ਜੱਗੋਂ ਤੇਹਰਵਾਂ ਕਾਨੂੰਨ ਪੜ੍ਹਾ ਰਹੀ ਹੈ ਥਾਣਾ ਮਾਹਿਲਪੁਰ ਦੀ ਪੁਲਿਸ : ਪ੍ਰਭਾਕਰ ਜੱਗੋਂ ਤੇਹਰਵਾਂ ਕਾਨੂੰਨ ਪੜ੍ਹਾ ਰਹੀ ਹੈ ਥਾਣਾ ਮਾਹਿਲਪੁਰ ਦੀ ਪੁਲਿਸ ਅਸ਼ੀਸ਼ ਪ੍ਰਭਾਕਰ
Publish Date: Thu, 09 Jul 2026 06:32 PM (IST)
Updated Date: Thu, 09 Jul 2026 06:33 PM (IST)
ਥਾਣੇਦਾਰ ਦੀ ਕਾਂਗਰਸੀ ਆਗੂ ਨੂੰ ਦੋ ਟੁੱਕ,‘ਜੇਕਰ ਚੁੱਪ ਨਾ ਹੋਇਆ ਤਾਂ ਤੇਰੇ ’ਤੇ ਹੀ ਠੋਕ ਕੇ ਪਰਚਾ ਦੇਵਾਂਗੇ’ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜਨਵਰੀ 28 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਖੇ ਰਾਤ ਦੇ ਸਮੇਂ ਹੋਈ ਕੁੱਟਮਾਰ ਦਾ ਇਨਸਾਫ਼ ਲੈਣ ਲਈ ਕਾਂਗਰਸ ਦਾ ਇਕ ਆਗੂ ਜ਼ਿਲ੍ਹਾ ਪੁਲਿਸ ਦੇ ਉੱਚ ਅਫ਼ਸਰਾਂ ਨੂੰ ਸ਼ਿਕਾਇਤਾਂ ਕਰ ਰਿਹਾ ਹੈ ਪਰੰਤੂ ਉਸ ਦੀ ਸੁਣਵਾਈ ਕਰਨੀ ਤਾਂ ਇਕ ਪਾਸੇ ਥਾਣਾ ਮਾਹਿਲਪੁਰ ਦੀ ਪੁਲਿਸ ਉਸ ਨੂੰ ਜੱਗੋਂ ਤੇਹਰਵਾਂ ਕਾਨੂੰਨ ਪੜ੍ਹਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਆਗੂ ਅਸ਼ੀਸ਼ ਪ੍ਰਭਾਕਰ ਪੁੱਤਰ ਤੇਜਪਾਲ ਵਾਸੀ ਵਾਰਡ ਨੰਬਰ 13 ਮਾਹਿਲਪੁਰ ਨੇ ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ 28 ਜਨਵਰੀ ਨੂੰ ਜਦੋਂ ਉਹ ਰਾਤ ਦੀ ਰੋਟੀ ਖ਼ਾ ਕੇ ਘਰੋਂ ਸੈਰ ਲਈ ਨਿਕਲਿਆ ਤਾਂ ਉਸ ਦੇ ਗੁਆਂਢੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਿਆ। ਉਸ ਨੂੰ ਇਕ ਜਾਣਕਾਰ ਨੇ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਉਸ ਦੇ ਬਿਆਨ ਹੀ ਨਹੀਂ ਲੈ ਰਹੀ ਸੀ ਪਰ ਡਾਕਟਰਾਂ ਵੱਲੋਂ ਛੁੱਟੀ ਦੇਣ ਬਾਰੇ ਕਿਹਾ ਤਾਂ ਮਾਹਿਲਪੁਰ ਥਾਣੇ ਦਾ ਥਾਣੇਦਾਰ ਗੁਲਸ਼ਨ ਮੁਹੰਮਦ ਉਸ ਦੇ ਬਿਆਨ ਲੈ ਗਿਆ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਨਾ ਹੁੰਦੀ ਦੇਖ਼ ਉਸ ਨੇ ਸਬੰਧਤ ਥਾਣੇਦਾਰ ਤੋਂ ਪੁੱਛਿਆ ਤਾਂ ਉਸ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਉਸ ਨੇ ਤਾਂ ਪਰਚਾ ਕਰਨ ਦੀ ਰਿਪੋਰਟ ਲਿਖ ਦਿੱਤੀ ਹੈ ਪਰ ਥਾਣਾ ਮੁਖੀ ਸਾਰੀ ਕਾਰਵਾਈ ਆਪਣੇ ਕੋਲ ਰੱਖ ਕੇ ਬੈਠਾ ਹੈ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਦੇ ਖਿਲਾਫ਼ ਇਕ ਸ਼ਿਕਾਇਤ ਕੀਤੀ, ਜਿਸ ਸਬੰਧੀ ਦੋ ਮਹੀਨੇ ਥਾਣੇਦਾਰ ਗੁਲਸ਼ਨ ਇਹ ਕਹਿ ਕੇ ਟਾਲਦਾ ਰਿਹਾ ਕਿ ਉਸ ਕੋਲ ਸ਼ਿਕਾਇਤ ਆਈ ਹੀ ਨਹੀਂ ਜਦਕਿ ਡੀਐੱਸਪੀ ਗੜ੍ਹਸ਼ੰਕਰ ਨੇ ਉਸ ਦੇ ਬਿਆਨ ਵੀ ਲੈ ਲਏ। ਉਸ ਨੇ ਦੱਸਿਆ ਕਿ ਉਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਇਕ ਹੋਰ ਸ਼ਿਕਾਇਤ ਦੀ ਪੜਤਾਲ ਵੀ ਉਸੇ ਥਾਣੇਦਾਰ ਕੋਲ ਆਈ, ਜਿਹੜਾ ਉਸ ਦੇ ਕੇਸ ਨੂੰ ਦਰਜ ਕਰਨ ਵਿਚ ਆਨਾਕਾਨੀ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਇਸ ਸ਼ਿਕਾਇਤ ਸਬੰਧੀ ਥਾਣੇਦਾਰ ਨੇ ਉਸ ਨਾਲ ਜੱਗੋਂ ਤੇਹਰਵੀਂ ਹੀ ਕਰ ਦਿੱਤੀ। ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਉਸ ਨੂੰ ਧਮਕੀ ਦੇ ਦਿੱਤੀ ਕਿ ਇਸ ਸ਼ਿਕਾਇਤ ਨੂੰ ਛੱਡ ਦੇ ਜੇਕਰ ਮੁੜ ਕੁੱਟਮਾਰ ਹੋਈ ਤਾਂ ਕਾਰਵਾਈ ਕਰਾਂਗੇ। ਨਾਲ ਉਸ ਨੇ ਕਿਹਾ ਕਿ ਅਫਸਰਾਂ ਨੂੰ ਸ਼ਿਕਾਇਤਾਂ ਕਰਨੀਆਂ ਬੰਦ ਕਰ ਦੇ ਨਹੀਂ ਤਾਂ ਤੇਰੇ ’ਤੇ ਹੀ ਪਰਚਾ ਦੇ ਦੇਵਾਂਗੇ। ਅਸ਼ੀਸ਼ ਨੇ ਦੱਸਿਆ ਕਿ ਉਸਦੀ ਮੈਡੀਕਲ ਰਿਪੋਰਟ ਵਾਲੀ ਕਾਰਵਾਈ ਉਸ ਦੇ ਦੋ ਉਨ੍ਹਾਂ ਗੁਆਂਢੀਆਂ ਦੇ ਬਿਆਨ ਲੈ ਕੇ ਬੰਦ ਕਰ ਦਿੱਤੀ, ਜਿਨ੍ਹਾਂ ਨਾਲ ਉਸ ਦੇ ਅਦਾਲਤੀ ਤੇ ਫ਼ੌਜਦਾਰੀ ਕੇਸ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਛੇ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੇਕਰ ਹੁਣ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣਾ ਮਾਹਿਲਪੁਰ ਅੱਗੇ ਧਰਨਾ ਦੇਵੇਗਾ। ਕੀ ਕਹਿੰਦੇ ਹਨ ਥਾਣੇਦਾਰ ਗੁਲਸ਼ਨ ਇਸ ਸਬੰਧੀ ਥਾਣੇਦਾਰ ਗੁਲਸ਼ਨ ਮੁਹੰਮਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਸ਼ੀਸ਼ ਪ੍ਰਭਾਕਰ ਨੂੰ ਕੋਈ ਗਲਤ ਗੱਲ ਨਹੀਂ ਕਹੀ। ਉਨ੍ਹਾਂ ਪਰਚੇ ਦੀ ਮਿਸਲ ਤਿਆਰ ਕਰਕੇ ਉਸ ਵੇਲੇ ਦੇ ਥਾਣਾ ਮੁਖੀ ਮਦਨ ਸਿੰਘ ਨੂੰ ਦੇ ਦਿੱਤੀ ਸੀ। ਉਨ੍ਹਾਂ ਪਰਚਾ ਕਿਉਂ ਨਹੀਂ ਦਰਜ ਕੀਤਾ, ਉਹ ਹੀ ਜਾਨਣ। ਉਨ੍ਹਾਂ ਕੋਲ ਤਾਂ ਪਰਚਾ ਦਰਜ ਕਰਨ ਦੀ ਕਾਰਵਾਈ ਦਾ ਸਾਰਾ ਰਿਕਾਰਡ ਪਿਆ ਹੈ।