ਵਿਦੇਸ਼ ਜਾਣ ਲਈ ਸਹੁਰਿਆਂ ਨੇ ਮੰਗੇ 7 ਲੱਖ ਰੁਪਏ, ਇਨਕਾਰ ਕਰਨ 'ਤੇ ਕੀਤੀ ਨੂੰਹ ਦੀ ਕੁੱਟਮਾਰ, ਪਤੀ ਤੇ ਸੱਸ ਫਸੇ ਕਾਨੂੰਨੀ ਸ਼ਿਕੰਜੇ 'ਚ
ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇੱਕ ਸਕੂਲ ਅਧਿਆਪਕਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਕਥਿਤ ਤੌਰ 'ਤੇ ਦਾਜ-ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਅਤੇ 7 ਲੱਖ ਰੁਪਏ ਦੀ ਮੰਗ ਕਰਨ ਦੇ ਆਰੋਪ ਹੇਠ ਭਾਰਤੀ ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਜੱਸਲ (ਪਤੀ) ਅਤੇ ਰੇਸ਼ਮ ਕੌਰ (ਸੱਸ) ਵਾਸੀਆਨ ਐਮਾਂ ਜੱਟਾਂ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
Publish Date: Tue, 16 Jun 2026 12:02 PM (IST)
Updated Date: Tue, 16 Jun 2026 12:04 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇੱਕ ਸਕੂਲ ਅਧਿਆਪਕਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਕਥਿਤ ਤੌਰ 'ਤੇ ਦਾਜ-ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਅਤੇ 7 ਲੱਖ ਰੁਪਏ ਦੀ ਮੰਗ ਕਰਨ ਦੇ ਆਰੋਪ ਹੇਠ ਭਾਰਤੀ ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਜੱਸਲ (ਪਤੀ) ਅਤੇ ਰੇਸ਼ਮ ਕੌਰ (ਸੱਸ) ਵਾਸੀਆਨ ਐਮਾਂ ਜੱਟਾਂ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਚਰਿੱਤਰ 'ਤੇ ਸ਼ੱਕ ਅਤੇ ਘਰੇਲੂ ਕਲੇਸ਼
ਪੁਲਿਸ ਮੁਤਾਬਕ, ਰਜਨੀ ਦਾ ਵਿਆਹ ਗੁਰਪ੍ਰੀਤ ਜੱਸਲ ਨਾਲ ਫਰਵਰੀ 2020 ਵਿੱਚ ਹੋਇਆ ਸੀ ਅਤੇ ਉਹ ਇੱਕ ਨਿਜੀ ਸਕੂਲ ਵਿੱਚ ਬਤੌਰ ਅਧਿਆਪਕਾ ਨੌਕਰੀ ਕਰਦੀ ਹੈ। ਉਨ੍ਹਾਂ ਦੇ ਦੋ ਬੱਚੇ (ਇੱਕ 5 ਸਾਲ ਦੀ ਲੜਕੀ ਸਮਾਇਰਾ ਅਤੇ ਢਾਈ ਸਾਲ ਦਾ ਲੜਕਾ ਯੁਵਰਾਜ) ਹਨ। ਰਜਨੀ ਨੇ ਆਰੋਪ ਲਗਾਇਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਉਸ ਦੇ ਚਾਲ-ਚਲਣ 'ਤੇ ਸ਼ੱਕ ਕਰਨ ਲੱਗ ਪਿਆ ਅਤੇ ਹਰ ਗੱਲ 'ਤੇ ਲੜਾਈ-ਝਗੜਾ ਤੇ ਕੁੱਟਮਾਰ ਕਰਦਾ ਸੀ। ਇਸ ਸਬੰਧੀ ਪਹਿਲਾਂ ਵੀ ਕਈ ਵਾਰ ਪੰਚਾਇਤੀ ਤੌਰ 'ਤੇ ਸਮਝੌਤੇ ਹੋਏ ਸਨ, ਪਰ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਪੀੜਤਾ ਮੁਤਾਬਕ ਜਦੋਂ ਵੀ ਪਤੀ ਕੁੱਟਮਾਰ ਕਰਦਾ, ਤਾਂ ਉਸ ਦੀ ਸੱਸ ਰੇਸ਼ਮ ਕੌਰ ਵੀ ਕਥਿਤ ਤੌਰ 'ਤੇ ਪਤੀ ਦਾ ਸਾਥ ਦਿੰਦੀ ਅਤੇ ਗਾਲੀ-ਗਲੋਚ ਕਰਦੀ ਸੀ।
ਬਾਹਰ ਜਾਣ ਲਈ ਮੰਗੇ 7 ਲੱਖ ਰੁਪਏ
ਪੁਲਿਸ ਮੁਤਾਬਕ, ਬੀਤੀ 13 ਦੀ ਸ਼ਾਮ ਨੂੰ ਉਸ ਦੇ ਪਤੀ ਗੁਰਪ੍ਰੀਤ ਜੱਸਲ ਅਤੇ ਸੱਸ ਰੇਸ਼ਮ ਕੌਰ ਨੇ ਉਸ ਨੂੰ ਕਥਿਤ ਤੌਰ 'ਤੇ ਪੇਕੇ ਘਰੋਂ 7 ਲੱਖ ਰੁਪਏ ਲਿਆਉਣ ਲਈ ਕਿਹਾ, ਕਿਉਂਕਿ ਗੁਰਪ੍ਰੀਤ ਜੱਸਲ ਨੇ ਵਿਦੇਸ਼ ਜਾਣਾ ਸੀ। ਜਦੋਂ ਰਜਨੀ ਨੇ ਇਹ ਕਹਿ ਕੇ ਪੈਸੇ ਲਿਆਉਣ ਤੋਂ ਮਨ੍ਹਾ ਕਰ ਦਿੱਤਾ ਕਿ ਉਸ ਦਾ ਭਰਾ ਨਵਾਂ ਮਕਾਨ ਬਣਾ ਰਿਹਾ ਹੈ ਅਤੇ ਉਹ ਇਸ ਸਮੇਂ ਪੈਸੇ ਨਹੀਂ ਦੇ ਸਕਦੇ, ਤਾਂ ਮਾਮਲਾ ਹੋਰ ਵਿਗੜ ਗਿਆ।
ਕੁੱਟਮਾਰ ਦੀ ਘਟਨਾ
ਦੋਸ਼ ਹੈ ਕਿ ਰਜਨੀ ਦੇ ਮਨ੍ਹਾ ਕਰਨ 'ਤੇ ਉਸ ਦੀ ਸੱਸ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਬਾਹਾਂ ਤੋਂ ਫੜ ਲਿਆ। ਇਸ ਤੋਂ ਬਾਅਦ ਉਸ ਦੇ ਪਤੀ ਅਤੇ ਸੱਸ ਨੇ ਰਲ ਕੇ ਉਸ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ।
ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।