ਸਿੱਕੇ ’ਚ ਸੋਭਾ ਸਿੰਘ ਨੂੰ ਸਨਮਾਨ, ਜਨਮ ਭੂਮੀ ’ਤੇ ਯਾਦਗਾਰਾਂ ਬੇਹਾਲ, ਲਾਇਬ੍ਰੇਰੀ ’ਚ ਸੀਬੀਪੀਓ ਤੇ ਆਰਟ ਗੈਲਰੀ ’ਚ ਚੱਲ ਰਿਹਾ ਡੀਐੱਸਪੀ ਦਫ਼ਤਰ 29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਜਨਮੇ ਸ਼ੋਭਾ ਸਿੰਘ ਨੇ ਸਿੱਖ ਗੁਰੂ ਸਾਹਿਬਾਨ ਦੇ ਅਲੌਕਿਕ ਚਿੱਤਰਾਂ ਰਾਹੀਂ ਵਿਸ਼ਵ ਪੱਧਰ ’ਤੇ ਪਛਾਣ ਬਣਾਈ। ਸੋਹਣੀ-ਮਹੀਂਵਾਲ ਅਤੇ ਹੀਰ-ਰਾਂਝਾ ਵਰਗੇ ਲੋਕ ਨਾਇਕਾਂ ਦੇ ਚਿੱਤਰਾਂ ਨੇ ਵੀ ਉਨ੍ਹਾਂ ਦੀ ਕਲਾ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਈ। ਉਨ੍ਹਾਂ ਦੀ ਚਿੱਤਰਕਾਰੀ ਵਿੱਚ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਇਤਿਹਾਸ ਅਤੇ ਲੋਕ ਜੀਵਨ ਦੀ ਝਲਕ ਮਿਲਦੀ ਹੈ।
Publish Date: Sat, 28 Nov 2026 01:34 PM (IST)
Updated Date: Sat, 28 Nov 2026 01:38 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ: ਵਿਸ਼ਵ ਪ੍ਰਸਿੱਧ ਚਿੱਤਰਕਾਰ ਸ਼ੋਭਾ ਸਿੰਘ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ 29 ਨਵੰਬਰ 2026 ਨੂੰ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਕੇਂਦਰ ਸਰਕਾਰ ਦਾ ਫ਼ੈਸਲਾ ਸ਼ਲਾਘਾਯੋਗ ਹੈ। ਇਸ ਨਾਲ ਉਨ੍ਹਾਂ ਦੀ ਜਨਮ ਭੂਮੀ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਕਲਾ ਜਗਤ ਵਿੱਚ ਖ਼ੁਸ਼ੀ ਹੈ। ਪਰ ਇੱਥੇ 1987 ’ਚ ਉਨ੍ਹਾਂ ਦੀ ਯਾਦ ਵਿੱਚ ਬਣੀ ਲਾਇਬ੍ਰੇਰੀ ਤੇ ਆਰਟ ਗੈਲਰੀ ਸਰਕਾਰੀ ਮਹਿਕਮਿਆਂ ਦੇ ਕਬਜ਼ੇ ਹੇਠ ਆਪਣੀ ਪਛਾਣ ਗੁਆ ਰਹੀਆਂ ਹਨ।
29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਜਨਮੇ ਸ਼ੋਭਾ ਸਿੰਘ ਨੇ ਸਿੱਖ ਗੁਰੂ ਸਾਹਿਬਾਨ ਦੇ ਅਲੌਕਿਕ ਚਿੱਤਰਾਂ ਰਾਹੀਂ ਵਿਸ਼ਵ ਪੱਧਰ ’ਤੇ ਪਛਾਣ ਬਣਾਈ। ਸੋਹਣੀ-ਮਹੀਂਵਾਲ ਅਤੇ ਹੀਰ-ਰਾਂਝਾ ਵਰਗੇ ਲੋਕ ਨਾਇਕਾਂ ਦੇ ਚਿੱਤਰਾਂ ਨੇ ਵੀ ਉਨ੍ਹਾਂ ਦੀ ਕਲਾ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਈ। ਉਨ੍ਹਾਂ ਦੀ ਚਿੱਤਰਕਾਰੀ ਵਿੱਚ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਇਤਿਹਾਸ ਅਤੇ ਲੋਕ ਜੀਵਨ ਦੀ ਝਲਕ ਮਿਲਦੀ ਹੈ। ਇਸੇ ਵਿਲੱਖਣ ਕਲਾ ਸਦਕਾ ਉਨ੍ਹਾਂ ਦਾ ਨਾਂ ਦੇਸ਼-ਵਿਦੇਸ਼ ਦੇ ਕਲਾ ਪ੍ਰੇਮੀਆਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ।
ਇੱਕ ਪਾਸੇ ਕੇਂਦਰ ਸਰਕਾਰ ਯਾਦਗਾਰੀ ਸਿੱਕਾ ਜਾਰੀ ਕਰਕੇ ਉਨ੍ਹਾਂ ਨੂੰ ਸਨਮਾਨ ਦੇ ਰਹੀ ਹੈ, ਦੂਜੇ ਪਾਸੇ ਜਨਮ ਭੂਮੀ ’ਤੇ ਬਣੀਆਂ ਯਾਦਗਾਰੀ ਇਮਾਰਤਾਂ ਦਾ ਅਸਲ ਮਕਸਦ ਹੀ ਖ਼ਤਮ ਹੋ ਗਿਆ ਹੈ। ਲਾਇਬ੍ਰੇਰੀ ਵਿੱਚ ਸੀਬੀਪੀਓ ਅਤੇ ਆਰਟ ਗੈਲਰੀ ਵਿੱਚ ਡੀਐੱਸਪੀ ਦਫ਼ਤਰ ਚੱਲ ਰਿਹਾ ਹੈ। ਵਿਸ਼ਵ ਪ੍ਰਸਿੱਧ ਚਿੱਤਰਕਾਰ ਦੀ ਯਾਦ ਵਿੱਚ ਬਣੀਆਂ ਇਮਾਰਤਾਂ ਦੀ ਇਸ ਵਰਤੋਂ ਕਾਰਨ ਉਨ੍ਹਾਂ ਦੀ ਵਿਰਾਸਤ ਦੀ ਸੰਭਾਲ ਦਾ ਮਕਸਦ ਪਿੱਛੇ ਰਹਿ ਗਿਆ ਹੈ।
ਇਹ ਦੋਵੇਂ ਇਮਾਰਤਾਂ ਸਿਰਫ਼ ਇੱਟਾਂ-ਪੱਥਰ ਦੀਆਂ ਇਮਾਰਤਾਂ ਨਹੀਂ, ਸਗੋਂ ਮਹਾਨ ਚਿੱਤਰਕਾਰ ਨਾਲ ਜੁੜੀ ਯਾਦ ਅਤੇ ਉਨ੍ਹਾਂ ਦੀ ਕਲਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਾਧਨ ਹਨ। ਲਾਇਬ੍ਰੇਰੀ ਅਤੇ ਆਰਟ ਗੈਲਰੀ ਨੂੰ ਉਨ੍ਹਾਂ ਦੇ ਅਸਲ ਮਕਸਦ ਲਈ ਵਰਤਿਆ ਜਾਵੇ ਤਾਂ ਇੱਥੇ ਚਿੱਤਰਕਾਰੀ, ਕਲਾ ਅਤੇ ਸਾਹਿਤ ਨਾਲ ਜੁੜੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਨਾ ਸਿਰਫ਼ ਸ਼ੋਭਾ ਸਿੰਘ ਦੀ ਵਿਰਾਸਤ ਸੰਭਾਲੀ ਜਾਵੇਗੀ, ਸਗੋਂ ਨਵੀਂ ਪੀੜ੍ਹੀ ਨੂੰ ਵੀ ਪੰਜਾਬ ਦੀ ਮਹਾਨ ਕਲਾ ਪਰੰਪਰਾ ਨਾਲ ਜੁੜਨ ਦਾ ਮੌਕਾ ਮਿਲੇਗਾ।
ਇਲਾਕੇ ਦੇ ਬੁੱਧੀਜੀਵੀਆਂ, ਕਲਾ ਪ੍ਰੇਮੀਆਂ ਅਤੇ ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵੇਂ ਇਮਾਰਤਾਂ ਨੂੰ ਸਰਕਾਰੀ ਮਹਿਕਮਿਆਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ। ਇਨ੍ਹਾਂ ਦਾ ਸੁੰਦਰੀਕਰਨ ਕਰਕੇ ਮੁੜ ਸ਼ੋਭਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੀ ਕਲਾ ਅਤੇ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਕਾ ਜਾਰੀ ਕਰਨ ਨਾਲ ਮਿਲੇ ਸਨਮਾਨ ਨੂੰ ਸਾਰਥਕ ਬਣਾਉਣ ਲਈ ਪੰਜਾਬ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।