ਸਵੇਰੇ-ਸਵੇਰੇ ਵਾਪਰਿਆ ਦਰਦਨਾਕ ਸੜਕ ਹਾਦਸਾ: ਟੂਰਿਸਟ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 6 ਜ਼ਖ਼ਮੀ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ’ਤੇ ਸੜਕ ਕੰਢੇ ਖੜੇ ਟਰੱਕ ਨਾਲ ਟੂਰਿਸਟ ਬੱਸ ਟਕਰਾਉਣ ਕਾਰਨ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Fri, 19 Jun 2026 01:33 PM (IST)
Updated Date: Fri, 19 Jun 2026 01:40 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ। ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ’ਤੇ ਸੜਕ ਕੰਢੇ ਖੜੇ ਟਰੱਕ ਨਾਲ ਟੂਰਿਸਟ ਬੱਸ ਟਕਰਾਉਣ ਕਾਰਨ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਤੜਕੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਐੱਮ.ਡੀ.ਟੀ. ਡਿਵਾਈਸ ਤੋਂ ਸੂਚਨਾ ਮਿਲੀ ਕਿ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਟੂਰਿਸਟ ਬੱਸ ਨਾਲ ਹਾਦਸਾ ਵਾਪਰਿਆ ਹੈ, ਜਿਸ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਹਨ।
ਸੂਚਨਾ ਉਪਰੰਤ ਐੱਸ. ਐੱਸ. ਐੱਫ. ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਡੈਲਟਨ ਕੰਪਨੀ ਦੀ ਟੂਰਿਸਟ ਬੱਸ ਨੰਬਰ ਏ ਆਰ 01 ਡਬਲਿਊ 5800, ਜਿਸ ਨੂੰ ਡਰਾਈਵਰ ਗੁਲਾਮ ਮੁਸਤਫਾ ਪੁੱਤਰ ਗੁਲਾਮ ਮੁਹੰਮਦ ਵਾਸੀ ਰਚਵਾ ਨੌਧਾਲਾਂ ਬਰਾਲਾ ਥਾਣਾ ਰਜ਼ੌਰੀ ਜੰਮੂ ਚਲਾ ਰਿਹਾ ਸੀ ਅਤੇ ਸੈਕਿੰਡ ਡਰਾਈਵਰ ਰਾਜੇਸ਼ ਪੁੱਤਰ ਅਮਰ ਸਿੰਘ ਵਾਸੀ ਬਡੋ ਤਹਿਸੀਲ ਅਤੇ ਜ਼ਿਲ੍ਹਾ ਕਾਂਗੜਾ ਵਾਸੀ ਹਿਮਾਚਲ ਪ੍ਰਦੇਸ਼ ਬੱਸ ਵਿੱਚ ਮੌਜੂਦ ਸੀ। ਜੋ ਦਿੱਲੀ ਤੋਂ ਜੰਮੂ ਵੱਲ ਨੂੰ ਜਾ ਰਹੀ ਸੀ।
ਟੂਰਿਸਟ ਬੱਸ ਜਦੋਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਬਿਆਸ ਪਿੰਡ ਤੋਂ ਅੱਗੇ ਪੈਟਰੋਲ ਪੰਪ ਦੇ ਨਜ਼ਦੀਕ ਪੁੱਜੀ ਤਾਂ ਸੜਕ ਕੰਢੇ ਖੜੇ ਸਕਰੈਪ ਨਾਲ ਲੱਦੇ ਹੋਏ ਟਰੱਕ ਨੰਬਰ ਪੀਬੀ 08 ਈਟੀ 9541 ਜਿਸ ਦਾ ਡਰਾਈਵਰ ਹਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜੀਰਾ ਜ਼ਿਲਾ ਫਿਰੋਜ਼ਪੁਰ ਹੈ। ਉਸ ਨਾਲ ਟਕਰਾ ਗਈ।
ਐੱਸ. ਐੱਸ. ਐੱਫ. ਟੀਮ ਦੇ ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਿਸਟ ਬੱਸ ਦੇ ਡਰਾਈਵਰ ਦੇ ਦੱਸਣ ਮੁਤਾਬਕ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਸ ਹਾਦਸੇ ਵਿੱਚ 6 ਵਿਅਕਤੀ ਜਿੰਨਾਂ ’ਚ ਰੋਹਿਤ ਕੁਮਾਰ, ਅਮਨ ਸਿੰਘ ਅਤੇ ਮੁਸਕਾਨ ਵਾਸੀ ਦਿੱਲੀ, ਰਾਕੇਸ਼ ਕੁਮਾਰ ਵਾਸੀ ਮਥੁਰਾ, ਮੁਹੰਮਦ ਜਾਵੇਦ ਵਾਸੀ ਅਲੀਗੜ ਅਤੇ ਕਾਈਦ ਸਦੀਕੀ ਵਾਸੀ ਯੂਪੀ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਮੌਕੇ ’ਤੇ ਪਹੁੰਚੀ ਐੱਸ.ਐੱਸ.ਐੱਫ. ਟੀਮ ਵੱਲੋਂ 108 ਐਬੂਲੈਂਸ ਦੀ ਮਦਦ ਰਾਹੀਂ ਇਲਾਜ ਲਈ ਨੇੜੇ ਦੇ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ।
ਇਸ ਦੌਰਾਨ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਐੱਸ.ਐੱਸ.ਐੱਫ. ਟੀਮ ਵੱਲੋਂ ਇਸ ਹਾਦਸੇ ਬਾਰੇ ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਐੱਸ. ਆਈ. ਰਵਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ। ਅਗਲੇਰੀ ਕਾਰਵਾਈ ਲਈ ਪੁਲਿਸ ਚੌਂਕੀ ਅਲਾਵਲਪੁਰ ਤੋਂ ਏ.ਐੱਸ.ਆਈ. ਰਸ਼ਪਾਲ ਸਿੰਘ ਅਤੇ ਕਾਂਸਟੇਬਲ ਰਣਜੀਤ ਕੁਮਾਰ 112 ਟੀਮ ਅਲਾਵਲਪੁਰ ਤੋਂ ਮੌਕੇ ਤੇ ਪਹੁੰਚੇ ਅਤੇ ਹਾਦਸੇ ਦੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ।