ਸ਼ਿਵ ਭਗਤਾਂ ਦੀ ਆਸਥਾ ’ਚ ਰੁਕਾਵਟ ਬਣੇ ਨਾਜਾਇਜ਼ ਕਬਜ਼ੇ
ਸ਼ਿਵ ਭਗਤਾਂ ਦੀ ਆਸਥਾ 'ਚ ਰੁਕਾਵਟ ਬਣੇ ਨਜਾਇਜ਼ ਕਬਜ਼ੇ
Publish Date: Thu, 18 Jun 2026 07:55 PM (IST)
Updated Date: Fri, 19 Jun 2026 04:12 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਦੇ ਮੰਦਰ ਮਹੇਸ਼ਿਆਣਾ ਨੂੰ ਸ਼ਹਿਰ ਵੱਲੋਂ ਜਾਂਦੀ ਸੜਕ ਦੇ ਉੱਤੇ ਹੋਏ ਨਜਾਇਜ਼ ਕਬਜ਼ੇ ਸ਼ਿਵ ਭਗਤਾਂ ਦੀ ਆਸਥਾ ਵਿੱਚ ਰੁਕਾਵਟ ਬਣੇ ਹੋਏ ਹਨ। ਦੱਸਣਯੋਗ ਹੈ ਕਿ ਇਸ ਅਸਥਾਨ ਦੀ ਮਹਾਨਤਾ ਕਾਰਨ ਰੋਜ਼ਾਨਾ ਸੈਂਕੜੇ ਅਤੇ ਸ਼ਿਵਰਾਤਰੀ ਅਤੇ ਸਾਵਣ ਦੇ ਮਹੀਨੇ ਲੱਖਾਂ, ਹਜ਼ਾਰਾਂ ਸ਼ਿਵ ਭਗਤ ਇਸ ਰਸਤੇ ਤੋਂ ਹੁੰਦੇ ਹੋਏ ਇਸ ਮਹਾਨ ਅਸਥਾਨ ਉੱਤੇ ਨਤਮਸਤਕ ਹੋਣ ਲਈ ਆਉਂਦੇ ਹਨ। ਸ਼ਿਵਰਾਤਰੀ ਦੇ ਮੌਕੇ ਨਾ ਕੇਵਲ ਸਥਾਨਕ ਸਗੋਂ ਪੂਰੇ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇਸ ਅਸਥਾਨ ’ਤੇ ਪਹੁੰਚ ਕੇ ਪੂਰੀਆਂ ਹੋਈਆਂ ਮਨੋਕਾਮਨਾਵਾਂ ਲਈ ਸ਼ੁਕਰਾਨਾ ਕਰਨ ਆਉਂਦੇ ਹਨ। ਇਸ ਅਸਥਾਨ ਦੀ ਮਹਾਨਤਾ ਅਤੇ ਸੁੰਦਰਤਾ ਨੂੰ ਇਸ ਦੇ ਰਾਹ ਵਿੱਚ ਪਿਆ ਕਬਾੜ ਗ੍ਰਹਿਣ ਦੀ ਤਰ੍ਹਾਂ ਹੈ ਜੋ ਕਿ ਸ਼ਰਧਾਲੂਆਂ ਦੇ ਆਉਣ ਜਾਣ ਵਿੱਚ ਰੁਕਾਵਟ ਖੜੀ ਕਰਦਾ ਹੈ ਕਿਉਂਕਿ ਜਦ ਲੋਕ ਇਸ ਰਸਤੇ ਤੋਂ ਲੰਘਦੇ ਹਨ ਤਾਂ ਰਾਹ ਵਿੱਚ ਕੋਈ ਨਾ ਕੋਈ ਗੱਡੀ ਖੜੀ ਹੁੰਦੀ ਹੈ ਅਤੇ ਕਬਾੜ ਸੜਕ ਉੱਤੇ ਖਿਲਰਿਆ ਪਿਆ ਹੁੰਦਾ ਹੈ। ਬਾਕਸ ਸ਼ਹਿਰ ਵਾਸੀ ਇਸੇ ਰਸਤੇ ਤੋਂ ਜਾਂਦੇ ਹਨ ਸ਼ਮਸ਼ਾਨਘਾਟ ਜਿੱਥੇ ਇਸ ਰਸਤੇ ਵਿੱਚ ਪਿਆ ਕਬਾੜ ਮੰਦਰ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਰੁਕਾਵਟ ਬਣਿਆ ਹੋਇਆ ਹੈ ਉੱਥੇ ਹੀ ਮ੍ਰਿਤਕ ਵਿਅਕਤੀ ਦਾ ਸਸਕਾਰ ਕਰਨ ਲਈ ਵੀ ਸ਼ਹਿਰ ਵਾਸੀ ਇਸ ਰਸਤੇ ਤੋਂ ਹੀ ਗੁਜ਼ਰਦੇ ਹਨ। ਉਨਾਂ ਲਈ ਵੀ ਇਸ ਰਸਤੇ ਤੋਂ ਲੰਘਣਾ ਵੱਡੀ ਮੁਸੀਬਤ ਹੈ ਕਿਉਂਕਿ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਸਾਰਾ ਸਮਾਨ ਸੜਕ ਤੇ ਹੀ ਰੱਖਦੇ ਹਨ। ਕਈ ਵਾਰ ਤਾਂ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਮ੍ਰਿਤਕ ਦੇਹ ਵਾਲੀ ਗੱਡੀ ਆ ਰਹੀ ਹੁੰਦੀ ਹੈ ਅਤੇ ਰਸਤੇ ਵਿੱਚ ਕਬਾੜ ਦੀ ਗੱਡੀ ਖੜੀ ਹੁੰਦੀ ਹੈ ਜੋ ਕਿ ਭਾਰੀ ਪਰੇਸ਼ਾਨੀ ਦਾ ਸਬੱਬ ਬਣਦੀ ਹੈ। ਬਾਕਸ-- ਨਾਜਾਇਜ਼ ਕਬਜ਼ੇ ਛੁਡਾਏ ਜਾਣ ਸਥਾਨਕ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮੰਦਰ ਅਤੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਤੇ ਹੋਇਆ ਨਜਾਇਜ਼ ਕਬਜ਼ਾ ਛੁਡਵਾਇਆ ਜਾਵੇ ਤਾਂ ਜੋ ਆਉਣ ਜਾਣ ਵਿੱਚ ਆਸਾਨੀ ਹੋ ਸਕੇ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਗਏ ਹਨ ਜਿਸ ਕਾਰਨ ਆਉਣ ਜਾਣ ਵਿੱਚ ਵੱਡੀ ਪਰੇਸ਼ਾਨੀ ਹੋ ਰਹੀ ਹੈ।