ਪਿੰਡ ਘਗਵਾਲ ਦੇ ਹੋਣਹਾਰ ਨੌਜਵਾਨ ਰਿਤਿਕ ਰਾਣਾ ਨੇ ਚਮਕਾਇਆ ਨਾਮ, ਭਾਰਤੀ ਫ਼ੌਜ ’ਚ ਬਣਿਆ ਲੈਫਟੀਨੈਂਟ
ਪਿੰਡ ਘਗਵਾਲ ਲਈ ਅੱਜ ਮਾਣ ਅਤੇ ਖੁਸ਼ੀ ਦਾ ਦਿਨ ਰਿਹਾ ਜਦੋਂ ਪਿੰਡ ਦੇ ਹੋਣਹਾਰ ਨੌਜਵਾਨ ਰਿਤਿਕ ਰਾਣਾ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮੀਸ਼ਨਡ ਹੋ ਗਏ। 13 ਜੂਨ 2026 ਨੂੰ ਇੰਡੀਅਨ ਮਿਲਟਰੀ ਅਕੈਡਮੀ ਵਿਖੇ ਆਯੋਜਿਤ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਰਿਤਿਕ ਰਾਣਾ ਨੂੰ ਭਾਰਤੀ ਫ਼ੌਜ ਦੇ ਅਫ਼ਸਰ ਵਜੋਂ ਕਮਿਸ਼ਨ ਪ੍ਰਦਾਨ ਕੀਤਾ ਗਿਆ। ਇਸ ਉਪਲਬਧੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਇਲਾਕੇ ’ਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ ਹੈ।
Publish Date: Sat, 13 Jun 2026 06:27 PM (IST)
Updated Date: Sat, 13 Jun 2026 06:29 PM (IST)
ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ। ਪਿੰਡ ਘਗਵਾਲ ਲਈ ਅੱਜ ਮਾਣ ਅਤੇ ਖੁਸ਼ੀ ਦਾ ਦਿਨ ਰਿਹਾ ਜਦੋਂ ਪਿੰਡ ਦੇ ਹੋਣਹਾਰ ਨੌਜਵਾਨ ਰਿਤਿਕ ਰਾਣਾ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮੀਸ਼ਨਡ ਹੋ ਗਏ। 13 ਜੂਨ 2026 ਨੂੰ ਇੰਡੀਅਨ ਮਿਲਟਰੀ ਅਕੈਡਮੀ ਵਿਖੇ ਆਯੋਜਿਤ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਰਿਤਿਕ ਰਾਣਾ ਨੂੰ ਭਾਰਤੀ ਫ਼ੌਜ ਦੇ ਅਫ਼ਸਰ ਵਜੋਂ ਕਮਿਸ਼ਨ ਪ੍ਰਦਾਨ ਕੀਤਾ ਗਿਆ। ਇਸ ਉਪਲਬਧੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਇਲਾਕੇ ’ਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ ਹੈ।
ਰਿਤਿਕ ਰਾਣਾ ਨੂੰ 158ਵੇਂ ਰੈਗੂਲਰ ਕੋਰਸ ਅਤੇ 141ਵੇਂ ਟੈਕਨੀਕਲ ਗ੍ਰੈਜੂਏਟ ਕੋਰਸ (ਸਪ੍ਰਿੰਗ ਟਰਮ-2026) ਦੇ ਅਧੀਨ ਭਾਰਤੀ ਫ਼ੌਜ ਦੀ ਤੋਪਖਾਨੇ ਦੀ ਰੈਜੀਮੈਂਟ ’ਚ ਨਿਯੁਕਤੀ ਮਿਲੀ ਹੈ। ਭਾਰਤੀ ਫ਼ੌਜ ਦੀ ਇਹ ਰੈਜੀਮੈਂਟ ਆਪਣੀ ਬਹਾਦਰੀ, ਅਨੁਸ਼ਾਸਨ ਅਤੇ ਦੇਸ਼ ਦੀ ਸੁਰੱਖਿਆ ’ਚ ਅਹਿਮ ਯੋਗਦਾਨ ਲਈ ਜਾਣੀ ਜਾਂਦੀ ਹੈ।
