ਜਸਵੰਤ ਸਿੰਘ ਖ਼ਾਲੜਾ ਵਾਂਗ ਕੁਲਜੀਤ ਸਿੰਘ ਢੱਟ ਦੇ ਪਰਿਵਾਰ ਨੇ ਝੱਲਿਆ ਜਸਪਾਲ ਸਿੰਘ ਦਾ ਜੁਲਮ, ਪਰਿਵਾਰ ਦਾ ਦਾਅਵਾ; ਇਨਸਾਫ਼ ਲਈ 11 ਵਾਰ ਜਾਣਾ ਪਿਆ ਸੁਪਰੀਮ ਕੋਰਟ ਫ਼ਿਲਮ ਸਤਲੁਜ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਹੁਸ਼ਿਆਰਪੁਰ ਦੇ ਪਿੰਡ ਅੰਬਾਲਾ ਜੱਟਾਂ ਦੇ ਢੱਟ ਪਰਿਵਾਰ ਨੇ 1989 ਵਿੱਚ ਲਾਪਤਾ ਹੋਏ ਕੁਲਜੀਤ ਸਿੰਘ ਢੱਟ ਦੇ ਮਾਮਲੇ ਨੂੰ ਮੁੜ ਉਭਾਰਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਕੁਲਜੀਤ ਸਿੰਘ ਢੱਟ ਨੂੰ 23 ਜੁਲਾਈ 1989 ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਅੱਜ ਤੱਕ ਘਰ ਨਹੀਂ ਪਰਤੇ।
Publish Date: Sun, 12 Jul 2026 10:25 AM (IST)
Updated Date: Sun, 12 Jul 2026 10:26 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਫ਼ਿਲਮ ਸਤਲੁਜ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਹੁਸ਼ਿਆਰਪੁਰ ਦੇ ਪਿੰਡ ਅੰਬਾਲਾ ਜੱਟਾਂ ਦੇ ਢੱਟ ਪਰਿਵਾਰ ਨੇ 1989 ਵਿੱਚ ਲਾਪਤਾ ਹੋਏ ਕੁਲਜੀਤ ਸਿੰਘ ਢੱਟ ਦੇ ਮਾਮਲੇ ਨੂੰ ਮੁੜ ਉਭਾਰਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਕੁਲਜੀਤ ਸਿੰਘ ਢੱਟ ਨੂੰ 23 ਜੁਲਾਈ 1989 ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਅੱਜ ਤੱਕ ਘਰ ਨਹੀਂ ਪਰਤੇ।
ਹਰਭਜਨ ਸਿੰਘ ਢੱਟ ਅਤੇ ਉਨ੍ਹਾਂ ਦੀ ਪਤਨੀ ਗੁਰਜੀਤ ਕੌਰ (ਸ਼ਹੀਦ ਭਗਤ ਸਿੰਘ ਦੀ ਭਾਣਜੀ), ਨੇ ਦੱਸਿਆ ਕਿ ਕੁਲਜੀਤ ਸਿੰਘ ਢੱਟ (ਹਰਭਜਨ ਸਿੰਘ ਢੱਟ ਦੇ ਵੱਡੇ ਭਰਾ) ਸ਼ੂਗਰ ਮਿੱਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ, ਖਾਲਸਾ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਖਾੜਕੂਵਾਦ ਦੇ ਦੌਰ ਵਿੱਚ ਪੁਲਿਸ ਦੀਆਂ ਕਥਿਤ ਵਧੀਕੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਹ ਪੁਲਿਸ ਦੇ ਨਿਸ਼ਾਨੇ 'ਤੇ ਆ ਗਏ ਸਨ।
