
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਸ ਸ਼ਰਾਬ ਜਾਂ ਹੋਰ ਨਸ਼ਾ ਕੀਤਾ ਹੋਇਆ ਸੀ। ਪੀੜਤ ਮੋਟਰਸਾਈਕਲ ਸਵਾਰ ਮੋਹਿਤ ਨੇ ਦੱਸਿਆ ਕਿ ਉਸਨੇ ਬਾਈਕ ਸੜਕ ਕਿਨਾਰੇ ਖੜ੍ਹੀ ਕੀਤੀ ਸੀ ਤੇ ਫ਼ੋਨ 'ਤੇ ਗੱਲ ਕਰ ਰਿਹਾ ਸੀ, ਜਦੋਂ ਤੇਜ਼ ਰਫ਼ਤਾਰ ਕਾਰ ਸਿੱਧੀ ਉਸਦੇ ਵੱਲ ਆ ਗਈ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਨਿਚਰਵਾਰ ਨੂੰ ਸ਼ਹਿਰ ਦੇ ਭੀੜ ਭਾੜ ਵਾਲੇ ਨਕੋਦਰ ਚੌਕ ਕੋਲ ਚੰਡੀਗੜ੍ਹ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਕਾਰ ਨੇ ਪਹਿਲਾਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਸੜਕ ਕਿਨਾਰੇ ਖੜ੍ਹੇ ਕਈ ਵਾਹਨਾਂ ਨਾਲ ਟਕਰਾ ਗਈ। ਖੁਸ਼ਕਿਸਮਤੀ ਨਾਲ ਮੋਟਰਸਾਈਕਲ ਸਵਾਰ ਸਮੇਂ ਸਿਰ ਛਾਲ ਮਾਰ ਕੇ ਜਾਨ ਬਚਾਉਣ ’ਚ ਕਾਮਯਾਬ ਰਿਹਾ। ਹਾਦਸੇ ਤੋਂ ਬਾਅਦ ਡਰਾਈਵਰ ਨੇ ਗੱਡੀ ਸਮੇਤ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰਾਹਗੀਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਥੋੜ੍ਹੀ ਦੂਰੀ ਤੋਂ ਫੜ ਲਿਆ। ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਚਸ਼ਮਦੀਦਾਂ ਨੇ ਦੱਸਿਆ ਕਿ ਡਰਾਈਵਰ ਦੀ ਮਾਨਸਿਕ ਸਥਿਤੀ ਠੀਕ ਨਹੀਂ ਜਾਪਦੀ ਸੀ। ਉਸ ਸ਼ਰਾਬ ਜਾਂ ਹੋਰ ਨਸ਼ਾ ਕੀਤਾ ਹੋਇਆ ਸੀ। ਪੀੜਤ ਮੋਟਰਸਾਈਕਲ ਸਵਾਰ ਮੋਹਿਤ ਨੇ ਦੱਸਿਆ ਕਿ ਉਸਨੇ ਬਾਈਕ ਸੜਕ ਕਿਨਾਰੇ ਖੜ੍ਹੀ ਕੀਤੀ ਸੀ ਤੇ ਫ਼ੋਨ 'ਤੇ ਗੱਲ ਕਰ ਰਿਹਾ ਸੀ, ਜਦੋਂ ਤੇਜ਼ ਰਫ਼ਤਾਰ ਕਾਰ ਸਿੱਧੀ ਉਸਦੇ ਵੱਲ ਆ ਗਈ। ਜੇ ਉਸਨੇ ਕੁਝ ਸਕਿੰਟ ਵੀ ਦੇਰੀ ਕੀਤੀ ਹੁੰਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਸੂਚਨਾ ਮਿਲਣ 'ਤੇ ਥਾਣਾ ਨੰਬਰ 4 ਤੋਂ ਇਕ ਪੀਸੀਆਰ ਟੀਮ ਤੇ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਤੇ ਥਾਣੇ ਲੈ ਗਈ ਤੇ ਡਾਕਟਰੀ ਜਾਂਚ ਲਈ ਪ੍ਰਕਿਰਿਆ ਸ਼ੁਰੂ ਕੀਤੀ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਤੋਂ ਸਪੱਸ਼ਟ ਹੋਵੇਗਾ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਹਾਦਸੇ ਦੇ ਸਾਰੇ ਪਹਿਲੂਆਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।