ਲੈਫਟੀਨੈਂਟ ਰਿਤਿਕ ਰਾਣਾ ਸੇਵਾਮੁਕਤ ਸੂਬੇਦਾਰ ਮੇਜਰ ਸੁਰੇਸ਼ ਐੱਸ. ਰਾਣਾ ਅਤੇ ਰੇਣੂ ਬਾਲਾ ਦੇ ਸਪੁੱਤਰ ਹਨ। ਦੇਸ਼ਭਗਤੀ ਅਤੇ ਅਨੁਸ਼ਾਸਨ ਦੀਆਂ ਕਦਰਾਂ ਵਾਲੇ ਪਰਿਵਾਰ ’ਚ ਰਹਿ ਕੇ ਰਿਤਿਕ ਨੇ ਬਚਪਨ ਤੋਂ ਹੀ ਫ਼ੌਜ ’ਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਿਆ ਸੀ, ਜਿਸ ਨੂੰ ਉਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਸਾਕਾਰ ਕਰ ਦਿਖਾਇਆ ਹੈ।
ਰਿਤਿਕ ਰਾਣਾ ਨੇ ਆਪਣੀ ਮੁੱਢਲੀ ਅਤੇ ਸਕੂਲੀ ਸਿੱਖਿਆ ਕੇਂਦਰੀ ਵਿਦਿਆਲਿਆ ਨੰ: 3 ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਹ ਪੜ੍ਹਾਈ ਦੇ ਨਾਲ-ਨਾਲ ਅਨੁਸ਼ਾਸਨ, ਖੇਡਾਂ ਅਤੇ ਹੋਰ ਗਤੀਵਿਧੀਆਂ ’ਚ ਵੀ ਸਰਗਰਮ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ ਅਤੇ ਆਪਣੇ ਫ਼ੌਜੀ ਕਰੀਅਰ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਯਤਨ ਜਾਰੀ ਰੱਖੇ।
ਭਾਰਤੀ ਫ਼ੌਜ ਅਕਾਦਮੀ ’ਚ ਸਖ਼ਤ ਤਰਬੀਅਤ ਅਤੇ ਉੱਚ ਮਾਪਦੰਡਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਰਿਤਿਕ ਰਾਣਾ ਦਾ ਭਾਰਤੀ ਫ਼ੌਜ ’ਚ ਅਫ਼ਸਰ ਵਜੋਂ ਚੋਣ ਹੋਣਾ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਨੇ ਇਲਾਕੇ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ।
ਰਿਤਿਕ ਰਾਣਾ ਦੀ ਇਸ ਉਪਲਬਧੀ ’ਤੇ ਪਿੰਡ ਘਗਵਾਲ, ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ, ਸਮਾਜਿਕ ਆਗੂਆਂ, ਸਾਬਕਾ ਫ਼ੌਜੀਆਂ, ਪੰਚਾਇਤ ਨੁਮਾਇੰਦਿਆਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਲੋਕਾਂ ਨੇ ਕਿਹਾ ਕਿ ਰਿਤਿਕ ਨੇ ਆਪਣੇ ਮਾਪਿਆਂ, ਪਿੰਡ, ਜ਼ਿਲ੍ਹੇ ਅਤੇ ਸਮੁੱਚੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਵਾਸੀਆਂ ਨੇ ਆਸ ਪ੍ਰਗਟਾਈ ਕਿ ਲੈਫਟੀਨੈਂਟ ਰਿਤਿਕ ਰਾਣਾ ਭਾਰਤੀ ਫੌਜ ’ਚ ਆਪਣੀਆਂ ਸੇਵਾਵਾਂ ਦੌਰਾਨ ਉੱਚੀਆਂ ਉਪਲਬਧੀਆਂ ਹਾਸਲ ਕਰਨਗੇ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਦੇ ਉੱਜਵਲ ਭਵਿੱਖ, ਸਫਲ ਫ਼ੌਜੀ ਜੀਵਨ ਅਤੇ ਦੇਸ਼ ਸੇਵਾ ਲਈ ਸਮੂਹ ਇਲਾਕਾ ਉਨ੍ਹਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦੇ ਰਿਹਾ ਹੈ।