- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਵਿਭਾਗ ਵੱਲੋਂ ਸਟੇਸ਼ਨ ਦੇ ਨਿਰਮਾਣ ਕਾਰਜ ਨੂੰ ਲਗਪਗ ਮੁਕੰਮਲ ਕਰ ਲਿਆ ਗਿਆ ਹੈ। ਸਟੇਸ਼ਨ 'ਤੇ ਰੇਲਵੇ ਕਰਮਚਾਰੀਆਂ ਲਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਦਕਿ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸਮਾਗਮ ’ਚ ਰੇਲਵੇ ਅਧਿਕਾਰੀਆਂ, ਸਿਆਸੀ ਆਗੂਆਂ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪੰਜਾਬ ਦੇ ਕੰਢੀ ਖੇਤਰ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਨੰਗਲ ਡੈਮ–ਤਲਵਾੜਾ ਰੇਲਵੇ ਲਾਈਨ 'ਤੇ ਬਣਿਆ ਕਰਟੋਲੀ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਤਿਆਰ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ 'ਵਿਕਸਿਤ ਭਾਰਤ' ਦੇ ਵਿਜ਼ਨ ਤਹਿਤ ਇਸ ਸਟੇਸ਼ਨ ਦਾ ਵਰਚੂਅਲ (ਵੀਡੀਓ ਕਾਨਫਰੰਸਿੰਗ) ਰਾਹੀਂ ਲੋਕ ਅਰਪਣ ਕਰਨਗੇ।
ਰੇਲਵੇ ਵਿਭਾਗ ਵੱਲੋਂ ਸਟੇਸ਼ਨ ਦੇ ਨਿਰਮਾਣ ਕਾਰਜ ਨੂੰ ਲਗਪਗ ਮੁਕੰਮਲ ਕਰ ਲਿਆ ਗਿਆ ਹੈ। ਸਟੇਸ਼ਨ 'ਤੇ ਰੇਲਵੇ ਕਰਮਚਾਰੀਆਂ ਲਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਦਕਿ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸਮਾਗਮ ’ਚ ਰੇਲਵੇ ਅਧਿਕਾਰੀਆਂ, ਸਿਆਸੀ ਆਗੂਆਂ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।
ਕੰਢੀ ਖੇਤਰ ਲਈ ਬਣੇਗਾ ਜੀਵਨ ਰੇਖਾ
ਉੱਤਰੀ ਰੇਲਵੇ ਦੇ ਅੰਬਾਲਾ ਰੇਲ ਮੰਡਲ ਅਧੀਨ ਆਉਂਦਾ ਕਰਟੋਲੀ ਰੇਲਵੇ ਸਟੇਸ਼ਨ ਕਰਟੋਲੀ, ਤਲਵਾੜਾ ਤੇ ਪੰਜਾਬ-ਹਿਮਾਚਲ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਹੁਣ ਤੱਕ ਲੋਕ ਬੱਸਾਂ ਤੇ ਨਿੱਜੀ ਵਾਹਨਾਂ 'ਤੇ ਨਿਰਭਰ ਰਹਿੰਦੇ ਸਨ, ਪਰ ਨਵੀਂ ਰੇਲ ਸੇਵਾ ਨਾਲ ਸੁਰੱਖਿਅਤ, ਕਿਫ਼ਾਇਤੀ ਤੇ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ।
ਆਰਥਿਕ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ
ਨਵੇਂ ਰੇਲਵੇ ਸਟੇਸ਼ਨ ਦੇ ਚਾਲੂ ਹੋਣ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਵਪਾਰੀਆਂ ਲਈ ਸਾਮਾਨ ਦੀ ਢੋਆ-ਢੁਆਈ ਆਸਾਨ ਹੋਵੇਗੀ, ਜਿਸ ਨਾਲ ਵਪਾਰਕ ਗਤੀਵਿਧੀਆਂ ’ਚ ਵਾਧਾ ਹੋਵੇਗਾ। ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ, ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਨਾਲ ਹੀ ਸੈਰ-ਸਪਾਟੇ ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣ ਦੀ ਉਮੀਦ ਹੈ। ਸਥਾਨਕ ਲੋਕਾਂ ਅਨੁਸਾਰ ਕਰਟੋਲੀ ਰੇਲਵੇ ਸਟੇਸ਼ਨ ਸਿਰਫ਼ ਇਕ ਨਵਾਂ ਸਟੇਸ਼ਨ ਨਹੀਂ, ਸਗੋਂ ਪੰਜਾਬ ਦੇ ਕੰਢੀ ਖੇਤਰ ਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ਲਈ ਵਿਕਾਸ, ਸੁਵਿਧਾ ਤੇ ਨਵੀਆਂ ਸੰਭਾਵਨਾਵਾਂ ਦਾ ਦਰਵਾਜ਼ਾ ਸਾਬਤ ਹੋਵੇਗਾ।
ਯਾਤਰੀਆਂ ਲਈ ਬੁਨਿਆਦੀ ਸਹੂਲਤਾਂ ਨਾਲ ਲੈਸ ਸਟੇਸ਼ਨ
ਕਰਟੋਲੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਇਨ੍ਹਾਂ ’ਚ ਦੋ ਯਾਤਰੀ ਪਲੇਟਫਾਰਮ, ਬਿਜਲੀਕ੍ਰਿਤ ਬਰਾਡ ਗੇਜ ਰੇਲਵੇ ਲਾਈਨ, ਸਟੇਸ਼ਨ ਸਾਈਨ ਬੋਰਡ, ਉਡੀਕ ਕਮਰਾ ਅਤੇ ਨੇੜਲੇ ਪਿੰਡਾਂ ਨਾਲ ਜੋੜਦੀਆਂ ਸੜਕਾਂ ਸ਼ਾਮਲ ਹਨ। ਭਾਵੇਂ ਇਹ ਇੱਕ ਛੋਟਾ ਪੇਂਡੂ ਰੇਲਵੇ ਸਟੇਸ਼ਨ ਹੈ ਅਤੇ ਅਜੇ ਵੱਡੇ ਜੰਕਸ਼ਨਾਂ ਵਰਗੀਆਂ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਨਹੀਂ ਹਨ, ਪਰ ਲੋਕਾਂ ਵਿੱਚ ਇਸ ਦੀ ਸ਼ੁਰੂਆਤ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
ਟ੍ਰੇਨਾਂ ਦੀ ਸਮਾਂ ਸਾਰਨੀ ਜਾਰੀ
ਰੇਲਵੇ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ ਟ੍ਰੇਨ ਨੰਬਰ 14502 ਕਰਟੋਲੀ ਤੋਂ ਸਵੇਰੇ 8:30 ਵਜੇ ਅੰਬਾਲਾ ਲਈ ਰਵਾਨਾ ਹੋਵੇਗੀ। ਇਹ ਟ੍ਰੇਨ ਦੌਲਤਪੁਰ ਚੌਂਕ, ਅੰਬ, ਊਨਾ, ਨੰਗਲ, ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ, ਮੋਰਿੰਡਾ, ਸਰਹਿੰਦ ਅਤੇ ਰਾਜਪੁਰਾ ਰਾਹੀਂ ਲੰਘਦਿਆਂ ਕਰੀਬ ਦੁਪਹਿਰ 1 ਵਜੇ ਅੰਬਾਲਾ ਪਹੁੰਚੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 14501 ਅੰਬਾਲਾ ਤੋਂ ਸ਼ਾਮ 4:15 ਵਜੇ ਰਵਾਨਾ ਹੋ ਕੇ ਕਰੀਬ ਰਾਤ 8:30 ਵਜੇ ਕਰਟੋਲੀ ਪਹੁੰਚੇਗੀ। ਇਸ ਤੋਂ ਇਲਾਵਾ ਦਿੱਲੀ ਤੱਕ ਦੇ ਸਫ਼ਰ ਲਈ ਵੀ ਟ੍ਰੇਨਾਂ ਦੀ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਰਾਜਧਾਨੀ ਤੱਕ ਆਸਾਨ ਰੇਲ ਸੰਪਰਕ ਮਿਲੇਗਾ।
ਭਵਿੱਖ ’ਚ ਹੋਰ ਵਧਣਗੀਆਂ ਸਹੂਲਤਾਂ
ਫਿਲਹਾਲ ਕਰਟੋਲੀ ਇਕ ਨਵਾਂ ਤੇ ਛੋਟਾ ਰੇਲਵੇ ਸਟੇਸ਼ਨ ਹੋਣ ਕਾਰਨ ਇੱਥੇ ਸੀਮਤ ਗਿਣਤੀ ’ਚ ਯਾਤਰੀ ਰੇਲ ਗੱਡੀਆਂ ਦਾ ਹੀ ਠਹਿਰਾਅ ਹੋਵੇਗਾ। ਰੇਲਵੇ ਵਿਭਾਗ ਅਨੁਸਾਰ ਯਾਤਰੀਆਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਆਉਣ ਵਾਲੇ ਸਮੇਂ ’ਚ ਰੇਲ ਗੱਡੀਆਂ ਦੀ ਗਿਣਤੀ, ਠਹਿਰਾਅ ਤੇ ਹੋਰ ਯਾਤਰੀ ਸਹੂਲਤਾਂ ’ਚ ਵਾਧਾ ਕੀਤਾ ਜਾਵੇਗਾ।