ਬੀਐੱਲਓ ਡਿਊਟੀ ਵਾਲੇ ਅਧਿਆਪਕਾਂ ਦੇ ਤਬਾਦਲਿਆਂ 'ਤੇ ਰੋਕ ਲਾਉਣਾ ਤਾਨਾਸ਼ਾਹੀ
ਬੀਐਲਓ ਡਿਊਟੀ ਵਾਲੇ ਅਧਿਆਪਕਾਂ ਦੇ ਤਬਾਦਲਿਆਂ 'ਤੇ ਰੋਕ ਲਗਾਉਣਾ ਸਰਕਾਰ ਤੇ ਚੋਣ ਕਮਿਸ਼ਨ ਦੀ ਤਾਨਾਸ਼ਾਹੀ: ਜੀ.ਟੀ.ਯੂ. ਪੰਜਾਬ
Publish Date: Thu, 18 Jun 2026 08:16 PM (IST)
Updated Date: Fri, 19 Jun 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਾਰੀ ਨਵੇਂ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਲੰਘੀ 16 ਜੂਨ ਨੂੰ ਜਾਰੀ ਪੱਤਰ ਅਨੁਸਾਰ ਐੱਸਆਈਆਰ-2026 ਦੌਰਾਨ ਨਿਯੁਕਤ ਬੀਐਲਓ ਅਤੇ ਸੁਪਰਵਾਈਜ਼ਰਾਂ ਦੇ ਤਬਾਦਲਿਆਂ ਤੇ 1 ਅਕਤੂਬਰ 2026 ਤੱਕ ਰੋਕ ਲਾਉਣਾ ਸਰਕਾਰ ਅਤੇ ਚੋਣ ਕਮਿਸ਼ਨ ਦੀ ਤਾਨਾਸ਼ਾਹੀ ਦਾ ਸਬੂਤ ਹੈ। ਨੀਅਨ ਆਗੂਆਂ ਨੇ ਆਖਿਆ ਕਿ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਬੈਠੇ ਅਧਿਆਪਕ ਬਦਲੀਆਂ ਦਾ ਇੰਤਜ਼ਾਰ ਕਰ ਰਹੇ ਸਨ। ਇੱਕ ਪਾਸੇ ਤਾਂ ਚੋਣ ਕਮਿਸ਼ਨ ਅਧਿਆਪਕਾਂ ਤੋਂ ਚੋਣਾਂ ਦਾ ਕੰਮ ਲੈ ਰਿਹਾ ਹੈ, ਪਰ ਦੂਜੇ ਪਾਸੇ ਇਸ ਦੇ ਇਵਜ ਵਿੱਚ ਉਨ੍ਹਾਂ ਦੇ ਤਬਾਦਲਿਆਂ ਤੇ ਰੋਕ ਲਗਾ ਕੇ ਸਜ਼ਾ ਦਿੱਤੀ ਜਾ ਰਹੀ ਹੈ। ਜੀ.ਟੀ.ਯੂ. ਨੇ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਤੈਅ ਸਮੇਂ ਤੇ ਹੀ ਕੀਤੀਆਂ ਜਾਣ। ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀ ਤਬਾਦਲਾ ਪ੍ਰਕਿਰਿਆ ਪਹਿਲਾਂ ਹੀ ਵੱਖ-ਵੱਖ ਤਕਨੀਕੀ ਖਾਮੀਆਂ, ਸਟੇਅ ਸਬੰਧੀ ਮਾਮਲਿਆਂ, ਗਲਤ ਡਾਟਾ ਅਪਲੋਡ ਹੋਣ ਅਤੇ ਪੋਰਟਲ ਦੀਆਂ ਸਮੱਸਿਆਵਾਂ ਕਾਰਨ ਵਿਵਾਦਾਂ ਵਿੱਚ ਹੈ। ਅਜਿਹੇ ਵਿੱਚ ਚੋਣ ਕਮਿਸ਼ਨ ਦੇ ਇਸ ਨਵੇਂ ਹੁਕਮ ਨੇ ਹੋਰ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਪੱਤਰ ਮੁਤਾਬਕ 8 ਜੂਨ 2026 ਤੱਕ ਨਿਯੁਕਤ ਬੀਐਲਓਜ਼ ਦੀ ਸੂਚੀ ਕਮਿਸ਼ਨ ਨੂੰ ਭੇਜੀ ਜਾ ਚੁੱਕੀ ਹੈ ਅਤੇ ਉਨ੍ਹਾਂ ਦੇ ਨਾਮ ਗਿਣਤੀ ਪ੍ਰੋਫਾਰਮਿਆਂ ਤੇ ਛਪ ਚੁੱਕੇ ਹਨ, ਜਿਸ ਕਾਰਨ ਕਮਿਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਤਬਾਦਲਾ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਅੰਤਿਮ ਸੂਚੀ ਤੋਂ ਬਾਅਦ ਹੋਏ ਤਬਾਦਲਿਆਂ ਨੂੰ ਤੁਰੰਤ ਰੱਦ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਯੂਨੀਅਨ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਤੁਰੰਤ ਇਸ ਸਬੰਧੀ ਨੀਤੀ ਸਪੱਸ਼ਟ ਕਰੇ। ਜੇਕਰ ਅਜਿਹੀ ਕੋਈ ਰੋਕ ਲਗਾਉਣੀ ਸੀ, ਤਾਂ ਇਹ ਜਾਣਕਾਰੀ ਪਹਿਲਾਂ ਜਨਤਕ ਕੀਤੀ ਜਾਣੀ ਚਾਹੀਦੀ ਸੀ ਤਾਂ ਜੋ ਅਧਿਆਪਕ ਮਾਨਸਿਕ ਤਣਾਅ ਤੋਂ ਬਚ ਸਕਦੇ। ਜੀਟੀਯੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਬਾਦਲਾ ਪ੍ਰਕਿਰਿਆ ਦੀਆਂ ਸਾਰੀਆਂ ਤਕਨੀਕੀ ਸਮੱਸਿਆਵਾਂ ਦਾ ਜਲਦ ਹੱਲ ਕਰਕੇ ਪਾਰਦਰਸ਼ੀ ਅਤੇ ਇਕਸਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਇਸ ਮੌਕੇ ਸੰਜੀਵ ਧੂਤ, ਰਜਤ ਮਹਾਜਨ, ਅਮਰ ਸਿੰਘ, ਵਿਕਾਸ ਸ਼ਰਮਾ, ਸੁਨੀਲ ਸ਼ਰਮਾ, ਵਰਿੰਦਰ ਵਿੱਕੀ, ਨਰਿੰਦਰ ਅਜਨੋਹਾ, ਪ੍ਰਿੰਸ ਪਲਿਆਲ ਗੜ੍ਹਦੀਵਾਲ, ਪਰਮਜੀਤ ਕਾਤਿਬ, ਜਸਵਿੰਦਰ ਬੁੱਲ੍ਹੋਵਾਲ, ਸਚਿਨ ਕੁਮਾਰ, ਮਨਜੀਤ ਸਿੰਘ, ਜਸਵੰਤ ਸਿੰਘ, ਪਰਸ ਰਾਮ, ਬਲਵਿੰਦਰ ਟਾਕ, ਸਤੀਸ਼ ਕੁਮਾਰ, ਰਾਜ ਕੁਮਾਰ, ਨਰਿੰਦਰ ਮੰਗਲ, ਰਾਜੇਸ਼ ਅਰੋੜਾ, ਜਸਵੀਰ ਬੋਦਲ, ਉਮੇਸ਼ ਕੁਮਾਰ, ਅਮਰਜੀਤ ਸਿੰਘ, ਪਵਨ ਕੁਮਾਰ, ਸ਼ਾਮ ਸੁੰਦਰ, ਅਸ਼ਵਨੀ ਰਾਣਾ, ਸਰਬਜੀਤ ਸਿੰਘ, ਨਰੇਸ਼ ਮਿੱਡਾ, ਅਤੇ ਦਵਿੰਦਰ ਮੂਣਕ ਸਮੇਤ ਕਈ ਆਗੂ ਹਾਜ਼ਰ ਸਨ।