ਪਰਿਵਾਰ ਮੁਤਾਬਕ ਉਸ ਸਮੇਂ ਅਜੀਤ ਸਿੰਘ ਸੰਧੂ ਡੀਐੱਸਪੀ ਦਸੂਹਾ ਵਜੋਂ ਤਾਇਨਾਤ ਸਨ, ਜਦਕਿ ਜਸਪਾਲ ਸਿੰਘ ਥਾਣਾ ਮੁਖੀ ਦਸੂਹਾ, ਸੀਤਾ ਰਾਮ ਥਾਣਾ ਮੁਖੀ ਗੜ੍ਹਦੀਵਾਲਾ, ਸਰਦੂਲ ਸਿੰਘ ਥਾਣਾ ਮੁਖੀ ਟਾਂਡਾ ਅਤੇ ਐੱਸ.ਬੀ.ਐੱਸ. ਬਸਰਾ ਐੱਸਪੀ (ਆਪ੍ਰੇਸ਼ਨ), ਹੁਸ਼ਿਆਰਪੁਰ ਵਜੋਂ ਤਾਇਨਾਤ ਸਨ। ਪਰਿਵਾਰ ਦਾ ਦੋਸ਼ ਹੈ ਕਿ ਉਸ ਸਮੇਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਗਾਇਬ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਅਤੇ ਕੁਲਜੀਤ ਸਿੰਘ ਵੀ ਇਸੇ ਦੌਰਾਨ ਲਾਪਤਾ ਹੋਏ।
ਪਰਿਵਾਰ ਅਨੁਸਾਰ 23 ਜੁਲਾਈ 1989 ਨੂੰ ਕੁਲਜੀਤ ਸਿੰਘ ਆਪਣੇ ਸਾਥੀ ਪਿਆਰਾ ਸਿੰਘ ਨਾਲ ਸਕੂਟਰ 'ਤੇ ਜਾ ਰਹੇ ਸਨ, ਜਦੋਂ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪਿਆਰਾ ਸਿੰਘ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ, ਪਰ ਕੁਲਜੀਤ ਸਿੰਘ ਨੂੰ ਨਹੀਂ। ਕੁਝ ਦਿਨਾਂ ਬਾਅਦ ਅਖ਼ਬਾਰਾਂ ਵਿੱਚ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕੁਲਬੀਰ ਸਿੰਘ ਇੱਕ ਵਿਅਕਤੀ ਹਥਿਆਰਾਂ ਦੀ ਬਰਾਮਦਗੀ ਦੌਰਾਨ ਹੱਥਕੜੀ ਤੋੜ ਕੇ ਦਰਿਆ ਵਿੱਚ ਛਾਲ ਮਾਰ ਕੇ ਫ਼ਰਾਰ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਦਸੂਹਾ ਥਾਣੇ ਵਿੱਚ ਪੁੱਛਗਿੱਛ ਕੀਤੀ ਤਾਂ ਉਸ ਵੇਲੇ ਦੇ ਐੱਸਐੱਚਓ ਜਸਪਾਲ ਸਿੰਘ ਨੇ ਵੀ ਇਹੀ ਜਾਣਕਾਰੀ ਦਿੱਤੀ, ਪਰ ਉਸ ਤੋਂ ਬਾਅਦ ਕੁਲਜੀਤ ਸਿੰਘ ਦਾ ਕੋਈ ਸੁਰਾਗ ਨਹੀਂ ਮਿਲਿਆ।
ਜਾਂਚ ਤੋਂ ਨਿਰਾਸ਼ ਹੋ ਕੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਹਰਭਜਨ ਸਿੰਘ ਢੱਟ ਨੇ ਦੱਸਿਆ ਕਿ ਮਾਮਲਾ ਜਨਤਕ ਹੋਣ ਤੋਂ ਬਾਅਦ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ, ਪਰ ਇਸ ਤੋਂ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਜ਼ਿਲ੍ਹਾ ਅਤੇ ਹਾਈ ਕੋਰਟ ਪੱਧਰ 'ਤੇ ਵੀ ਕੋਈ ਵਕੀਲ ਕੇਸ ਲੜਨ ਲਈ ਤਿਆਰ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੇ 1989 ਦੇ ਅਖ਼ੀਰ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।
