆਂ ਕਿਹਾ, "ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਲਾਜ ਕਰਵਾਉਣ ਲਈ ਹਸਪਤਾਲ ਗਏ ਤਾਂ ਵਿਰੋਧੀਆਂ ਨੇ ਓਦੋਂ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਅਤੇ ਭੱਦੀ ਬਿਆਨਬਾਜ਼ੀ ਕੀਤੀ। ਪਰ ਪੰਜਾਬ ਦੇ ਸੂਝਵਾਨ ਲੋਕਾਂ ਨੇ ਉਦੋਂ ਵੀ ਇਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਅਤੇ ਮੁੱਖ ਮੰਤਰੀ ਦੇ ਨਾਲ ਡਟ ਕੇ ਖੜ੍ਹੇ ਰਹੇ।"
ਫੋਰੈਂਸਿਕ ਜਾਂਚ ਦੀ ਰਿਪੋਰਟ ਆਈ ਸਾਹਮਣੇ, ਕੋਟਕਪੂਰਾ ਦੇ ਦੋਸ਼ੀ ਜ਼ਮਾਨਤ ’ਤੇ
ਪੁਰਾਣੇ ਮੁੱਦਿਆਂ ’ਤੇ ਵੱਡਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸ਼ਾਨਦਾਰ ਤਰੀਕੇ ਨਾਲ ਕੰਮ ਕਰ ਰਹੀ ਹੈ। ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਵਿੱਚ ਫੋਰੈਂਸਿਕ ਜਾਂਚ ਕਰਵਾਈ ਗਈ ਹੈ, ਜਿਸ ਦੀ ਰਿਪੋਰਟ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ। ਸਾਡੀ ਸਰਕਾਰ ਸਖ਼ਤ ਬੇਅਦਬੀ ਕਾਨੂੰਨ ਵੀ ਲੈ ਕੇ ਆਈ ਹੈ। ਉਨ੍ਹਾਂ ਵਿਰੋਧੀਆਂ ਨੂੰ ਘੇਰਦਿਆਂ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਦੇ ਜ਼ਿੰਮੇਵਾਰ ਅੱਜ ਹਾਈਕੋਰਟ ਤੋਂ ਜ਼ਮਾਨਤਾਂ 'ਤੇ ਬਾਹਰ ਘੁੰਮ ਰਹੇ ਹਨ, ਜਿਨ੍ਹਾਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ।
ਚਾਹੇ ਜਲੰਧਰ ਹੋਵੇ ਜਾਂ ਸਰਪੰਚੀ ਚੋਣਾਂ— ਜਨਤਾ ਦਾ ਫਤਵਾ 'ਆਪ' ਦੇ ਪੱਖ 'ਚ
ਚੋਣਾਂ ਦਾ ਜ਼ਿਕਰ ਕਰਦਿਆਂ ਪੰਨੂ ਨੇ ਕਿਹਾ ਕਿ ਚਾਹੇ ਜਲੰਧਰ ਲੋਕ ਸਭਾ ਦੀਆਂ ਚੋਣਾਂ ਹੋਣ, ਨਿਗਮ ਦੀਆਂ ਚੋਣਾਂ ਹੋਣ ਜਾਂ ਫਿਰ ਸਰਪੰਚੀ ਦੀਆਂ ਚੋਣਾਂ ਹੋਣ— ਪੰਜਾਬ ਦੀ ਜਨਤਾ ਨੇ ਹਮੇਸ਼ਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਪਣਾ ਵੱਡਾ ਫਤਵਾ ਦਿੱਤਾ ਹੈ। 'ਆਪ' ਨੇ ਹਰ ਮੋਰਚੇ 'ਤੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ ਕਿਉਂਕਿ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ।
ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ: ਪਾਣੀ ਦੀ ਬਚਤ ਅਤੇ ਮੁਫ਼ਤ ਇਲਾਜ
ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਦੇ ਰਿਪੋਰਟ ਕਾਰਡ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਾਂ-ਪੱਖੀ ਨੀਤੀਆਂ ਸਦਕਾ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬਚ ਗਿਆ ਹੈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਖੇਤੀ ਲਈ ਦਿਨ ਦੇ ਸਮੇਂ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਰਾਤਾਂ ਨੂੰ ਖੇਤਾਂ 'ਚ ਨਹੀਂ ਭਟਕਣਾ ਪੈਂਦਾ।
ਮੁਫ਼ਤ ਇਲਾਜ ਬਾਰੇ ਗੱਲ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਆਮ ਲੋਕਾਂ ਦਾ ਹਸਪਤਾਲਾਂ ’ਚ ਬਿਲਕੁਲ ਕੈਸ਼ਲੈੱਸ ਇਲਾਜ ਹੋ ਰਿਹਾ ਹੈ ਅਤੇ ਲੋੜਵੰਦਾਂ ਨੂੰ ਮਹੀਨਾਵਾਰ 1000 ਤੋਂ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਮਿਲਣ ਲੱਗੀ ਹੈ। ਵਿਰੋਧੀਆਂ ਨੂੰ ਲੱਗਦਾ ਸੀ ਕਿ ਸਾਡੀ ਸਰਕਾਰ ਕੋਈ ਕੰਮ ਨਹੀਂ ਕਰੇਗੀ ਪਰ ਪੰਜਾਬੀ ਹਰ ਵੇਲੇ ਸਾਡੇ ਨਾਲ ਸੀ•
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਦੀ ਰਾਹ 'ਤੇ ਹੈ ਅਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਜਵਾਬ ਪੰਜਾਬ ਦੇ ਲੋਕ ਖੁਦ ਦੇ ਰਹੇ ਹਨ।