- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਂਡਾ ਪੁਲਿਸ ਦੀ ਇਕ ਟੀਮ ਨੇ ਚੌਕੀ ਸਰਾਂ, ਕੰਧਾਲਾ ਜੱਟਾ ਅਤੇ ਬਾਬਕ ਆਦਿ ਪਿੰਡਾਂ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ। ਪੁਲਿਸ ਮੁਤਾਬਕ ਜਦੋਂ ਏ.ਐਸ.ਆਈ. ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਘੋੜਾਵਾਹਾ ਦੀ ਗਰਾਊਂਡ ਤੋਂ ਥੋੜ੍ਹਾ ਅੱਗੇ ਲਿੰਕ ਸੜਕ ’ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਮੱਕੀ ਦੇ ਖੇਤਾਂ ਕੋਲ ਇੱਕ ਸ਼ੱਕੀ ਵਿਅਕਤੀ ਖੜ੍ਹਾ ਦਿਖਾਈ ਦਿੱਤਾ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਜਿੱਥੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਉੱਥੇ ਹੀ ਕਈਆਂ ਦੇ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ, ਟਾਂਡਾ ਪੁਲਿਸ ਦੀ ਇਕ ਟੀਮ ਨੇ ਚੌਕੀ ਸਰਾਂ, ਕੰਧਾਲਾ ਜੱਟਾ ਅਤੇ ਬਾਬਕ ਆਦਿ ਪਿੰਡਾਂ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ। ਪੁਲਿਸ ਮੁਤਾਬਕ ਜਦੋਂ ਏ.ਐਸ.ਆਈ. ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਘੋੜਾਵਾਹਾ ਦੀ ਗਰਾਊਂਡ ਤੋਂ ਥੋੜ੍ਹਾ ਅੱਗੇ ਲਿੰਕ ਸੜਕ ’ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਮੱਕੀ ਦੇ ਖੇਤਾਂ ਕੋਲ ਇੱਕ ਸ਼ੱਕੀ ਵਿਅਕਤੀ ਖੜ੍ਹਾ ਦਿਖਾਈ ਦਿੱਤਾ।
ਪੁਲਿਸ ਨੂੰ ਸਾਹਮਣੇ ਦੇਖ ਕੇ ਉਕਤ ਵਿਅਕਤੀ ਘਬਰਾ ਗਿਆ ਅਤੇ ਪਿੱਛੇ ਵੱਲ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਵਿਨੋਦ ਖੰਨਾ ਉਰਫ਼ ਬੰਟੀ ਪੁੱਤਰ ਸੀਤਾ ਰਾਮ ਵਾਸੀ ਪਿੰਡ ਬਘਿਆੜੀ ਵਜੋਂ ਹੋਈ। ਜਦੋਂ ਪੁਲਿਸ ਪਾਰਟੀ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ ਕਥਿਤ ਤੌਰ ’ਤੇ 55 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਦਸੂਹਾ ਪੁਲਿਸ ਸਟੇਸ਼ਨ ਵਿੱਚ ਇੱਕ ਬੇਹੱਦ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੇ ਆਦੀ ਦੋ ਨੌਜਵਾਨਾਂ ਨੂੰ ਡੋਪ ਟੈਸਟ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਹੈ। ਐਸ.ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਸਮੇਤ ਥਾਣੇ ਹਾਜ਼ਰ ਸਨ, ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੁਖਚੈਨ ਸਿੰਘ ਪੁੱਤਰ ਰਾਮ ਤੀਰਥ ਸਿੰਘ ਅਤੇ ਵਿਸ਼ਾਲ ਪੁੱਤਰ ਕੇਵਲ ਸਿੰਘ (ਦੋਵੇਂ ਵਾਸੀ ਪਵੈ, ਦਸੂਹਾ) ਨਸ਼ੇ ਦੀ ਹਾਲਤ ਵਿੱਚ ਥਾਣੇ ਵੱਲ ਆ ਰਹੇ ਹਨ।
ਪੁਲਿਸ ਮੁਤਾਬਕ ਦੋਵੇਂ ਨੌਜਵਾਨ ਨੇ ਥਾਣੇ ਪਹੁੰਚੇ ਕੇ ਕਥਿਤ ਤੌਰ ’ਤੇ ਕਬੂਲ ਕੀਤਾ ਕਿ ਉਹ ਨਸ਼ਾ ਕਰਨ ਦੇ ਆਦੀ ਹਨ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਸਿਵਲ ਹਸਪਤਾਲ ਦਸੂਹਾ ਤੋਂ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ।
ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਨੇ ਗੁੜ ਮੰਡੀ ਇਲਾਕੇ ਵਿੱਚੋਂ ਇੱਕ ਨਾਬਾਲਗ ਲੜਕੇ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਨਾਨਕ ਸਿੰਘ ਸਮੇਤ ਪੁਲਿਸ ਕਰਮਚਾਰੀ ਸ਼ੱਕੀ ਅਨਸਰਾਂ ਦੀ ਚੈਕਿੰਗ ਲਈ ਘੰਟਾ ਘਰ ਤੋਂ ਖੁੱਲ੍ਹਰ ਚੌਕ ਗੁੜ ਮੰਡੀ ਵੱਲ ਜਾ ਰਹੇ ਸਨ।
ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੁਹੱਲਾ ਬਾਲਮੀਕ ਵੱਲ ਜਾਂਦੀ ਗਲੀ ਵਿੱਚ ਇੱਕ ਨਾਬਾਲਗ ਲੜਕਾ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਖ਼ਬਰ ਦੀ ਦੱਸੀ ਹੋਈ ਜਗ੍ਹਾ ’ਤੇ ਨਸ਼ੇ ਵਿੱਚ ਧੁੱਤ ਲੜਕੇ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ।
ਥਾਣਾ ਹਰਿਆਣਾ ਦੇ ਏਐਸਆਈ ਬਲਵੀਰ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਚੈਕਿੰਗ ਲਈ ਭੰਗਾ ਦੇ ਅੱਡੇ ’ਤੇ ਮੌਜੂਦ ਸਨ, ਤਾਂ ਇੱਕ ਮੁਖ਼ਬਰ ਨੇ ਆ ਕੇ ਦੱਸਿਆ ਕਿ ਪਰਮਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਟਲੀ, ਜੋ ਕਿ ਨਸ਼ਾ ਕਰਨ ਦਾ ਆਦੀ ਹੈ, ਇਸ ਵੇਲੇ ਆਪਣੇ ਘਰ ਵਿੱਚ ਮੌਜੂਦ ਹੈ। ਪੁਲਿਸ ਨੇ ਪਰਮਿੰਦਰ ਸਿੰਘ ਨੂੰ ਉਸ ਦੇ ਘਰੋਂ ਕਾਬੂ ਕਰਕੇ ਉਸ ਦਾ ਸਿਵਲ ਹਸਪਤਾਲ ਦਸੂਹਾ ਵਿਖੇ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਉਸ ਖ਼ਿਲਾਫ਼ ਕੇਸ ਕੀਤਾ ਗਿਆ।