- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਕਾਰਵਾਈ ਕਰਦੇ ਹੋਏ ਨਰੇਸ਼ ਕੁਮਾਰ ਲਾਡੀ, ਉਸ ਦੇ ਭਰਾ ਹਰੀਸ਼ ਕੁਮਾਰ, ਭੈਣ ਹਰਕੀਰਤ ਕੌਰ, ਪਤਨੀ ਅਤੇ ਪਿਤਾ ਰਾਮ ਕ੍ਰਿਸ਼ਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਨਰੇਸ਼ ਕੁਮਾਰ ਅਤੇ ਉਸ ਦੇ ਭਰਾ ਹਰੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਥਾਣਾ ਪੁਰਹੀਰਾਂ ਦੀ ਪੁਲਿਸ ਨੇ ਇੱਕ ਗੈਂਗਸਟਰ ਨੂੰ ਫ਼ੜਨ ਗਈ ਪੁਲਿਸ ਟੀਮ 'ਤੇ ਹਮਲਾ ਕਰਨ, ਥਾਣੇਦਾਰ ਨੂੰ ਘਰ ਵਿੱਚ ਘਸੀਟ ਕੇ ਬੰਦੀ ਬਣਾਉਣ ਅਤੇ ਵਰਦੀ ਫਾੜਨ ਦੇ ਦੋਸ਼ ਹੇਠ ਗੈਂਗਸਟਰ ਅਤੇ ਉਸ ਦੇ ਚਾਰ ਪਰਿਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਉਰਫ਼ ਲਾਡੀ ਪੁੱਤਰ ਰਾਮ ਕ੍ਰਿਸ਼ਨ ’ਤੇ ਪਹਿਲਾਂ ਵੀ ਕਈ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮੇ ਚੱਲਦੇ ਹਨ। ਉਨ੍ਹਾਂ ਦੱਸਿਆ ਕਿ 08 ਜੂਨ ਨੂੰ ਉਸ ’ਤੇ ਨਸ਼ੀਲੇ ਪਦਾਰਥਾਂ ਦਾ ਇੱਕ ਹੋਰ ਮਾਮਲਾ ਦਰਜ ਹੋਇਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੀ ਪੁਲੀ ਨਜ਼ਦੀਕ ਇੱਕ ਕਾਰ (ਨੰਬਰ PB 07 CG 4590) ਵਿੱਚ ਆਪਣੇ ਇੱਕ ਸਾਥੀ ਨਾਲ ਦੇਖਿਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਥਾਣੇਦਾਰ ਸੰਗਤ ਸਿੰਘ ਤੇ ਸਿਪਾਹੀ ਗੁਰਦੀਪ ਸਿੰਘ ਗੱਡੀ ਕੋਲ ਪਹੁੰਚੇ, ਤਾਂ ਮੁਲਜ਼ਮਾਂ ਨੇ ਗੱਡੀ ਭਜਾ ਲਈ। ਇਸ ਦੌਰਾਨ ਉਨ੍ਹਾਂ ਥਾਣੇਦਾਰ ਨੂੰ ਗੱਡੀ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਥਾਣੇਦਾਰ ਨੇ ਫ਼ੁਰਤੀ ਨਾਲ ਪਿੱਛੇ ਹਟ ਕੇ ਆਪਣੀ ਜਾਨ ਬਚਾਈ।
ਇਸ ਤੋਂ ਬਾਅਦ ਮੁਲਜ਼ਮ ਗੱਡੀ ਨੂੰ ਤੰਗ ਗਲੀਆਂ ਵਿੱਚ ਭਜਾ ਕੇ ਆਪਣੇ ਘਰ ਲੈ ਗਿਆ ਅਤੇ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੁਲਿਸ ਮੁਲਾਜ਼ਮ ਘਰ ਦੇ ਅੰਦਰ ਗਏ ਤਾਂ ਨਰੇਸ਼ ਕੁਮਾਰ ਲਾਡੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣੇਦਾਰ ਸੰਗਤ ਸਿੰਘ ਅਤੇ ਥਾਣੇਦਾਰ ਅਸ਼ੋਕ ਕੁਮਾਰ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਨੇ ਥਾਣੇਦਾਰ ਨੂੰ ਘਰ ਦੇ ਅੰਦਰ ਘੜੀਸ ਲਿਆ, ਉਸ ਦੀ ਵਰਦੀ ਫ਼ਾੜ ਦਿੱਤੀ, ਬਟਨ ਤੋੜ ਦਿੱਤੇ ਅਤੇ ਪੁਲਿਸ ਪਾਰਟੀ ਨਾਲ ਕੁੱਟਮਾਰ ਕਰਦਿਆਂ ਸੱਟਾਂ ਮਾਰੀਆਂ। ਪੁਲਿਸ ਪਾਰਟੀ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਘਰ ਤੋਂ ਬਾਹਰ ਆ ਕੇ ਸਥਿਤੀ 'ਤੇ ਕਾਬੂ ਪਾਇਆ।
ਪੁਲਿਸ ਨੇ ਕਾਰਵਾਈ ਕਰਦੇ ਹੋਏ ਨਰੇਸ਼ ਕੁਮਾਰ ਲਾਡੀ, ਉਸ ਦੇ ਭਰਾ ਹਰੀਸ਼ ਕੁਮਾਰ, ਭੈਣ ਹਰਕੀਰਤ ਕੌਰ, ਪਤਨੀ ਅਤੇ ਪਿਤਾ ਰਾਮ ਕ੍ਰਿਸ਼ਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਨਰੇਸ਼ ਕੁਮਾਰ ਅਤੇ ਉਸ ਦੇ ਭਰਾ ਹਰੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।