ਐੱਸਐੱਚਓ ਦੀ ਜਾਂਚ ਐੱਨਆਈਏ ਤੋਂ ਕਰਵਾਈ ਜਾਵੇ : ਗਿਲਜੀਆਂ ਐਫਬੀਆਈ ਵਲੋਂ ਚਾਰਜਸ਼ੀਟ ਐਸਐਚੳ ਦੀ ਜਾਂਚ ਐਨਆਈਏ ਵਲੋਂ ਕਰਵਾਈ ਜਾਵੇ " ਗਿਲਜੀਆਂ "
Publish Date: Thu, 09 Jul 2026 06:45 PM (IST)
Updated Date: Thu, 09 Jul 2026 06:48 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਅਮਰੀਕਾ ਦੇ ਫੈੱਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿਚ ਚੱਲ ਰਹੇ ਆਪ੍ਰੇਸ਼ਨ ਹਾਰਡਬਾਲ ਅਧੀਨ ਐੱਫਬੀਆਈ ਵੱਲੋਂ ਚਾਰਜਸ਼ੀਟ ਥਾਣਾ ਟਾਂਡਾ ਦੇ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਦੀ ਜਾਂਚ ਐੱਨਆਈਏ ਕੋਲੋਂ ਕਰਵਾਈ ਜਾਵੇ ਤਾਂ ਜੋ ਉਕਤ ਅਫਸਰ ਵੱਲੋਂ ਨਸ਼ਾ ਤਸਕਰਾਂ ਨਾਲ ਕੀਤੀਆਂ ਮਿਲੀਭੁਗਤਾਂ ਬਾਰੇ ਹੋਰ ਖੁਲਾਸੇ ਵੀ ਸਾਹਮਣੇ ਆਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਆਪਣੇ ਟਾਂਡਾ ਦਫ਼ਤਰ ਵਿਖੇ ਕੀਤੀ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦਲਜੀਤ ਸਿੰਘ ਸੇਠੀ ਵੀ ਹਾਜ਼ਰ ਸਨ। ਗਿਲਜੀਆਂ ਨੇ ਕਿਹਾ ਕਿ ਜੇਕਰ ਪੁਲਿਸ ਫੋਰਸ ਦੇ ਕਿਸੇ ਅਧਿਕਾਰੀ ਜੋ ਕਿ ਗੈਂਗਸਟਰਾਂ ਤੇ ਕਾਰਵਾਈ ਕਰਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਹਨ, ਦਾ ਨਾਮ ਅਜਿਹੇ ਮਾਮਲੇ ਵਿਚ ਆਉਂਦਾ ਹੈ ਤਾਂ ਇਕ ਨਿਰਪੱਖ ਤੇ ਉੱਚ ਪੱਧਰੀ ਜਾਂਚ ਜ਼ਰੂਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਕ ਲੰਬੀ ਜਾਂਚ ਤੋਂ ਬਾਅਦ, ਐੱਫਬੀਆਈ ਨੇ ਐੱਸਐੱਚਓ ਨਾਗਰਾ ਵਿਰੁੱਧ ਲਗਭਗ 4 ਲੱਖ ਅਮਰੀਕੀ ਡਾਲਰ ਦੀ ਕਥਿਤ ਜਬਰੀ ਵਸੂਲੀ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਪੁਲਿਸ ਸਟੇਸ਼ਨ ਇੰਚਾਰਜ ਆਪਣੇ-ਆਪ ਇੰਨੀ ਵੱਡੀ ਰਕਮ ਨਹੀਂ ਬਣਾ ਸਕਦਾ ਸੀ। ਇਸ ਪੂਰੇ ਮਾਮਲੇ ਵਿਚ ਕੋਈ ਰਾਜਨੀਤਿਕ ਸਰਪ੍ਰਸਤੀ ਜਾਂ ਉੱਚ ਅਧਿਕਾਰੀ ਸ਼ਾਮਲ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬਿਆਸ ਦਰਿਆ ਵਿਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਤੇ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਵਿਅਕਤੀਆਂ ਦੀ ਡੂੰਘਾਈ ਨਾਲ ਜਾਂਚ ਦੀ ਵੀ ਮੰਗ ਕੀਤੀ। ਸਾਬਕਾ ਮੰਤਰੀ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਤੇ ਬਲਾਕ ਕਮੇਟੀ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਗੈਂਗਸਟਰਾਂ ਵੱਲੋਂ ਕਥਿਤ ਧਮਕੀਆਂ ਦੇਣ ਦੀਆਂ ਸ਼ਿਕਾਇਤਾਂ ਪੁਲਿਸ ਕੋਲ ਦਰਜ ਕਰਵਾਈਆਂ ਗਈਆਂ ਸਨ ਪਰ ਉਨ੍ਹਾਂ ਨੂੰ ਵੀ ਅੱਖੋਂ-ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਟਾਂਡਾ ਖੇਤਰ ਵਿਚ ਪੁਲਿਸ, ਸਿਆਸਤਦਾਨਾਂ, ਮਾਫੀਆ ਤੇ ਗੈਂਗਸਟਰਾਂ ਦਾ ਗੱਠਜੋੜ ਕੰਮ ਕਰ ਰਿਹਾ ਹੈ। ਗਿਲਜੀਆਂ ਨੇ ਦੁਹਰਾਇਆ ਕਿ ਪੂਰੇ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਸਿਰਫ਼ ਐੱਨਆਈਏ ਵਰਗੀ ਕੇਂਦਰੀ ਏਜੰਸੀ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ, ਦਵਿੰਦਰ ਸਿੰਘ ਬੁੱਢੀ ਪਿੰਡ, ਬਾਬੂ ਰੂਪ ਲਾਲ ਅਤੇ ਗੁਰਸੇਵਕ ਮਾਰਸ਼ਲ ਸਮੇਤ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।