ਚੰਗਿਆੜੀ ਨਾਲ ਸੜੀ ਪਰਾਲੀ ਨਾਲ ਲੱਦੀ ਟਰਾਲੀ, ਰਾਤ ਨੂੰ ਚੋਰਾਂ ਨੇ ਟੂਲ ਬਾਕਸ ਵੀ ਕੀਤਾ ਸਾਫ਼
ਬਿਜਲੀ ਦੀਆਂ ਤਾਰਾਂ ਤੋਂ ਨਿਕਲੀ ਚੰਗਿਆੜੀ ਨਾਲ ਪਰਾਲੀ ਨਾਲ ਲੱਦੀ ਟਰਾਲੀ ਸੜੀ, ਰਾਤ ਨੂੰ ਚੋਰਾਂ ਨੇ ਟੂਲ ਬਾਕਸ ਵੀ ਕੀਤਾ ਸਾਫ਼
Publish Date: Fri, 26 Jun 2026 09:29 PM (IST)
Updated Date: Fri, 26 Jun 2026 09:31 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ-ਨੂਰਮਹਿਲ ਮਾਰਗ ਤੇ ਮਹਾਰਾਜਾ ਪੈਲੇਸ ਦੇ ਸਾਹਮਣੇ ਬੀਤੀ ਰਾਤ ਬਿਜਲੀ ਦੀਆਂ ਢਿੱਲੀਆਂ ਤਾਰਾਂ ’ਚੋਂ ਨਿਕਲੀ ਚੰਗਿਆੜੀ ਕਾਰਨ ਪਰਾਲੀ ਦੀਆਂ ਗੰਢਾਂ ਨਾਲ ਲੱਦੀ ਟਰੈਕਟਰ-ਟਰਾਲੀ ਅੱਗ ਦੀ ਲਪੇਟ ’ਚ ਆ ਗਈ। ਦੇਖਦਿਆਂ ਹੀ ਦੇਖਦਿਆਂ ਟਰਾਲੀ ਵਿੱਚ ਲੱਦੀ ਸਾਰੀ ਪਰਾਲੀ ਸੜ ਕੇ ਸੁਆਹ ਹੋ ਗਈ, ਜਦਕਿ ਟਰਾਲੀ ਨੂੰ ਵੀ ਭਾਰੀ ਨੁਕਸਾਨ ਪੁੱਜਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪੁੱਜ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗੇ ਲੱਗਾ ਟਰੈਕਟਰ ਸੁਰੱਖਿਅਤ ਬਚ ਗਿਆ ਪਰ ਟਰਾਲੀ ਅੱਗ ਕਾਰਨ ਸੜ ਗਈ। ਮੌਕੇ ਤੇ ਮੌਜੂਦ ਡਰਾਈਵਰ ਦੇ ਜਾਣਕਾਰਾਂ ਨੇ ਦੱਸਿਆ ਕਿ ਡਰਾਈਵਰ ਫਿਰੋਜ਼ਪੁਰ ਖੇਤਰ ਦਾ ਰਹਿਣ ਵਾਲਾ ਹੈ ਤੇ ਇਕ ਫੈਕਟਰੀ ਲਈ ਕਿਰਾਏ ਤੇ ਟਰੈਕਟਰ-ਟਰਾਲੀ ਚਲਾ ਰਿਹਾ ਸੀ। ਰਾਤ ਸਮੇਂ ਨੂਰਮਹਿਲ ਵੱਲੋਂ ਆਉਂਦਿਆਂ ਮਾਹੂਵਾਲ ਗੇਟ ਨੇੜੇ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਰਸਤਾ ਦੇਣ ਲਈ ਉਸ ਨੇ ਟਰੈਕਟਰ ਸੜਕ ਕੰਢੇ ਉਤਾਰਿਆ। ਇਸ ਦੌਰਾਨ ਉੱਚਾਈ ਤੱਕ ਲੱਦੀ ਪਰਾਲੀ ਸੜਕ ਉੱਪਰ ਲਟਕ ਰਹੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨਾਲ ਸੰਪਰਕ ’ਚ ਆ ਗਈ। ਤਾਰਾਂ ’ਚ ਹੋਈ ਸਪਾਰਕਿੰਗ ਦੀ ਚੰਗਿਆੜੀ ਪਰਾਲੀ ਤੇ ਡਿੱਗਣ ਨਾਲ ਅੱਗ ਭੜਕ ਉੱਠੀ। ਡਰਾਈਵਰ ਦੀ ਸੂਝ-ਬੂਝ ਨਾਲ ਖੁਦ ਦੀ ਜਾਨ ਬਚਾ ਲਈ। ਟਰਾਲੀ, ਟਾਇਰਾਂ ਤੇ ਪਰਾਲੀ ਸਮੇਤ ਕਰੀਬ 3 ਤੋਂ 3.5 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਮੁਸੀਬਤ ਇੱਥੇ ਹੀ ਨਹੀਂ ਮੁੱਕੀ। ਰਾਤ ਸਮੇਂ ਸੜਕ ਕੰਢੇ ਖੜ੍ਹੀ ਨੁਕਸਾਨੀ ਗਈ ਟਰਾਲੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਟੂਲ ਬਾਕਸ ਦਾ ਤਾਲਾ ਤੋੜ ਦਿੱਤਾ ਤੇ ਉਸ ’ਚ ਰੱਖਿਆ ਜੈਕ, ਵੱਡੇ ਪਾਨੇ, ਪੇਚਕਸ ਤੇ ਹੋਰ ਕੀਮਤੀ ਔਜ਼ਾਰ ਚੋਰੀ ਕਰ ਲਏ। ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ 10 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਸਬੰਧੀ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਪਰ ਥਾਣਾ ਸਿਟੀ ਪੁਲਿਸ ਆਪਣੇ ਪੱਧਰ ਤੇ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਆਈ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਤੇਜ਼ ਤੇ ਪ੍ਰਭਾਵਸ਼ਾਲੀ ਕਾਰਵਾਈ ਨਾਲ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਡਰਾਈਵਰ ਬਾਰੇ ਇਸ ਵੇਲੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਹ ਕਿੱਥੋਂ ਆ ਰਿਹਾ ਸੀ। ਮਾਮਲੇ ਦੀ ਜਾਂਚ ਜਾਰੀ ਹੈ ਤੇ ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।