ਸੰਜੇ ਸ਼ਰਮਾ ਦੀ ਕੋਝੀ ਹਰਕਤ ਨੂੰ ਦਿਆਂਗਾ ਅਦਾਲਤ ’ਚ ਚੁਣੌਤੀ : ਪਵਿੱਤਰ ਸਿੰਘ ਕਾਂਗਰਸੀ ਆਗੂ ਨੇ ਪੱਤਰਕਾਰ ਸੰਮੇਲਨ ਦੌਰਾਨ ਹਾਰੇ ਕੌਂਸਲਰ ਦੇ ਪੋਤੜੇ ਫ਼ਰੋਲੇ
Publish Date: Thu, 09 Jul 2026 05:54 PM (IST)
Updated Date: Thu, 09 Jul 2026 05:57 PM (IST)
ਕਾਂਗਰਸੀ ਆਗੂ ਨੇ ਪੱਤਰਕਾਰ ਸੰਮੇਲਨ ਦੌਰਾਨ ਹਾਰੇ ਕੌਂਸਲਰ ਦੇ ਪੋਤੜੇ ਫ਼ਰੋਲੇ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਾਰਡ ਨੰਬਰ 23 ਤੋਂ ਜਿੱਤੇ ਕੌਂਸਲਰ ਦੇ ਪਤੀ ਤੇ ਕਾਂਗਰਸੀ ਆਗੂ ਨੇ ਆਪਣੇ ਹੀ ਵਾਰਡ ਵਿਚੋਂ ਹਾਰੇ ਕੌਂਸਲਰ ਵੱਲੋਂ ਮਾਂ-ਪੁੱਤ ਸਬੰਧੀ ਜਾਰੀ ਵੀਡੀਓ ਬਾਰੇ ਕੀਤੀ ਕਾਨਫਰੰਸ ਦੇ ਸਬੰਧ ਵਿਚ ਅੱਜ ਆਪਣਾ ਪੱਖ ਰੱਖ਼ਦੇ ਉਕਤ ਵਿਅਕਤੀ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਦਾ ਉੱਤਰ ਦਿੰਦੇ ਹੋਏ ਵਿਰੋਧੀ ’ਤੇ ਚੱਲ ਰਹੇ ਕੇਸਾਂ ਦਾ ਕੱਚਾ ਚਿੱਠਾ ਖ਼ੋਲ੍ਹ ਕੇ ਰੱਖ਼ ਦਿੱਤਾ। ਐਡਵੋਕੇਟ ਪਵਿੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਪਣੀ ਮਾਂ ਨਾਲ ਹੱਸਦੇ-ਖ਼ੇਡਦੇ ਦੀ ਇਕ ਫ਼ੋਟੋ ਸੋਸ਼ਲ ਮੀਡੀਆ ’ਤੇ ਪਾਈ ਸੀ, ਜਿਸ ’ਤੇ ਉਨ੍ਹਾਂ ਦੇ ਵਾਰਡ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਪਤੀ ਸੰਜੇ ਸ਼ਰਮਾ ਜ਼ਿਲ੍ਹਾ ਵਾਈਸ ਪ੍ਰਧਾਨ ਨੇ ਗੰਭੀਰ ਦੋਸ਼ ਲਗਾਏ ਸਨ। ਐਡਵੋਕੇਟ ਨੇ ਕਿਹਾ ਕਿ ਉਸ ਫ਼ੋਟੋ ਵਿਚ ਉਹ ਆਪਣੀ ਮਾਂ ਨੂੰ ਹਸਾਉਣ ਦਾ ਯਤਨ ਕਰ ਰਿਹਾ ਸੀ ਪਰ ਸੰਜੇ ਸ਼ਰਮਾ ਨੇ ਗਲਤ ਢੰਗ ਨਾਲ ਉਸ ਨੂੰ ਪੱਤਰਕਾਰ ਸੰਮੇਲਨ ਵਿਚ ਪੇਸ਼ ਕਰਕੇ ਉਸ ਦੇ ਪਰਿਵਾਰ ਨੂੰ ਹੀਣਤਾ ਦਿਖਾਈ ਹੈ ਜਦਕਿ ਉਸ ਦੀ ਮਾਤਾ ਦਾ ਸਵਰਗਵਾਸ ਹੋ ਚੁੱਕਾ ਹੈ। ਉਨ੍ਹਾਂ ਨੇ ਅਦਾਲਤੀ ਕੇਸਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਕਤ ਸੰਜੇ ਸ਼ਰਮਾ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਦਾ ਕੇਸ ਵਿਚਾਰ ਅਧੀਨ ਹੈ ਤੇ ਉਹ ਆਪਣੀ ਪਤਨੀ ਨੂੰ ਮਹੀਨਾਵਾਰ ਮੁਆਵਜ਼ਾ ਦੇਣ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਭਗੌੜਾ ਹੋਣ ਦੀ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਦੱਸਿਆ ਕਿ ਸੰਜੇ ਸ਼ਰਮਾ ’ਤੇ ਗੈਰਕਾਨੂੰਨੀ ਹਥਿਆਰਾਂ, ਨਸ਼ਾ, ਲੜਾਈ-ਝਗੜੇ ਦੇ ਅੱਧੀ ਦਰਜਨ ਤੋਂ ਵੱਧ ਕੇਸ ਅਦਾਲਤ ਵਿਚ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਭੇਜੇ ਜਾ ਰਹੇ ਸੰਮਨਾਂ ਵਿਚ ਉਹ ਘਰ ਮਿਲਦਾ ਨਹੀਂ ਦਿਖ਼ਾਇਆ ਜਾਂਦਾ ਜਦਕਿ ਉਹ ਪੰਜਾਬ ਪੁਲਿਸ ਹੁਸ਼ਿਆਰਪੁਰ ਦੇ ਥਾਣਾ ਮੁਖੀ ਤੇ ਡੀਐੱਸਪੀ ਪੱਧਰ ਦੇ ਅਫਸਰਾਂ ਦਾ ਜਨਮ ਦਿਨ ਥਾਣਿਆਂ ਵਿਚ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਂ-ਪੁੱਤ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਦੀ ਸੰਜੇ ਸ਼ਰਮਾ ਦੀ ਕੋਝੀ ਹਰਕਤ ਨੂੰ ਉਹ ਅਦਾਲਤ ਵਿਚ ਚੁਣੌਤੀ ਦੇਣਗੇ। ਕੀ ਕਹਿੰਦੇ ਹਨ ਸੰਜੇ ਸ਼ਰਮਾ ਇਸ ਸਬੰਧੀ ਆਪਣੇ ’ਤੇ ਲੱਗੇ ਦੋਸ਼ਾਂ ਦਾ ਖ਼ੰਡਨ ਕਰਦੇ ਹੋਏ ਸੰਜੇ ਸ਼ਰਮਾ ਨੇ ਕਿਹਾ ਕਿ ਜਿਸ ਲੜਕੀ ਨਾਲ ਉਹ ਰਹਿੰਦੇ ਹਨ ਇਹ ਸਾਡੀ ਦੋਹਾਂ ਦੀ ਮਰਜ਼ੀ ਹੈ ਤੇ ਸੁਪਰੀਮ ਕੋਰਟ ਇਸ ਦੀ ਆਗਿਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਦੀ ਗੱਲ ਪਵਿੱਤਰ ਸਿੰਘ ਨੇ ਆਖੀ ਹੈ ਉਸ ਦੀ ਸ਼ਿਕਾਇਤ ਚੱਲ ਰਹੀ ਹੈ, ਉਹ ਉੱਥੇ ਉੱਤਰ ਦੇਵੇ। ਉਨ੍ਹਾਂ ਕਿਹਾ ਕਿ ਪਵਿੱਤਰ ਦੇ ਬਾਪੂ ਨੇ ਦੋ ਵਿਆਹ ਕਰਵਾਏ, ਭਰਾ ਦਾ ਕੇਸ ਚੱਲਦਾ। ਉਨ੍ਹਾਂ ਕਿਹਾ ਕਿ ਮੇਰੇ ’ਤੇ ਇਕ ਕੇਸ ਚੱਲਦਾ ਹੈ ਤੇ ਉਹ ਵੀ ਸੁੰਦਰ ਸ਼ਾਮ ਅਰੋੜਾ ਨੇ ਕਾਂਗਰਸ ਸਰਕਾਰ ਵੇਲੇ ਮੇਰੇ ’ਤੇ ਝੂਠਾ ਕਰਵਾਇਆ ਸੀ। ਮਾਂ-ਪੁੱਤ ਦੀ ਵੀਡੀਓ ’ਤੇ ਉਨ੍ਹਾਂ ਕਿਹਾ ਕਿ ਜੇ ਉਹ ਜਿੱਤ ਗਏ ਹਨ ਤਾਂ ਆਪਣਾ ਮਨੋਰੰਜਨ ਕਰਨ, ਸਾਨੂੰ ਕਿਉਂ ਟਾਰਗੇਟ ਕਰਦੇ ਹਨ।