ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਮੁਸਤੈਦ ਪੁਲਿਸ ਨੇ ਨਸ਼ੇੜੀਆਂ ਤੇ ਤਸਕਰਾਂ 'ਤੇ ਕੱਸਿਆ ਸ਼ਿਕੰਜਾ, ਦੋ ਕਾਬੂ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਹਿਲਪੁਰ ਅਤੇ ਸਦਰ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੱਕ ਵਿਅਕਤੀ ਕੋਲੋਂ ਕਥਿਤ ਤੌਰ ’ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਦਕਿ ਦੂਜੇ ਵਿਅਕਤੀ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਉਪਰੰਤ ਕਾਰਵਾਈ ਕੀਤੀ ਗਈ ਹੈ।
Publish Date: Sun, 14 Jun 2026 02:13 PM (IST)
Updated Date: Sun, 14 Jun 2026 02:15 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਹਿਲਪੁਰ ਅਤੇ ਸਦਰ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੱਕ ਵਿਅਕਤੀ ਕੋਲੋਂ ਕਥਿਤ ਤੌਰ ’ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਦਕਿ ਦੂਜੇ ਵਿਅਕਤੀ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਉਪਰੰਤ ਕਾਰਵਾਈ ਕੀਤੀ ਗਈ ਹੈ।
ਸੈਲਾ ਖੁਰਦ ਚੋਅ ਦੇ ਪੁਲ ’ਤੇ ਚੱਲ ਰਹੀ ਚੈਕਿੰਗ ਦੌਰਾਨ ਫੜਿਆ ਗਿਆ ਗੋਗੀ
ਮਾਹਿਲਪੁਰ ਪੁਲਿਸ ਦੇ ਏ.ਐੱਸ.ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਪਾਰਟੀ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਅਤੇ ਸ਼ੱਕੀ ਪੁਰਸ਼ਾਂ ’ਤੇ ਨਜ਼ਰ ਰੱਖਣ ਲਈ ਵੀਡੀਓ ਕਾਲੋਨੀ ਤੋਂ ਹੁੰਦੇ ਹੋਏ ਮੇਨ ਜੀ.ਟੀ. ਰੋਡ ਟੂਟੋਮਜ਼ਾਰਾ ਤੋਂ ਬੱਢੋਆਣਾ ਵੱਲ ਜਾ ਰਹੇ ਸਨ। ਬੱਢੋਆਣਾ ਤੋਂ ਬਾਅਦ ਪੁਲਿਸ ਪਾਰਟੀ ਨਰਿਆਲਾ ਹੁੰਦੀ ਹੋਈ ਸੈਲਾ ਖੁਰਦ ਵੱਲ ਵਧ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਗੱਡੀ ਸੈਲਾ ਖੁਰਦ ਦੇ ਚੋਅ ਵਾਲੇ ਪੁਲ ਦੇ ਨਜ਼ਦੀਕ ਪਹੁੰਚੀ ਤਾਂ ਉੱਥੇ ਖੜ੍ਹਾ ਇੱਕ ਨੌਜਵਾਨ ਸਾਹਮਣੇ ਆ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ। ਨੌਜਵਾਨ ਦੀ ਇਸ ਸ਼ੱਕੀ ਹਰਕਤ ਨੂੰ ਦੇਖਦੇ ਹੋਏ ਏ.ਐੱਸ.ਆਈ. ਸਤਨਾਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨੇ ਮੁਸਤੈਦੀ ਦਿਖਾਈ ਅਤੇ ਘੇਰਾਬੰਦੀ ਕਰਕੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।
ਪੁਲਿਸ ਵੱਲੋਂ ਪੁੱਛਗਿੱਛ ਕੀਤੇ ਜਾਣ ’ਤੇ ਕਾਬੂ ਕੀਤੇ ਗਏ ਨੌਜਵਾਨ ਨੇ ਆਪਣੀ ਪਛਾਣ ਕੁਲਦੀਪ ਸਿੰਘ ਉਰਫ਼ ਗੋਗੀ ਪੁੱਤਰ ਗਿਆਨ ਚੰਦ, ਵਾਸੀ ਪਿੰਡ ਮਾਹਲਾ ਵਲਟੋਹੀਆ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ’ਚੋਂ 70 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜੋ ਚਿੱਟੇ ਰੰਗ ਦੀਆਂ ਸਨ।
ਟੀ-ਪੁਆਇੰਟ ਆਦਮਵਾਲ 'ਤੇ ਮਿਲੀ ਗੁਪਤ ਸੂਚਨਾ, ਨਹਿਰ ਕਿਨਾਰਿਓਂ ਚੁੱਕਿਆ ਸੁਨੀਲ
ਪੁਲਿਸ ਅਨੁਸਾਰ ਥਾਣਾ ਸਦਰ ਹੁਸ਼ਿਆਰਪੁਰ ਦੇ ਏ.ਐੱਸ.ਆਈ. ਬਲਵੀਰ ਸਿੰਘ ਆਪਣੀ ਟੀਮ ਸਮੇਤ ਆਦਮਵਾਲ ਟੀ-ਪੁਆਇੰਟ 'ਤੇ ਮੌਜੂਦ ਸਨ ਤਾਂ ਇੱਕ ਮੁਖ਼ਬਰ ਖ਼ਾਸ ਨੇ ਆ ਕੇ ਪੁਲਿਸ ਨੂੰ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਸੁਖਦੇਵ ਸਿੰਘ, ਵਾਸੀ ਸਥਾਨਕ ਸੁੰਦਰ ਨਗਰ (ਪੁਰਹੀਰਾ) ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਇਸ ਵੇਲੇ ਵੀ ਨਸ਼ੇ ਦੀ ਲੋਰ ਵਿੱਚ ਚਿੰਤਪੁਰਨੀ ਰੋਡ 'ਤੇ ਸਥਿਤ ਆਦਮਵਾਲ ਨਹਿਰ ਦੇ ਕੋਲ, ਇੱਕ ਧਰਮ ਕੰਡੇ ਦੇ ਨਜ਼ਦੀਕ ਘੁੰਮ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ.ਐੱਸ.ਆਈ. ਬਲਵੀਰ ਸਿੰਘ ਨੇ ਤੁਰੰਤ ਸਾਥੀ ਮੁਲਾਜ਼ਮਾਂ ਨੂੰ ਨਾਲ ਲਿਆ ਅਤੇ ਮੁਖ਼ਬਰ ਦੀ ਦੱਸੀ ਹੋਈ ਜਗ੍ਹਾ ਤੋਂ ਸੁਨੀਲ ਕੁਮਾਰ ਨੂੰ ਕਾਬੂ ਕਰਕੇ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ 'ਡੋਪ ਟੈਸਟ' ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਨੇ ਦੋਵਾਂ ਮਾਮਲਿਆਂ ’ਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਏ ਹਨ ਅਤੇ ਜਾਂਚ ਜਾਰੀ ਹੈ।