ਹੁਸ਼ਿਆਰਪੁਰ ਜੇਲ੍ਹ ਤੋਂ ਗੈਂਗਸਟਰ ਦੇ ਲਾਈਵ ਹੋਣ 'ਤੇ ਭਖੀ ਸਿਆਸਤ: ਅਕਾਲੀ ਦਲ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਘੇਰੀ ਪੰਜਾਬ ਸਰਕਾਰ, ਜੇਲ੍ਹ ਮੰਤਰੀ ਤੋਂ ਮੰਗਿਆ ਅਸਤੀਫ਼ਾ
ਪੰਜਾਬ ਦੀਆਂ ਜੇਲ੍ਹਾਂ ’ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ’ਤੇ ਉਸ ਸਮੇਂ ਸਵਾਲ ਖੜ੍ਹੇ ਹੋ ਗਏ, ਜਦੋਂ ਹੁਸ਼ਿਆਰਪੁਰ ਕੇਂਦਰੀ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਦੇ ਵੀਡੀਓ ਰਾਹੀਂ ਲਾਈਵ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ।
Publish Date: Sun, 14 Jun 2026 06:22 PM (IST)
Updated Date: Sun, 14 Jun 2026 06:25 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪੰਜਾਬ ਦੀਆਂ ਜੇਲ੍ਹਾਂ ’ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ’ਤੇ ਉਸ ਸਮੇਂ ਸਵਾਲ ਖੜ੍ਹੇ ਹੋ ਗਏ, ਜਦੋਂ ਹੁਸ਼ਿਆਰਪੁਰ ਕੇਂਦਰੀ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਦੇ ਵੀਡੀਓ ਰਾਹੀਂ ਲਾਈਵ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ।
ਜੇਲ੍ਹ ਮੰਤਰੀ ਦੇ ਜ਼ਿਲ੍ਹੇ ਦੀ ਜੇਲ੍ਹ ਨੇ ਖੋਲ੍ਹੀ ਸਰਕਾਰ ਦੀ ਪੋਲ: ਸੰਜੀਵ ਤਲਵਾੜ
ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖ਼ੁਦ ਜੇਲ੍ਹ ਮੰਤਰੀ ਦੇ ਜ਼ਿਲ੍ਹੇ ਦੀ ਜੇਲ੍ਹ ਨੇ ਖੋਲ੍ਹ ਦਿੱਤੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਤੰਤਰ ਬਾਹਰ ਹੀ ਨਹੀਂ, ਸਗੋਂ ਜੇਲ੍ਹ ਦੇ ਅੰਦਰ ਵੀ ਨਸ਼ੇ ਦੀ ਪਹੁੰਚ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਬਹੁਤ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ੍ਹ ਵਿੱਚੋਂ ਗੈਂਗਸਟਰ ਦਾ ਲਾਈਵ ਹੋ ਕੇ ਆਪਣੀ ਗੱਲ ਰੱਖਣਾ ਵੱਡੀ ਚਿੰਤਾ ਦਾ ਵਿਸ਼ਾ ਹੈ।
ਤਲਵਾੜ ਨੇ ਕਿਹਾ ਕਿ ਗੈਂਗਸਟਰ ਵੱਲੋਂ ਜੇਲ੍ਹ ਅੰਦਰ ਨਸ਼ਾ ਮਿਲਣ ਅਤੇ ਇਸ ਦੇ ਬਦਲੇ ਪੈਸਿਆਂ ਦੀ ਮੰਗ ਕੀਤੇ ਜਾਣ ਦੇ ਦਾਅਵੇ ਨੇ ਸਰਕਾਰ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ "ਸੰਤਰੀ ਤੋਂ ਲੈ ਕੇ ਮੰਤਰੀ ਤੱਕ ਸਾਰੇ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਹਨ।"
ਉਨ੍ਹਾਂ ਕਿਹਾ ਕਿ ਜੇਕਰ ਜੇਲ੍ਹ ਮੰਤਰੀ ਦੇ ਆਪਣੇ ਜ਼ਿਲ੍ਹੇ ਦੀ ਜੇਲ੍ਹ ਵਿੱਚ ਅਜਿਹੇ ਹਾਲਾਤ ਹਨ ਤਾਂ ਪੰਜਾਬ ਦੀਆਂ ਹੋਰ ਜੇਲ੍ਹਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੈਤਿਕ ਜ਼ਿੰਮੇਵਾਰੀ ਦੇ ਆਧਾਰ ’ਤੇ ਜੇਲ੍ਹ ਮੰਤਰੀ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ।
ਇਸ ਮੌਕੇ ਕਮਲ ਚੇਤਾਲੀ, ਆਰਡੀ ਸ਼ਰਮਾ, ਪ੍ਰੇਮ ਸਿੰਘ, ਵਿਕਰਮਜੀਤ ਸਿੰਘ ਕਲਸੀ, ਸੰਜੀਵ ਥਾਪਰ ਅਤੇ ਨਰਿੰਦਰ ਸਿੰਘ ਵੀ ਮੌਜੂਦ ਸਨ।
ਰਾਜਾ ਵੜਿੰਗ ਨੇ ਐਕਸ ’ਤੇ ਸਰਕਾਰ ਤੋਂ ਮੰਗਿਆ ਜਵਾਬ
ਇਸੇ ਮਾਮਲੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ‘ਐਕਸ’ 'ਤੇ ਸੁਨੇਹਾ ਸਾਂਝਾ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ।
ਰਾਜਾ ਵੜਿੰਗ ਨੇ ਲਿਖਿਆ ਕਿ ਹੁਣ ਇਹ ਮਾਮਲਾ ਹੁਸ਼ਿਆਰਪੁਰ ਜੇਲ੍ਹ ਤੋਂ ਸਾਹਮਣੇ ਆਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਵਿੱਚ ਸੁਧਾਰ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਵੀਡੀਓ ਅਤੇ ਰਿਪੋਰਟਾਂ ਜ਼ਮੀਨੀ ਹਕੀਕਤ ਨੂੰ ਸਾਹਮਣੇ ਲਿਆ ਰਹੀਆਂ ਹਨ। ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜਵਾਬਦੇਹੀ ਤੈਅ ਕਰਨ ਲਈ ਹੋਰ ਕਿੰਨੀਆਂ ਘਟਨਾਵਾਂ ਦੀ ਉਡੀਕ ਕੀਤੀ ਜਾਵੇਗੀ। ਉਨ੍ਹਾਂ ਜੇਲ੍ਹ ਮੰਤਰੀ ਤੋਂ ਜ਼ਿੰਮੇਵਾਰੀ ਕਬੂਲ ਕਰਦੇ ਹੋਏ ਅਸਤੀਫ਼ਾ ਦੇਣ ਦੀ ਮੰਗ ਕੀਤੀ।