ਟਿਕਟ ਕੱਟਣ ਮਗਰੋਂ ਕੁਲਜੀਤ ਬਜਵਾੜਾ ਨੇ ਛੱਡੀ 'ਆਪ' ! ਪੰਜਾਬ ਦੀ ਇਸ ਸੀਟ ਤੋਂ ਮੰਨੇ ਜਾ ਰਹੇ ਸੀ ਟਿਕਟ ਦੇ ਮਜ਼ਬੂਤ ਦਾਅਵੇਦਾਰ
ਸਿਆਸੀ ਮਾਹਿਰਾਂ 'ਚ ਚਰਚਾ ਹੈ ਕਿ ਹੁਸ਼ਿਆਰਪੁਰ ਸੀਟ ਤੋਂ ਟਿਕਟ ਦੀ ਉਮੀਦ ਲਾਈ ਬੈਠੇ ਬਜਵਾੜਾ ਨੂੰ ਹਾਈਕਮਾਂਡ ਦੇ ਫ਼ੈਸਲੇ ਕਾਰਨ ਨਿਰਾਸ਼ਾ ਹੱਥ ਲੱਗੀ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਘਰੇਲੂ ਜ਼ਿੰਮੇਵਾਰੀਆਂ ਦੱਸਿਆ ਹੈ ਅਤੇ ਟਿਕਟ ਨੂੰ ਲੈ ਕੇ ਨਾਰਾਜ਼ਗੀ ਦੀ ਕੋਈ ਸਪੱਸ਼ਟ ਪੁਸ਼ਟੀ ਨਹੀਂ ਕੀਤੀ ਹੈ।
Publish Date: Sat, 07 Nov 2026 02:35 PM (IST)
Updated Date: Sat, 07 Nov 2026 04:13 PM (IST)
ਹਜ਼ਾਰੀ ਲਾਲ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਸਿਆਸਤ 'ਚ ਆਮ ਆਦਮੀ ਪਾਰਟੀ (ਆਪ) ਨੂੰ ਇਕ ਝਟਕਾ ਲੱਗਾ ਹੈ। ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਮੈਂਬਰ ਕੁਲਜੀਤ ਸਿੰਘ ਬਜਵਾੜਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਖ਼ੁਦ ਇਸ ਦੀ ਪੁਸ਼ਟੀ ਕਰਦਿਆਂ ਪਾਰਟੀ ਛੱਡਣ ਪਿੱਛੇ ਘਰੇਲੂ ਜ਼ਿੰਮੇਵਾਰੀਆਂ ਨੂੰ ਕਾਰਨ ਦੱਸਿਆ ਹੈ। ਹਾਲਾਂਕਿ, ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਜ਼ਿਲ੍ਹੇ ਦੇ ਸਿਆਸੀ ਗਲਿਆਰਿਆਂ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਉਨ੍ਹਾਂ ਦੇ ਅਸਤੀਫ਼ੇ ਨੂੰ ਆਗਾਮੀ ਵਿਧਾਨ ਸਭਾ ਚੋਣਾਂ 'ਚ ਟਿਕਟ ਦੀ ਦਾਅਵੇਦਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦਰਅਸਲ, ਕੁਲਜੀਤ ਸਿੰਘ ਬਜਵਾੜਾ ਨੂੰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਹ ਲੰਬੇ ਸਮੇਂ ਤੋਂ ਇਸ ਸੀਟ 'ਤੇ ਆਪਣੀ ਸਿਆਸੀ ਦਾਅਵੇਦਾਰੀ ਮਜ਼ਬੂਤ ਕਰਨ 'ਚ ਜੁਟੇ ਹੋਏ ਸਨ। ਇਸੇ ਦੌਰਾਨ ਪਿਛਲੇ ਦਿਨੀਂ ਪਾਰਟੀ ਹਾਈਕਮਾਂਡ ਨੇ ਮੌਜੂਦਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਮੁੜ ਉਮੀਦਵਾਰ ਐਲਾਨ ਦਿੱਤਾ। ਇਸ ਤੋਂ ਕੁਝ ਹੀ ਦਿਨਾਂ ਬਾਅਦ ਬਜਵਾੜਾ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇਣਾ ਕਈ ਸਿਆਸੀ ਸਵਾਲ ਖੜ੍ਹੇ ਕਰ ਰਿਹਾ ਹੈ।
ਸਿਆਸੀ ਮਾਹਿਰਾਂ 'ਚ ਚਰਚਾ ਹੈ ਕਿ ਹੁਸ਼ਿਆਰਪੁਰ ਸੀਟ ਤੋਂ ਟਿਕਟ ਦੀ ਉਮੀਦ ਲਾਈ ਬੈਠੇ ਬਜਵਾੜਾ ਨੂੰ ਹਾਈਕਮਾਂਡ ਦੇ ਫ਼ੈਸਲੇ ਕਾਰਨ ਨਿਰਾਸ਼ਾ ਹੱਥ ਲੱਗੀ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਘਰੇਲੂ ਜ਼ਿੰਮੇਵਾਰੀਆਂ ਦੱਸਿਆ ਹੈ ਤੇ ਟਿਕਟ ਨੂੰ ਲੈ ਕੇ ਨਾਰਾਜ਼ਗੀ ਦੀ ਕੋਈ ਸਪੱਸ਼ਟ ਪੁਸ਼ਟੀ ਨਹੀਂ ਕੀਤੀ ਹੈ।
ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੈ ਕਿ ਬਜਵਾੜਾ ਭਵਿੱਖ 'ਚ ਕਿਸੇ ਹੋਰ ਸਿਆਸੀ ਪਾਰਟੀ ਦਾ ਪੱਲਾ ਫੜਨਗੇ ਜਾਂ ਸਰਗਰਮ ਸਿਆਸਤ ਤੋਂ ਦੂਰੀ ਬਣਾ ਲੈਣਗੇ। ਪਰ ਟਿਕਟ ਦੇ ਐਲਾਨ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਅਸਤੀਫ਼ਾ ਦੇਣਾ ਆਮ ਆਦਮੀ ਪਾਰਟੀ ਲਈ ਹੁਸ਼ਿਆਰਪੁਰ 'ਚ ਸਿਆਸੀ ਤੌਰ 'ਤੇ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੇ ਅਗਲੇ ਕਦਮ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।