- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਰੋਨਾ ਕਾਲ ਤੋਂ ਬਾਅਦ ਰੇਲ ਸੇਵਾ ਮੁੜ ਤਾਂ ਸ਼ੁਰੂ ਹੋ ਗਈ, ਪਰ ਸਟੇਸ਼ਨ ਦੀ ਸੰਭਾਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੈ ਕਿ ਇਤਿਹਾਸਕ ਇਮਾਰਤ ਦੇ ਦਰਵਾਜ਼ੇ-ਖਿੜਕੀਆਂ ਟੁੱਟੀਆਂ ਪਈਆਂ ਹਨ, ਟਿਕਟ ਖਿੜਕੀ ਨੁਕਸਾਨੀ ਹੋ ਚੁੱਕੀ ਹੈ ਅਤੇ ਕਮਰਿਆਂ ਵਿੱਚ ਘਾਹ-ਫੂਸ ਤੇ ਪੌਦੇ ਉੱਗ ਆਏ ਹਨ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕਦੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਹੇਠ ਵਸਦੇ ਦਰਜਨਾਂ ਪਿੰਡਾਂ ਦੇ ਵਪਾਰ ਦੀ ਰਫ਼ਤਾਰ ਵਧਾਉਣ ਵਾਲਾ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਅੱਜ ਖੁਦ ਬਦਹਾਲੀ ਦੀ ਤਸਵੀਰ ਬਣ ਗਿਆ ਹੈ। ਅੰਗਰੇਜ਼ੀ ਹਕੂਮਤ ਵੱਲੋਂ 1917 ਵਿੱਚ ਬਣਾਇਆ ਗਿਆ ਇਹ ਸਟੇਸ਼ਨ ਇੱਕ ਸਮੇਂ ਇਲਾਕੇ ਦੇ ਲੋਕਾਂ ਅਤੇ ਵਪਾਰੀਆਂ ਲਈ ਆਵਾਜਾਈ ਦਾ ਮੁੱਖ ਸਾਧਨ ਸੀ। ਕੋਰੋਨਾ ਕਾਲ ਤੋਂ ਬਾਅਦ ਰੇਲ ਸੇਵਾ ਮੁੜ ਤਾਂ ਸ਼ੁਰੂ ਹੋ ਗਈ, ਪਰ ਸਟੇਸ਼ਨ ਦੀ ਸੰਭਾਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੈ ਕਿ ਇਤਿਹਾਸਕ ਇਮਾਰਤ ਦੇ ਦਰਵਾਜ਼ੇ-ਖਿੜਕੀਆਂ ਟੁੱਟੀਆਂ ਪਈਆਂ ਹਨ, ਟਿਕਟ ਖਿੜਕੀ ਨੁਕਸਾਨੀ ਹੋ ਚੁੱਕੀ ਹੈ ਅਤੇ ਕਮਰਿਆਂ ਵਿੱਚ ਘਾਹ-ਫੂਸ ਤੇ ਪੌਦੇ ਉੱਗ ਆਏ ਹਨ।
ਹੁਸ਼ਿਆਰਪੁਰ-ਦੁਆਬ ਰੇਲਵੇ ਕੰਪਨੀ ਨੇ ਅੰਗਰੇਜ਼ੀ ਹਕੂਮਤ ਨਾਲ ਮਿਲ ਕੇ 1914 ਵਿੱਚ ਇਸ ਰੇਲਵੇ ਲਾਈਨ ਦੀ ਯੋਜਨਾ ਤਿਆਰ ਕੀਤੀ ਸੀ। 1915 ਵਿੱਚ ਪਹਿਲੇ ਪੜਾਅ ਤਹਿਤ ਫਗਵਾੜਾ ਤੋਂ ਰਾਹੋਂ ਤੱਕ ਲਾਈਨ ਬਣਾਈ ਗਈ। 7 ਮਾਰਚ 1916 ਨੂੰ ਅਗਲੇ ਪੜਾਅ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ 1917 ਵਿੱਚ ਨਵਾਂਸ਼ਹਿਰ ਤੋਂ ਜੇਜੋਂ ਦੁਆਬਾ ਤੱਕ ਲਾਈਨ ਦਾ ਨਿਰਮਾਣ ਮੁਕੰਮਲ ਹੋਇਆ। ਇਸ ਨੂੰ ਜੇਜੋਂ-ਜਲੰਧਰ ਰੇਲਵੇ ਵਜੋਂ ਚਲਾਇਆ ਗਿਆ। ਸ਼ੁਰੂ ਵਿੱਚ ਜਲੰਧਰ ਤੋਂ ਜੇਜੋਂ ਦੁਆਬਾ ਲਈ ਦੋ ਗੱਡੀਆਂ ਚੱਲਦੀਆਂ ਸਨ। ਸਮੇਂ ਦੇ ਨਾਲ ਗੱਡੀਆਂ ਦੀ ਗਿਣਤੀ ਵਧ ਕੇ ਅੱਠ ਤੱਕ ਪਹੁੰਚ ਗਈ। ਇਸ ਰੇਲ ਮਾਰਗ ਨੇ ਪਹਾੜੀ ਖਿੱਤੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਜਲੰਧਰ ਅਤੇ ਹੋਰ ਵਪਾਰਕ ਕੇਂਦਰਾਂ ਨਾਲ ਜੋੜਿਆ। ਹਿਮਾਚਲ ਦੇ ਊਨਾ ਅਤੇ ਜੇਜੋਂ ਦੁਆਬਾ ਵਿਚਕਾਰਲੇ ਪਿੰਡਾਂ ਤੇ ਕਸਬਿਆਂ ਦੇ ਵਪਾਰੀ ਵੀ ਇਸ ਮਾਰਗ ਦੀ ਵਰਤੋਂ ਕਰਦੇ ਸਨ।
