ਸ਼ਾਹਕੋਟ ’ਚ 15 ਦਿਨਾ ਗੁਰਮਤਿ ਸਿਖਲਾਈ ਕੈਂਪ ਸਮਾਪਤ
ਸ਼ਾਹਕੋਟ ਵਿਖੇ 15 ਦਿਨਾ ਗੁਰਮਤਿ ਸਿਖਲਾਈ ਕੈਂਪ ਸਮਾਪਤ
Publish Date: Mon, 15 Jun 2026 10:37 PM (IST)
Updated Date: Mon, 15 Jun 2026 10:39 PM (IST)

-135 ਬੱਚਿਆਂ ਨੇ ਗੁਰਬਾਣੀ ਤੇ ਸਿੱਖ ਧਰਮ ਬਾਰੇ ਜਾਣਕਾਰੀ ਕੀਤੀ ਹਾਸਲ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਹਰ ਸਾਲ ਗਰਮੀ ਦੀਆਂ ਛੁੱਟੀਆਂ ਦੌਰਾਨ ਲਗਾਇਆ ਜਾਂਦਾ ਗੁਰਮਤਿ ਸਿਖਲਾਈ ਕੈਂਪ ਸੋਮਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਸਫਲਤਾਪੂਰਵਕ ਸਮਾਪਤ ਹੋਇਆ। ਕੈਂਪ ਇੰਚਾਰਜ ਬੀਬੀ ਰਣਜੀਤ ਕੌਰ, ਦਿਵਜੋਤ ਕੌਰ, ਮਿਹਰਜੋਤ ਸਿੰਘ ਤੇ ਭਾਈ ਜਗਦੀਪ ਸਿੰਘ ਦੀ ਅਗਵਾਈ ਵਿਚ ਲੱਗੇ ਇਸ 13ਵੇਂ ਸਾਲਾਨਾ ਕੈਂਪ ਵਿਚ 135 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਅਤੇ ਗੁਰਬਾਣੀ ਤੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ 35 ਛੋਟੇ ਬੱਚਿਆਂ ਨੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਅਤੇ 70 ਬੱਚਿਆਂ ਨੇ ਸੋਹਿਲਾ ਸਾਹਿਬ ਦੀ ਬਾਣੀ ਅਤੇ 30 ਬੱਚਿਆਂ ਨੇ ਜਪੁਜੀ ਸਾਹਿਬ ਸਮੇਤ ਹੋਰ ਬਾਣੀਆਂ ਕੰਠ ਕੀਤੀਆਂ। ਕੈਂਪ ਦੌਰਾਨ ਰੋਜ਼ਾਨਾ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਜਾਂਦਾ ਸੀ, ਜਿਸ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ, ਤਰਲੋਚਨ ਸਿੰਘ ਅਨੇਜਾ, ਜਗਤਾਰ ਸਿੰਘ ਠੇਕੇਦਾਰ, ਗੁਰਮੁਖ ਸਿੰਘ ਬਾਟੂ, ਰਾਗੀ ਇੰਦਰਜੀਤ ਸਿੰਘ, ਤਜਿੰਦਰ ਸਿੰਘ ਕਾਲਾ, ਤਜਿੰਦਰ ਸਿੰਘ ਰੂਪਰਾ, ਜਗਜੀਤ ਸਿੰਘ, ਤਜਿੰਦਰਪਾਲ ਸਿੰਘ, ਹਰਪ੍ਰੀਤ ਕੌਰ ਮਠਾੜੂ, ਸੰਤੋਖ ਸਿੰਘ, ਹਰਪ੍ਰੀਤ ਸਿੰਘ ਦੀਦ, ਤੇਜਵੀਰ ਸਿੰਘ ਝੀਤਾ, ਬਲਵਿੰਦਰ ਸਿੰਘ, ਮਲਕੀਤ ਸਿੰਘ ਸਿੰਧੜ ਤੇ ਹੋਰਨਾਂ ਪਰਿਵਾਰਾਂ ਵੱਲੋਂ ਸ਼ਰਧਾ-ਭਾਵਨਾ ਨਾਲ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਨਾਮ ਸਿੰਘ ਨੇ ਕੈਂਪ ਵਿਚ ਹਿੱਸਾ ਲੈ ਰਹੇ ਬੱਚਿਆਂ ਨੂੰ ਉੱਚ ਦਰਜੇ ਦੀ ਪੜਾਈ ਕਰਨ ਦੇ ਨਾਲ-ਨਾਲ ਗੁਰਮਤਿ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੀਬੀ ਰਣਜੀਤ ਕੌਰ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਕੈਂਪ ਰਾਹੀਂ ਨੌਜਵਾਨੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਵੱਲੋਂ ਗੁਰਮਤਿ ਸਿਖਲਾਈ ਕੈਂਪ ਵਿਚ ਸ਼ਾਮਲ ਸਾਰੇ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਪੋਪਲੀ ਨੇ ਮੌਜੂਦਾ ਹਾਲਾਤਾਂ ਵਿਚ ਊੜਾ ਤੇ ਜੂੜਾ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਸਿੱਖ ਸਿਧਾਂਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਗੁਰੂ ਹੁਕਮਾਂ ਅਨੁਸਾਰ ਚੱਲ ਕੇ ਹੀ ਆਪਣਾ ਜੀਵਨ ਸਫਲ ਕੀਤਾ ਜਾ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੋ ਬੱਚੇ ਦਸਤਾਰ ਸਿਖਲਾਈ ਲੈਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਤਜਿੰਦਰ ਸਿੰਘ ਖਾਲਸਾ ਨਾਲ ਸੰਪਰਕ ਕਰ ਸਕਦੇ ਹਨ। ਬੱਚਿਆਂ ਨੂੰ ਮੁਫ਼ਤ ਦਸਤਾਰਾਂ ਦੇਣ ਦੇ ਨਾਲ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਖਾਲਸਾ, ਮਾਸਟਰ ਪ੍ਰਭਜੀਤ ਸਿੰਘ, ਸਾਬਕਾ ਪ੍ਰਧਾਨ ਹਰਬੰਸ ਸਿੰਘ, ਗੁਰਮੁੱਖ ਸਿੰਘ ਬਾਟੂ, ਭਾਈ ਹਜ਼ਾਰਾ ਸਿੰਘ ਸਮੇਤ ਬੱਚਿਆਂ ਦੇ ਮਾਪੇ ਹਾਜ਼ਰ ਸਨ।