ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਦੀ 75 ਸਾਲ ਦੀ ਉਡੀਕ ਮੁੱਕੀ : ਸੰਤ ਸੀਚੇਵਾਲ
ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਦੀ 75 ਸਾਲ ਦੀ ਉਡੀਕ ਮੁੱਕੀ- ਸੰਤ ਸੀਚੇਵਾਲ
Publish Date: Fri, 19 Jun 2026 07:47 PM (IST)
Updated Date: Fri, 19 Jun 2026 07:48 PM (IST)

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਨੀਂਹ ਪੱਥਰ ਕੈਰੋਂ ਵਾਂਗ ਹੀ ਲੋਕ ਮਾਨ ਸਰਕਾਰ ਨੂੰ ਰੱਖਣਗੇ ਯਾਦ ਪੰਜਾਬੀ ਜਾਗਰਣ ਟੀਮ, ਸੁਲਤਾਨਪੁਰ ਲੋਧੀ/ਸ਼ਾਹਕੋਟ : ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਰੱਖ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਿਹਾਸ ਸਿਰਜ ਦਿੱਤਾ ਹੈ। ਧੁੱਸੀ ਬੰਨ੍ਹ ’ਤੇ ਪੱਕੀ ਸੜਕ ਬਣਾਉਣ ਦੀ 75 ਸਾਲਾਂ ਦੀ ਉਡੀਕ ਮੁੱਕ ਗਈ ਹੈ। ਮੰਡਾਲਾ ਛੰਨਾ ਧੁੱਸੀ ਬੰਨ੍ਹ ’ਤੇ ਰੱਖਿਆ ਨੀਂਹ ਪੱਥਰ ਉਮੀਦਾਂ ਦਾ ਮੀਲ ਪੱਥਰ ਵੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਮਾਨ ਨੂੰ ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਬਾਰੇ ਅਨੇਕਾਂ ਚਿੱਠੀਆਂ ਲਿਖੀਆਂ ਸਨ। ਮੁੱਖ ਮੰਤਰੀ ਦੇ ਹੁਕਮਾਂ ’ਤੇ ਪੰਜਾਬ ਭਵਨ ਵਿਚ 12 ਜੂਨ 2023 ਨੂੰ ਉਸ ਵੇਲੇ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਪੱਕੀ ਸੜਕ ਬਣਾਉਣ ਲਈ ਅਤੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਦਾ ਜ਼ੋਰ ਪਾਇਆ ਸੀ। ਜ਼ਿਕਰਯੋਗ ਹੈ ਕਿ 1950 ਤੋਂ 1960 ਦੇ ਦਹਾਕੇ ਦੌਰਾਨ ਸਤਲੁਜ ਦਰਿਆ ’ਤੇ ਧੁੱਸੀ ਬੰਨ੍ਹ ਬਣਾਇਆ ਗਿਆ ਸੀ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਲੋਕ ਇਸ ਲਈ ਯਾਦ ਕਰਦੇ ਸਨ ਕਿ ਇਹ ਬੰਨ੍ਹ ਕੈਰੋਂ ਨੇ ਬਣਾਏ ਸਨ। ਸਾਲ 1950 ਤੋਂ ਲੈ ਕੇ ਹੁਣ ਤੱਕ ਬੀਤੇ 75 ਸਾਲਾਂ ਦੌਰਾਨ ਗਿੱਦੜਪਿੰਡੀ ਇਲਾਕੇ ਦੇ ਲੋਕਾਂ ਨੇ 10 ਛੋਟੇ-ਵੱਡੇ ਹੜ੍ਹਾਂ ਦੀ ਮਾਰ ਝੱਲੀ ਹੈ। ਦਰਜਨਾਂ ਪਿੰਡਾਂ ਦੇ ਲੋਕ 75 ਸਾਲਾਂ ਤੋਂ ਬੰਨ੍ਹ ਦੀ ਮਜ਼ਬੂਤੀ ਅਤੇ ਇਸ ਉੱਪਰ ਪੱਕੀ ਸੜਕ ਬਣਨ ਦੀ ਉਡੀਕ ਕਰ ਰਹੇ ਸਨ। ਗੱਟਾ ਮੁੰਡੀ ਕਾਸੂ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਧੁੱਸੀ ਬੰਨ੍ਹ ’ਤੇ ਸੜਕ ਬਣਦੀ ਦੇਖਣਾ ਤਾਂ ਲੋਚਦੇ ਸਨ ਪਰ ਕਿਸੇ ਰਾਜਨੀਤਕ ਧਿਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿਛਲੇ ਚਾਰ ਸਾਲਾਂ ਤੋਂ ਇਸ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਸੀ। ਉਹ ਅਜਿਹੇ ਪਹਿਲੇ ਆਗੂ ਹਨ ਜਿਨ੍ਹਾਂ ਨੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਸੜਕ ਬਣਾਉਣ ਲਈ ਨਿੱਜੀ ਤੌਰ ’ਤੇ ਸਰਵੇ ਕੀਤਾ ਸੀ ਤੇ ਪੰਜਾਬ ਰਾਜ ਮੰਡੀ ਬੋਰਡ ਰਾਹੀਂ ਇਹ ਸੜਕ ਬਣਾਉਣ ਦਾ ਪ੍ਰੋਜੈਕਟ ਉਲੀਕਿਆ ਸੀ। ਮਹਿਰਾਜਵਾਲਾ ਤੋਂ ਗੁਰਨਾਮ ਸਿੰਘ ਤੇ ਜਾਣੀਆਂ ਤੋਂ ਮੇਜਰ ਸਿੰਘ ਨੇ ਕਿਹਾ ਕਿ ਸਾਲ 2008 ਤੋਂ ਜਿੰਨੇ ਵੀ ਹੜ੍ਹ ਇਸ ਇਲਾਕੇ ਵਿਚ ਆਏ ਹਨ, ਉਨ੍ਹਾਂ ਸਾਰਿਆਂ ਵਿਚ ਸੰਤ ਸੀਚੇਵਾਲ ਦੀ ਮੋਹਰੀ ਭੂਮਿਕਾ ਰਹੀ ਹੈ। ਮੇਜਰ ਸਿੰਘ ਨੇ ਦੱਸਿਆ ਕਿ ਸਾਲ 2019 ਵਿਚ ਧੁੱਸੀ ਬੰਨ੍ਹ ਉਨ੍ਹਾਂ ਦੇ ਘਰ ਦੇ ਐਨ ਸਾਹਮਣਿਓਂ ਟੁੱਟਾ ਸੀ। ਸੰਤ ਸੀਚੇਵਾਲ ਨੇ ਇਸ ਪਾੜ ਨੂੰ ਪੂਰਨ ਦੇ ਨਾਲ-ਨਾਲ ਖੇਤਾਂ ਵਿਚ ਪਏ ਟੋਏ ਪੂਰ ਕੇ ਮੁੜ ਵਾਹੀਯੋਗ ਜ਼ਮੀਨ ਬਣਾ ਕੇ ਦਿੱਤੀ। ਉਦੋਂ ਤੋਂ ਸੰਤ ਸੀਚੇਵਾਲ ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਦੀ ਵਿਉਂਤਬੰਦੀ ਕਰਨ ਲੱਗ ਪਏ ਸਨ।