11 ਵਾਰ ਸੁਪਰੀਮ ਕੋਰਟ ਜਾਣਾ ਪਿਆ ਪਰਿਵਾਰ ਅਨੁਸਾਰ ਸੁਪਰੀਮ ਕੋਰਟ ਦੇ ਹੁਕਮਾਂ 'ਤੇ 1990 ਵਿੱਚ ਸੇਵਾਮੁਕਤ ਜੱਜ ਐਚ. ਐਲ. ਰਣਦੇਵ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਗਿਆ। ਦੋ ਸਾਲ ਦੀ ਜਾਂਚ ਤੋਂ ਬਾਅਦ ਕਮਿਸ਼ਨ ਨੇ 1993 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ। ਹਰਭਜਨ ਸਿੰਘ ਦਾ ਦਾਅਵਾ ਹੈ ਕਿ ਸ਼ੁਰੂ ਵਿੱਚ ਹਲਕੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਅਦਾਲਤ ਦੀ ਦਖ਼ਲਅੰਦਾਜ਼ੀ ਮਗਰੋਂ ਸਖ਼ਤ ਧਾਰਾਵਾਂ ਜੋੜੀਆਂ ਗਈਆਂ ਅਤੇ ਦੋਸ਼ੀਆਂ ਨੂੰ ਸਜ਼ਾ ਹੋਈ। ਉਨ੍ਹਾਂ ਕਿਹਾ ਕਿ ਇਸ ਪੂਰੀ ਕਾਨੂੰਨੀ ਲੜਾਈ ਦੌਰਾਨ ਉਨ੍ਹਾਂ ਨੂੰ 11 ਵਾਰ ਸੁਪਰੀਮ ਕੋਰਟ ਜਾਣਾ ਪਿਆ।
ਪਰਿਵਾਰ ਦਾ ਕਹਿਣਾ ਹੈ ਕਿ ਕੁਲਜੀਤ ਸਿੰਘ ਅੱਜ ਤੱਕ ਲਾਪਤਾ ਹਨ ਅਤੇ ਉਨ੍ਹਾਂ ਨੂੰ ਅਜੇ ਵੀ ਪੂਰਾ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ ਜਸਵੰਤ ਸਿੰਘ ਖਾਲੜਾ ਦੇ ਮਾਮਲੇ ਨੇ ਦੇਸ਼ ਦਾ ਧਿਆਨ ਖਿੱਚਿਆ ਸੀ, ਉਸੇ ਤਰ੍ਹਾਂ ਕੁਲਜੀਤ ਸਿੰਘ ਢੱਟ ਦੇ ਮਾਮਲੇ ਨੂੰ ਵੀ ਨਿਆਂ ਦੇ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ।
ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ’ਚ ਤੈਨਾਤ ਰਿਹਾ ਜਸਪਾਲ ਸਿੰਘ
ਜਿਸ ਜਸਪਾਲ ਸਿੰਘ ਨੂੰ ਸਾਰੇ ਪੰਜਾਬ ਦੀ ਪੁਲਿਸ ਲੱਭ ਰਹੀ ਹੈ ਉਹ ਨਾ ਸਿਰਫ਼ ਦਸੂਹਾ ਬਲਕਿ ਸਦਰ ਹੁਸ਼ਿਆਰਪੁਰ, ਮਾਹਿਲਪੁਰ, ਰੋਪੜ ਵਿਚ ਤੈਨਾਤ ਰਿਹਾ। ਇਸੇ ਪਿੰਡ ਅੰਬਾਲਾ ਜੱਟਾਂ ਦੇ ਇੱਕ ਹੋਰ ਨੌਜਵਾਨ ਨੂੰ ਚੱਕਣ ਆਈ ਦਸੂਹਾ ਦੀ ਪੁਲਿਸ ਪਿੰਡ ਦੇ ਉਸ ਨੌਜਵਾਨ ਦੇ ਗੈਰਹਾਜ਼ਰੀ ਵਿਚ ਉਸ ਦੀ ਮਾਤਾ ਨੂੰ ਲੈ ਗਈ ਸੀ ਜੋ ਅੱਜ ਤੱਕ ਵੀ ਲਾਪਤਾ ਹੈ।