ਮੁੜ ਚਾਲੂ ਹੋਈ ਰੇਲ, ਸਿਹਰਾ ਲੈਣ ਲਈ ਸਿਆਸਤ
ਕੋਰੋਨਾ ਕਾਲ ਤੋਂ ਬਾਅਦ ਰੇਲ ਸੇਵਾ ਬਹਾਲ ਕਰਵਾਉਣ ਲਈ ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਕੋਲ ਮਾਮਲਾ ਉਠਾਇਆ। ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ 2025 ਵਿੱਚ ਰੇਲ ਸੇਵਾ ਮੁੜ ਸ਼ੁਰੂ ਕਰਨ ਅਤੇ ਇਸ ਨੂੰ ਊਨਾ ਤੱਕ ਪਹੁੰਚਾਉਣ ਦੀ ਮੰਗ ਰੱਖੀ। 18 ਅਪ੍ਰੈਲ 2026 ਨੂੰ ਜੇਜੋਂ ਦੁਆਬਾ ਲਈ ਮੁੜ ਇੱਕ ਰੇਲਗੱਡੀ ਦੀ ਸੇਵਾ ਸ਼ੁਰੂ ਹੋਈ। ਇਸ ਤੋਂ ਬਾਅਦ ਰੇਲ ਸੇਵਾ ਸ਼ੁਰੂ ਕਰਵਾਉਣ ਦਾ ਸਿਹਰਾ ਲੈਣ ਨੂੰ ਲੈ ਕੇ ਸਿਆਸੀ ਖਿੱਚੋਤਾਣ ਵੀ ਸਾਹਮਣੇ ਆਈ। ਸੰਸਦ ਮੈਂਬਰ ਡਾ. ਰਾਜ ਕੁਮਾਰ ਅਤੇ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਵੱਲੋਂ ਵੀ ਇਸ ਮੰਗ ਨੂੰ ਕੇਂਦਰ ਕੋਲ ਉਠਾਉਣ ਦੇ ਦਾਅਵੇ ਕੀਤੇ ਗਏ। ਇਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅਵਿਨਾਸ਼ ਰਾਏ ਖੰਨਾ ਵੀ ਕਈ ਵਾਰ ਇਹ ਮਾਮਲਾ ਉਠਾ ਚੁੱਕੇ ਹਨ।
ਇੱਕ ਗੱਡੀ, ਉਹ ਵੀ ਪੰਜ ਦਿਨ
ਮੌਜੂਦਾ ਸਮੇਂ ਸਿਰਫ਼ ਇੱਕ ਰੇਲਗੱਡੀ ਹਫ਼ਤੇ ਦੇ ਪੰਜ ਦਿਨ ਚੱਲ ਰਹੀ ਹੈ। ਦੂਜੇ ਪਾਸੇ ਸਟੇਸ਼ਨ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਦੌਰੇ ਦੌਰਾਨ ਸਟੇਸ਼ਨ ਮਾਸਟਰ ਦੇ ਕਮਰੇ ਨੂੰ ਤਾਲੇ ਦੀ ਥਾਂ ਲੀਰਾਂ ਨਾਲ ਬੰਨ੍ਹਿਆ ਦੇਖਿਆ ਗਿਆ। ਦਰਵਾਜ਼ੇ ਅਤੇ ਖਿੜਕੀਆਂ ਟੁੱਟੇ ਹੋਏ ਹਨ। ਪਖਾਨੇ ਖਸਤਾ ਹਨ ਅਤੇ ਬਿਜਲੀ ਸਪਲਾਈ ਵੀ ਠੱਪ ਪਈ ਹੈ। ਡੀਐਮਯੂ ਲਈ ਬਣਾਇਆ ਕੇਂਦਰ ਵੀ ਖ਼ਤਮ ਹੋ ਚੁੱਕਾ ਹੈ। ਕੁਝ ਰੇਲਵੇ ਸਾਮਾਨ ਚੋਰੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਸਟੇਸ਼ਨ ਦੀ ਇਮਾਰਤ ਦੇ ਕਮਰਿਆਂ ਅਤੇ ਛੱਤਾਂ ’ਤੇ ਘਾਹ-ਫੂਸ ਤੇ ਪੌਦੇ ਉੱਗ ਆਏ ਹਨ। ਕਦੇ ਇਲਾਕੇ ਦੇ ਵਪਾਰ ਦੀ ਰੀੜ੍ਹ ਰਹੀ ਇਹ ਇਤਿਹਾਸਕ ਧਰੋਹਰ ਅੱਜ ਸਰਕਾਰੀ ਬੇਰੁਖ਼ੀ ਦੀ ਸ਼ਿਕਾਰ ਹੈ।
---
‘ਸਟੇਸ਼ਨ ਦੀ ਮੌਜੂਦਾ ਹਾਲਤ ਮੇਰੇ ਧਿਆਨ ਵਿੱਚ ਨਹੀਂ ਹੈ। ਜਲਦ ਹੀ ਸਟੇਸ਼ਨ ਦਾ ਕੰਮ ਕਰਵਾ ਕੇ ਕਮੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।’
ਡਾ. ਇਸ਼ਾਂਕ, (ਵਿਧਾਇਕ)